ਰਸਾਲਾ ‘ਜਮਹੂਰੀ ਚੇਤਨਾ’ ਦਾ ਜਬਰ ਵਿਰੋਧੀ ਵਿਸ਼ੇਸ਼ ਅੰਕ ਜਾਰੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਸਤੰਬਰ
ਜਮਹੂਰੀ ਅਧਿਕਾਰ ਸਭਾ ਦਾ ਤਰਜ਼ਮਾਨ ਰਸਾਲੇ ‘ਜਮਹੂਰੀ ਚੇਤਨਾ’ ਦਾ ਨਵਾਂ ਅੰਕ ਇੱਥੇ ਟੀਚਰਜ਼ ਹੋਮ ਵਿੱਚ ਜਾਰੀ ਕੀਤਾ ਗਿਆ। ਨਵੇਂ ਅੰਕ ਦੀ ਪਹਿਲੀ ਕਾਪੀ ਟੀਚਰਜ਼ ਹੋਮ ਟਰੱਸਟ ਦੇ ਸਕੱਤਰ ਲਛਮਣ ਸਿੰਘ ਮਲੂਕਾ ਨੂੰ ਭੇਟ ਕੀਤੀ ਗਈ। ਸੂਬਾ ਕਮੇਟੀ ਮੈਂਬਰ ਐਡਵੋਕੇਟ ਐੱਨ ਕੇ ਜੀਤ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਿੰ. ਬੱਗਾ ਸਿੰਘ ਨੇ ਕਿਹਾ ਕਿ ਕੁੱਝ ਅਰਸੇ ਤੋਂ ਕੁਝ ਵਿਸ਼ੇਸ਼ ਕਾਰਨਾਂ ਕਰਕੇ ਮੈਗਜ਼ੀਨ ਛਪ ਨਹੀਂ ਰਿਹਾ ਸੀ ਅਤੇ ਇਸ ਦੀ ਬਹੁਤ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਕਰਕੇ ਇਸ ਨੂੰ ਫਿਰ ਤੋਂ ਚਾਲੂ ਕੀਤਾ ਗਿਆ ਹੈ। ਉਨ੍ਹਾਂ ਪਾਠਕਾਂ ਨੂੰ ਮੈਗਜ਼ੀਨ ਦਾ ਮੈਟਰ ਪੜ੍ਹ ਕੇ ਇਸ ਸਬੰਧੀ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ।
ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਇਸ ਅੰਕ ਨੂੰ ‘ਜਬਰ ਵਿਰੋਧੀ ਵਿਸ਼ੇਸ਼ ਅੰਕ’ ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਵਿੱਚ ਨਵੇਂ ਲਾਗੂ ਹੋਏ ਅਪਰਾਧਿਕ ਕਨੂੰਨਾਂ ਵਿਰੁੱਧ ਉੱਠ ਰਹੇ ਲੋਕ ਵਿਦਰੋਹ ਬਾਰੇ ਸਮੱਗਰੀ ਸ਼ਾਮਲ ਹੈ। ਸਭਾ ਦੇ ਸੂਬਾ ਪ੍ਰਧਾਨ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਲਿਖੀ ਸੰਪਾਦਕੀ ਵਿੱਚ ਸਭਾ ਦੇ 46 ਸਾਲਾਂ ਦੇ ਸਫ਼ਰ ਦੀ ਤਫ਼ਸੀਲ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਂਜਲੀ ਵਜੋਂ ਸੁਰਜੀਤ ਪਾਤਰ ਦੀਆਂ ਰਚਨਾਵਾਂ ਵੀ ਅੰਕ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।