ਮੱਧ ਪ੍ਰਦੇਸ਼: ਵਿਅਕਤੀ ਨੂੰ ਨੰਗਾ ਕਰ ਕੇ ਡੰਡਿਆਂ ਨਾਲ ਕੁੱਟਿਆ
ਸਾਗਰ, 9 ਜੁਲਾਈ
ਕੁਝ ਵਿਅਕਤੀਆਂ ਵੱਲੋਂ ਨੰਗਾ ਕਰ ਕੇ ਇਕ ਵਿਅਕਤੀ ਦੀ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਦੇ ਆਧਾਰ ’ਤੇ ਮੱਧ ਪ੍ਰਦੇਸ਼ ਦੇ ਸ਼ਹਿਰ ਸਾਗਰ ਦੀ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵੀਡੀਓ ਵਿੱਚ ਕੁਝ ਵਿਅਕਤੀ ਚੋਰੀ ਦਾ ਦੋਸ਼ ਲਗਾਉਂਦਿਆਂ ਇਕ ਵਿਅਕਤੀ ਨੂੰ ਡੰਡਿਆਂ ਤੇ ਪਾਈਪਾਂ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਪੁਲੀਸ ਸੁਪਰਡੈਂਟ ਅਭਿਸ਼ੇਕ ਤਿਵਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਵਾਇਰਲ ਹੋਈ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੋਤੀ ਨਗਰ ਪੁਲੀਸ ਸਟੇਸ਼ਨ ਦੇ ਦਾਇਰੇ ਅਧੀਨ ਪੈਂਦੇ ਧਰਮ ਕਾਂਤਾ ਇਲਾਕੇ ਵਿੱਚ ਵੀਡੀਓ ਬਣਾਈ ਗਈ ਸੀ। ਮੋਤੀਨਗਰ ਪੁਲੀਸ ਸਟੇਸ਼ਨ ਦੇ ਇੰਚਾਰਜ ਮਾਨਸ ਦਿਵੇਦੀ ਨੇ ਦੱਸਿਆ ਕਿ ਇਸ ਸਬੰਧੀ ਐੱਫਆਰਆਈ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਸ਼ਨਾਖ਼ਤ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਵੀਡੀਓ ਦੇ ਬਾਕੀ ਵੇਰਵਿਆਂ ਦਾ ਖੁਲਾਸਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਵੇਗੀ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਪਿਛਲੇ ਇਕ ਹਫ਼ਤੇ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। -ਪੀਟੀਆਈ
ਦਲਿਤ ਵਿਅਕਤੀ ਨੂੰ ਚੱਪਲਾਂ ਚੱਟਣ ਲਈ ਮਜਬੂਰ ਕਰਨ ਵਾਲਾ ਕਾਬੂ
ਸੋਨਭਦਰਾ (ਯੂਪੀ): ਇੱਥੇ ਦਲਿਤ ਵਿਅਕਤੀ ਦੀ ਕਥਿਤ ਕੁੱਟਮਾਰ ਕਰਨ ਅਤੇ ਆਪਣੀਆਂ ਚੱਪਲਾਂ ਚੱਟਣ ਲਈ ਮਜਬੂਰ ਕਰਨ ਵਾਲੇ ਬਿਜਲੀ ਮਹਿਕਮੇ ਦੇ ਠੇਕਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਪੁਲੀਸ ਕੋਲ ਅੱਠ ਜੁਲਾਈ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਦਲਿਤ ਵਿਅਕਤੀ ਰਾਜਿੰਦਰ ਨੇ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ। ਛੇ ਜੁਲਾਈ ਨੂੰ ਉਹ ਆਪਣੇ ਮਾਮੇ ਦੇ ਘਰ ਗਿਆ ਸੀ ਜਿੱਥੇ ਬਿਜਲੀ ਸਪਲਾਈ ’ਚ ਨੁਕਸ ਪੈ ਗਿਆ। ਜਦੋਂ ਉਹ ਤਕਨੀਕੀ ਨੁਕਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬਿਜਲੀ ਮਹਿਕਮੇ ਦੇ ਠੇਕਾ ਮੁਲਾਜ਼ਮ ਤੇਜਬਾਲੀ ਸਿੰਘ ਪਟੇਲ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਉਸ ਲਈ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਦਿਆਂ ਉਸ ਕੋਲੋਂ ਜਬਰੀ ਆਪਣੀਆਂ ਚੱਪਲਾਂ ਚਟਵਾਈਆਂ। ਇਸ ਸ਼ਿਕਾੲਿਤ ਦੇ ਆਧਾਰ ’ਤੇ ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। -ਪੀਟੀਆਈ