For the best experience, open
https://m.punjabitribuneonline.com
on your mobile browser.
Advertisement

ਮਘਦੀ ਲਾਟ: ਮਹਿਲ ਕਲਾਂ ਦਾ ਲੋਕ ਘੋਲ

10:37 AM Aug 19, 2023 IST
ਮਘਦੀ ਲਾਟ  ਮਹਿਲ ਕਲਾਂ ਦਾ ਲੋਕ ਘੋਲ
Advertisement

ਨਰਾਇਣ ਦੱਤ

ਲੋਕ ਇਤਿਹਾਸ ਦੇ ਪੰਨਿਆਂ ’ਤੇ ਕੁਝ ਵਿਲੱਖਣ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਜਿਹੜੀਆਂ ਚਿਰ-ਸਦੀਵੀ ਬਣ ਜਾਂਦੀਆਂ ਹਨ। ਉਨ੍ਹਾਂ ਪਿੱਛੇ ਕੰਮ ਕਰਦੇ ਵਿਗਿਆਨ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਮਹਿਲ ਕਲਾਂ ਲੋਕ ਘੋਲ ਦੀ ਗੱਲ ਕਰਨੀ ਹੋਵੇ ਤਾਂ 26 ਸਾਲ ਤੋਂ ਇਹ ਲੋਕ ਘੋਲ ਵੱਖ ਵੱਖ ਸ਼ਕਲਾਂ ਵਿਚੋਂ ਗੁਜ਼ਰਦਾ ਚੁਣੌਤੀਆਂ ਸੰਗ ਭਿੜਦਾ, ਅੱਗੇ ਵਧਦਾ, ਜਿੱਤਾਂ ਹਾਸਲ ਕਰਨ ਦੀ ਮਿਸਾਲ ਹੈ। ਇਹ ਘੋਲ ਹੋਰ ਲੋਕ ਸੰਘਰਸ਼ਾਂ ਦਾ ਪ੍ਰੇਰਨਾ ਸ੍ਰੋਤ ਬਣਿਆ ਹੋਇਆ ਹੈ। ਜਦੋਂ ਕਿਰਨਜੀਤ ਵਾਲੀ ਘਟਨਾ ਵਾਪਰੀ ਜਾਂ ਜਦੋਂ ਐਕਸ਼ਨ ਕਮੇਟੀ ਮਹਿਲ ਕਲਾਂ ਹੋਂਦ ਵਿਚ ਆਈ, ਉਸ ਸਮੇਂ ਪੂਰਾ ਭਵਿੱਖ-ਨਕਸ਼ਾ ਕਿਆਸਿਆ ਨਹੀਂ ਜਾ ਸਕਦਾ ਸੀ। ਅਜਿਹਾ ਕਿਸੇ ਘੋਲ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਜਾਂ ਆਗੂ ਟੀਮ ਦੇ ਇੱਕ ਹਿੱਸੇ ਦੇ ਅਜਿਹੇ ਵਾਪਰਦੇ ਵਰਤਾਰਿਆਂ ਨੂੰ ਸਮਝਣ ਦੀ ਵਿਗਿਆਨਕ ਸਮਝ ਉੱਪਰ ਨਿਰਭਰ ਕਰਦਾ ਹੈ। ਆਮ ਰੂਪ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਮੌਕੇ ਅਗਵਾਈ ਦੇਣ ਵਾਲੇ ਆਗੂ ਵਰਤਾਰਿਆਂ ਦੀ ਤਹਿ ਤੱਕ ਜਾ ਕੇ ਇਸ ਨੂੰ ਘੋਖਣ, ਦੁਸ਼ਮਣ ਦਾ ਜਮਾਤੀ ਪਿਛੋਕੜ ਅਤੇ ਲੋਕਾਂ ਦੇ ਸੰਘਰਸ਼ਮਈ ਵਿਰਸੇ ਦਾ ਡੂੰਘਾਈ ਨਾਲ ਪੜਤਾਲ ਕਰਨ ਤੋਂ ਅਚੇਤ ਜਾਂ ਸੁਚੇਤ ਰੂਪ ਵਿਚ ਖੁੰਝ ਜਾਂਦੇ ਹਨ। ਇਸੇ ਕਰ ਕੇ ਜਦ ਵੀ ਸਮਾਜਿਕ ਜਬਰ ਖਾਸਕਰ ਔਰਤਾਂ ਖਿਲਾਫ ਜਦ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਲੋਕ ਵਕਤੀ ਤੌਰ ’ਤੇ ਇਕੱਠੇ ਹੋ ਕੇ ਉਸ ਘਟਨਾ ਦਾ ਵਿਰੋਧ ਕਰਦੇ ਹਨ, ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਜ਼ਾ ਦਿਵਾਉਣ ਤੋਂ ਬਾਅਦ ਮਸਲਾ ਆਇਆ-ਗਿਆ ਹੋ ਜਾਂਦਾ ਹੈ। ਇਹ ਵਕਤੀ ਪ੍ਰਾਪਤੀ ਜ਼ਰੂਰ ਹੁੰਦੀ ਹੈ ਪਰ ਭਵਿੱਖ ਵਿਚ ਵਾਪਰਨ ਵਾਲੇ ਅਜਿਹੇ ਵਰਤਾਰਿਆਂ ਲਈ ਰੋਕ ਨਹੀਂ ਬਣਦੀ।
ਬਹੁਤ ਸਾਰੀਆਂ ਘਟਨਾਵਾਂ ਵਿਚੋਂ ਇੱਕ ਘਟਨਾ ਦਿੱਲੀ ਦਾਮਿਨੀ ਕਾਂਡ ਵਾਲੀ ਨੋਟ ਕਰਨ ਯੋਗ ਹੈ ਜਿਸ ਖਿਲ਼ਾਫ ਬਹੁਤ ਵੱਡਾ ਉਭਾਰ ਉੱਠਿਆ। ਲੋਕਾਂ ਦਾ ਹਜੂਮ ਦਿੱਲੀ ਦੇ ਰਾਇਸੀਨਾ ਹਿੱਲਜ਼ ਤੱਕ ਵੀ ਪਹੁੰਚ ਗਿਆ। ਘਟਨਾ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਵਾਪਰਨ ਕਰ ਕੇ ਕੌਮਾਂਤਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ। ਮੀਡੀਆ ਵਿਚ ਇਸ ਵਹਿਸ਼ੀ ਕਾਰਨਾਮੇ ਦੇ ਨਾਲ ਨਾਲ ਔਰਤਾਂ ਖਿਲਾਫ ਹੁੰਦੀਆਂ ਵਹਿਸ਼ੀ ਜ਼ਾਲਮਾਨਾ ਘਟਨਾਵਾਂ ਦੀ ਖੂਬ ਚਰਚਾ ਹੋਈ। ਵਰਮਾ ਕਮਿਸ਼ਨ ਬਣਿਆ, ਜਬਰ ਜਨਾਹ ਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਬਹੁਤ ਸਾਰੀਆਂ ਸਿਫਾਰਸ਼ਾਂ ਕੀਤੀਆਂ ਗਈਆਂ। ਫਿਰ ਵੀ ਇਹ ਘੋਲ ਔਰਤਾਂ ਉੱਤੇ ਹੁੰਦੇ ਜਬਰ ਦੇ ਅਸਲ ਕਾਰਨਾਂ ਨੂੰ ਸੰਬੋਧਿਤ ਨਹੀਂ ਹੋ ਸਕਿਆ। 1997 ਵਿਚ ਕਿਰਨਜੀਤ ਕੇਸ ਸਮੇਂ ਇਸ ਘੋਲ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਕੋਲ ਅਜਿਹੀ ਵਿਗਿਆਨਕ ਸੋਝੀ ਮੌਜੂਦ ਸੀ ਕਿ ਔਰਤਾਂ ਖਿਲਾਫ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਹਿਜ ਵਰਤਾਰਾ ਨਾ ਹੋ ਕੇ ਇਹ ਇਸ ਜਾਬਰ ਢਾਂਚੇ ਦੀ ਪੈਦਾਵਾਰ ਹੈ ਜਿਸ ਕਰ ਕੇ ਇਸ ਲੋਕ ਘੋਲ ਨੂੰ ਸ਼ੁਰੂ ਤੋਂ ਹੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਨਾਲ ਨਾਲ ਵਿਰੋਧਤਾਈਆਂ ਨੂੰ ਸਮਝਦਿਆਂ ਗੁੰਡਾ-ਪੁਲੀਸ-ਸਿਆਸੀ ਗੱਠਜੋੜ ਖਿਲਾਫ ਸੇਧਤ ਕੀਤਾ ਗਿਆ; ਇਹ ਜਾਣਦਿਆਂ ਹੋਇਆਂ ਕਿ ਵੱਖ ਵੱਖ ਵਿਚਾਰਾਂ ਦੀ ਉੱਸਰੀ ਸਾਂਝ ਨੂੰ ਘੋਲ ਨੂੰ ਵਿਸ਼ਾਲ ਬਣਾਉਣ ਦੇ ਨੁਕਤਾ-ਏ-ਨਜ਼ਰ ਪੱਖੋਂ ਬਰਕਰਾਰ ਵੀ ਰੱਖਣਾ ਹੈ ਅਤੇ ਘੋਲ ਨੂੰ ਸਹੀ ਨਿਸ਼ਾਨੇ ਵੱਲ ਸੇਧਤ ਕਰਦਿਆਂ ਅੱਗੇ ਵੀ ਵਧਾਉਣਾ ਹੈ। ਵੱਡੇ ਨਿਸ਼ਾਨੇ ਦੀ ਪ੍ਰਾਪਤੀ ਲਈ ਲੜੇ ਜਾਂਦੇ ਸਾਂਝੇ ਘੋਲਾਂ ਵਿਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸੁਭਾਵਿਕ ਹੈ।
ਮਹਿਲ ਕਲਾਂ ਲੋਕ ਘੋਲ ਦੇ ਆਗੂਆਂ ਖਿਲ਼ਾਫ ਝੂਠਾ ਪਰਚਾ ਦਰਜ ਹੋਣ ਤੋਂ ਲੈ ਕੇ ਮਹਿਲ ਕਲਾਂ ਲੋਕ ਘੋਲ ਦੇ ਇੱਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਤੱਕ ਦੇ ਅਮਲ ਅੰਦਰ ਅਨੇਕਾਂ ਉਮਰ ਕੈਦ ਵਰਗੀਆਂ ਸਜ਼ਾਵਾਂ ਤੱਕ ਦੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਜਬਰ ਅਤੇ ਟਾਕਰੇ ਦੀ ਦਰੁਸਤ ਬੁਨਿਆਦ ਰਾਹੀਂ ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਰਦਿਆਂ ਇਸ ਲੋਕ ਘੋਲ ਨੇ ਨਵੇਂ ਇਤਿਹਾਸਕ ਕੀਰਤੀਮਾਨ ਸਥਾਪਿਤ ਕੀਤੇ। ਇਹ ਲੋਕ ਘੋਲ ਪੰਜਾਬ ਸਮੇਤ ਮੁਲਕ ਅੰਦਰ ਜਬਰ ਖਾਸਕਰ ਔਰਤਾਂ ਖਿਲਾਫ ਜ਼ੁਲਮਾਂ ਖਿਲਾਫ ਜੂਝਣ ਲਈ ਪ੍ਰੇਰਨਾ ਸ੍ਰੋਤ ਬਣਿਆ। ਇਤਿਹਾਸਕ ਕਿਸਾਨ ਅੰਦੋਲਨ ਅਤੇ ਮੌਜੂਦਾ ਦੌਰ ਵਿਚ ਪਹਿਲਵਾਨ ਖਿਡਾਰੀਆਂ ਦੇ ਸਰੀਰਕ ਸ਼ੋਸ਼ਣ ਦੇ ਜਿ਼ੰਮੇਵਾਰ ਕੁਸ਼ਤੀ ਫੈਡਰੇਸ਼ਨ ਦੇ ਰਹਿ ਚੁੱਕੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸਰਨ ਸਿੰਘ ਖਿਲ਼ਾਫ ਚੱਲੇ ਸੰਘਰਸ਼ ਵਿਚ 26 ਸਾਲ ਤੋਂ ਸਾਂਝੇ ਲੋਕ ਘੋਲਾਂ ਦੀ ਵਿਰਾਸਤ ਨੂੰ ਪ੍ਰਣਾਏ ਇਸ ਵਿਚਾਰ ਨੇ ਕਿਸੇ ਨਾ ਕਿਸੇ ਰੂਪ ਵਿਚ ਸੁਚੇਤ ਆਗੂ ਭੂਮਿਕਾ ਨਿਭਾਈ ਹੈ।
ਜਬਰ ਅਤੇ ਟਾਕਰੇ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਆਦਿ ਭਾਈਚਾਰੇ ਤੋਂ ਬਾਅਦ ਗੁਲਾਮਦਾਰੀ ਯੁੱਗ ਤੋਂ ਲੈ ਕੇ ਮੌਜੂਦਾ ਸਾਮਰਾਜੀ ਸਰਮਾਏਦਾਰੀ ਪ੍ਰਬੰਧ ਤੱਕ ਲੁੱਟ, ਜਬਰ ਅਤੇ ਦਾਬੇ ਦਾ ਸਬੰਧ ਬਰਕਰਾਰ ਰਹਿ ਰਿਹਾ ਹੈ। ਭਾਰਤ ਅੰਦਰ ਜਯੋਤਬਿਾ ਫੂਲੇ, ਫਾਤਿਮਾ ਸ਼ੇਖ ਜਿਹੀਆਂ ਔਰਤਾਂ ਨੇ ਨਾਰੀ ਜਗਤ ਨੂੰ ਪੜ੍ਹਨ, ਲਿਖਣ, ਹੱਕਾਂ ਲਈ ਸੰਘਰਸ਼ ਕਰਨ ਦੀ ਜਾਗ ਲਾਈ; ਹਾਲਾਂਕਿ ਇਨ੍ਹਾਂ ਨੂੰ ਮਰਦ ਪ੍ਰਧਾਨ ਸਮਾਜ ਅਤੇ ਮਨੂਵਾਦ ਦੇ ਪੈਰੋਕਾਰਾਂ ਉੱਚ ਸਵਰਨ ਜਾਤੀਆਂ ਵੱਲੋਂ ਇਨ੍ਹਾਂ ਦੇ ਇਸ ਰਾਹ ਵਿਚ ਪਾਏ ਜਾਂਦੇ ਅੜਿੱਕਿਆਂ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੰਸਾਰ ਪੱਧਰ ’ਤੇ ਇਤਿਹਾਸ ਵਿਚ ਰੂਸ ਅਤੇ ਚੀਨ ਦੇ ਇਨਕਲਾਬਾਂ ਦੇ ਇਤਿਹਾਸ ਨੇ ਨਵੇਂ ਲੋਕ ਪੱਖੀ ਰਾਜਾਂ ਦੀ ਬੁਨਿਆਦ ਰੱਖੀ। ਇਨ੍ਹਾਂ ਨਵੇਂ ਲੋਕ ਪੱਖੀ ਰਾਜਾਂ ਦੀ ਸਥਾਪਨਾ ਵਿਚ ਲੱਖਾਂ ਲੋਕਾਂ ਅਤੇ ਵਿਗਿਆਨਕ ਵਿਚਾਰਧਾਰਾ ਦਾ ਅਹਿਮ ਰੋਲ ਸੀ/ਹੈ। ਇਨ੍ਹਾਂ ਇਨਕਲਾਬਾਂ ਦੌਰਾਨ ਹੀ ਔਰਤਾਂ ਦੀ ਮੁਕਤੀ ਦੇ ਸਵਾਲ ਨੂੰ ਸੰਬੋਧਿਤ ਹੋ ਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਪਰਿਵਾਰਿਕ ਜਿ਼ੰਮੇਵਾਰੀਆਂ ਜੋ ਉਨ੍ਹਾਂ ਨੂੰ ਘਰ ਵਿਚ ਕੈਦ ਰਹਿਣ ਲਈ ਮਜਬੂਰ ਕਰਦੀਆਂ ਸਨ, ਤੋਂ ਮੁਕਤ ਕਰਵਾਇਆ ਗਿਆ। ਇੱਥੋਂ ਤੱਕ ਕਿ ਇਨਕਲਾਬ ਦੇ ਵਿਗਿਆਨ ਦਾ ਹਿੱਸਾ ਬਣਾਉਣ ਲਈ ਚੇਤਨ ਉਪਰਾਲੇ ਕੀਤੇ ਗਏ। ਵੱਡੀ ਗਿਣਤੀ ਵਿਚ ਔਰਤਾਂ ਨੂੰ ਸਮਾਜਿਕ ਸਬੰਧਾਂ, ਪ੍ਰਬੰਧਾਂ, ਵਿਚਾਰਾਂ ਅਤੇ ਆਰਥਿਕ ਨਾ-ਬਰਾਬਾਰੀ ਖਤਮ ਕਰਨ ਵੱਲ ਮਿਸਾਲੀ ਪੁਲਾਂਘਾਂ ਪੁੱਟੀਆਂ ਗਈਆਂ।
ਲੁੱਟ, ਜਬਰ ਅਤੇ ਦਾਬੇ ਵਾਲੇ ਇਸ ਪ੍ਰਬੰਧ ਵਿਚ ਔਰਤਾਂ ਨੂੰ ਦੋਹਰੇ ਮਰਦ ਪ੍ਰਧਾਨ ਦਾਬੇ ਦਾ ਸਿ਼ਕਾਰ ਹੋਣਾ ਪੈ ਰਿਹਾ ਹੈ। ਇਸੇ ਕਰ ਕੇ ਪਿਤਰਸੱਤਾ ਤੋਂ ਅੱਗੇ ਮਨੂਵਾਦੀ ਵਿਚਾਰਾਂ ਨੂੰ ਪ੍ਰਣਾਏ ਰਾਜਭਾਗ ਦੀਆਂ ਨੀਤੀਆਂ ਵੱਲੋਂ ਔਰਤਾਂ ਨੂੰ ਘਰਾਂ ਦੀ ਚਾਰਦੀਵਾਰੀ ਅੰਦਰ ਕੈਦ ਰੱਖਣ, ਭੋਗ ਵਿਲਾਸ ਦੀ ਵਸਤੂ ਸਮਝਣ, ਬੱਚੇ ਜੰਮਣ ਵਾਲੀ ਮਸ਼ੀਨ ਅਤੇ ਮੌਜੂਦਾ ਸਾਮਰਾਜੀ ਸਰਮਾਏਦਾਰੀ ਪ੍ਰਬੰਧ ਵਿਚ ਮੰਡੀ ਵਿਚ ਮਾਲ ਵੇਚਣ ਵਾਲੀ ਵਸਤ ਤੱਕ ਸੀਮਤ ਕਰ ਕੇ ਦੇਖਿਆ ਜਾ ਰਿਹਾ ਹੈ। ਇਸੇ ਕਰ ਕੇ ਔਰਤਾਂ ਉੱਪਰ ਜਬਰ, ਜ਼ੁਲਮ ਵਰਤਾਰੇ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਮਨੀਪੁਰ ਵਿਚ ਹਜੂਮ ਵੱਲੋਂ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਘੁਮਾਉਣ ਵਾਲੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕੀਤੇ ਹਨ। ਕੱਟੜਪੰਥੀਆਂ ਦੀ ਮਨੂੰਵਾਦੀ ਸੋਚ ਦਾ ਸਦੀਆਂ ਤੋਂ ਔਰਤਾਂ ਨੂੰ ਪਛੜਿਆਂ ਰੱਖਣ ਦੀ ਨੀਤੀ ਦਾ ਕਰੂਰ ਚਿਹਰਾ ਸਾਹਮਣੇ ਆਇਆ ਹੈ। ਕੇਂਦਰੀ ਹਕੂਮਤ ਮੁਲਕ ਦੇ ਸਮੁੱਚੇ ਕੁਦਰਤੀ ਮਾਲ ਖਜ਼ਾਨਿਆਂ ਨੂੰ ਕੌਡੀਆਂ ਦੇ ਭਾਅ ਵੱਡੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਫਾਸ਼ੀ ਹੱਲੇ ਨੂੰ ਤੇਜ਼ ਕਰ ਕੇ ਲੋਕਾਈ ਦੇ ਪੱਖ ਦੀ ਗੱਲ ਕਰਨ ਵਾਲੇ ਬੁੱਧੀਜੀਵੀਆਂ, ਦਲਿਤ ਚਿੰਤਕਾਂ, ਸਮਾਜਿਕ ਕਾਰਕੁਨਾਂ, ਵਿਦਿਆਰਥੀਆਂ ਨੂੰ ਯੂਏਪੀਏ ਵਰਗੇ ਕਾਨੂੰਨਾਂ ਰਾਹੀਂ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ।
ਸਿਆਸੀ ਆਰਥਿਕ ਪ੍ਰਬੰਧ ਨੇ ਦਿਖਾਵੇ ਵਜੋਂ ਔਰਤਾਂ ਦੇ ਹੱਕ ਵਿਚ ਅਨੇਕਾਂ ਕਾਨੂੰਨ ਬਣਾਏ ਹੋਏ ਹਨ ਪਰ ਕੌੜੀ ਸਚਾਈ ਇਹ ਹੈ ਕਿ ਅੱਜ ਵੀ ਇਸ ਪ੍ਰਬੰਧ ਅੰਦਰ ਔਰਤਾਂ ਨੂੰ ਸਮਾਜਿਕ ਸਬੰਧਾਂ, ਪ੍ਰਬੰਧਾਂ, ਵਿਚਾਰਾਂ ਵਿਚ ਨਾ-ਬਰਾਬਰਤਾ, ਆਰਥਿਕ ਨਾ-ਬਰਾਬਰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵਰਤਾਰਾ ਭਾਰਤ ਵਰਗੇ ਪਛੜੇ ਮੁਲਕਾਂ ਸਮੇਤ ਸੰਸਾਰ ਦੇ ਹਰ ਕੋਨੇ ਵਿਚ ਵਾਪਰ ਰਿਹਾ ਹੈ। ਆਏ ਦਿਨ ਵਾਪਰ ਰਹੀਆਂ ਅਤਿ ਦਰਦਨਾਕ ਘਟਨਾਵਾਂ ਜ਼ਾਹਿਰ ਕਰਦੀਆਂ ਹਨ ਕਿ ਔਰਤਾਂ ਉੱਪਰ ਜ਼ੁਲਮ ਇਸ ਪ੍ਰਬੰਧ ਦੀ ਦੇਣ ਹੈ। ਔਰਤਾਂ ਉੱਪਰ ਜਬਰ ਇਸ ਢਾਂਚੇ ਦੀ ਖੁਰਾਕ ਹੈ। ਜਦ ਵੀ ਔਰਤਾਂ ਖਿਲਾਫ ਜਬਰ ਦੀ ਘਟਨਾ ਵਾਪਰਦੀ ਹੈ ਤਾਂ ਮਰਦ ਪ੍ਰਧਾਨ ਸਮਾਜ ਅੰਦਰ ਔਰਤ ਨੂੰ ਹੀ ਹਰ ਪੱਧਰ ’ਤੇ ਜਿ਼ੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਮ ਤੌਰ ’ਤੇ ਸਥਾਨਕ ਪੱਧਰ ’ਤੇ ਵਿਰੋਧ ਦਰਜ ਹੁੰਦਾ ਹੈ ਪਰ ਉਹ ਲੋਕ ਔਰਤਾਂ ਉੱਪਰ ਹੁੰਦੇ ਜ਼ੁਲਮ ਨੂੰ ਪ੍ਰਬੰਧ ਦੇ ਸੰਕਟ ਵਜੋਂ ਦੇਖਣ ਵਿਚ ਸਫਲ ਨਹੀਂ ਰਹਿੰਦੇ।
ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਮੌਕੇ ਮਹਿਜ਼ ਉਸ ਨੂੰ ਯਾਦ ਹੀ ਨਹੀਂ ਕੀਤਾ ਜਾਂਦਾ ਸਗੋਂ ਅਰਥ ਭਰਪੂਰ ਜਿ਼ੰਦਗੀ ਜਿਊਣ ਦਾ ਪੈਗ਼ਾਮ ਹਾਸਲ ਕਰਨਾ ਵੀ ਹੁੰਦਾ ਹੈ। ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਮੁਕੰਮਲ ਮੁਕਤੀ ਲਈ ‘ਜਿੱਥੇ ਜਬਰ ਹੈ-ਉੱਥੇ ਟੱਕਰ ਹੈ’ ਦੇ ਵਿਗਿਆਨ ਨੂੰ ਸਮਝਦਿਆਂ, ਵੱਖੋ-ਵੱਖ ਵਿਚਾਰਾਂ ਦੇ ਬਰਕਰਾਰ ਰਹਿੰਦਿਆਂ ਘੱਟੋ-ਘੱਟ ਸਮਝ ਦੇ ਆਧਾਰ ’ਤੇ ਵਿਸ਼ਾਲ ਸਾਂਝੇ ਘੋਲਾਂ ਦੀ ਉਸਾਰੀ ਕਰਨ, ਸਾਂਝ ਨੂੰ ਲੰਮੇ ਸਮੇਂ ਲਈ ਬਰਕਰਾਰ ਰੱਖਣ, ਚੁਣੌਤੀਆਂ ਦਾ ਟਾਕਰਾ ਕਰਨ ਤੋਂ ਅੱਗੇ ਜਿੱਤਾਂ ਹਾਸਲ ਕਰਨ, ਲੁੱਟ, ਜਬਰ ਅਤੇ ਦਾਬੇ ਵਾਲੇ ਲੋਕ ਦੋਖੀ ਪ੍ਰਬੰਧ ਨੂੰ ਪਰ੍ਹਾਂ ਵਗਾਹ ਮਾਰ ਕੇ ਇਨਕਲਾਬ ਰਾਹੀਂ ਨਵੇਂ ਲੋਕ ਪੱਖੀ ਪ੍ਰਬੰਧ ਦੀ ਉਸਾਰੀ ਲਈ ਜਮਾਤੀ ਜੱਦੋਜਹਿਦ ਤੇਜ਼ ਕਰਨ ਦੇ ਰਾਹ ਅੱਗੇ ਵਧਣ ਦਾ ਸੁਨੇਹਾ ਦੇਣਾ ਵੀ ਹੁੰਦਾ ਹੈ।
ਸੰਪਰਕ: 84275-11770

Advertisement

Advertisement
Advertisement
Author Image

joginder kumar

View all posts

Advertisement