ਦੇਸ਼ ਵਿੱਚ ‘ਭ੍ਰਿਸ਼ਟਾਚਾਰ ਦੀ ਰਾਜਧਾਨੀ’ ਹੈ ਮੱਧ ਪ੍ਰਦੇਸ਼: ਰਾਹੁਲ
ਨੀਮਚ, 13 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੱਧ ਪ੍ਰਦੇਸ਼ ਨੂੰ ਦੇਸ਼ ਦੀ ‘ਭ੍ਰਿਸ਼ਟਾਚਾਰ ਦੀ ਰਾਜਧਾਨੀ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ‘ਭ੍ਰਿਸ਼ਟਾਚਾਰ’ ਵਿੱਚ ਪੂਰੀ ਤਰ੍ਹਾਂ ਡੁੱਬੀ ਹੋਈ ਹੈ। ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਾਂਗਰਸ ਦੇ ਕੇਂਦਰ ਅਤੇ ਸੂਬਿਆਂ ਵਿੱਚ ਸੱਤਾ ਵਿੱਚ ਆਉਣ ’ਤੇ ਜਾਤ ਆਧਾਰਿਤ ਜਨਗਣਨਾ ਕਰਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਮੱਧ ਪ੍ਰਦੇਸ਼ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਦਰਜ ਕਰੇਗੀ।
ਰਾਹੁਲ ਗਾਂਧੀ ਨੇ ਕਾਂਗਰਸ ਸਰਕਾਰ ਆਉਣ ਦੀ ਸੂਰਤ ਵਿੱਚ ਰਸੋਈ ਗੈਸ ਸਿਲੰਡਰ 500 ਰੁਪਏ, ਕਿਸਾਨਾਂ ਦਾ ਦੋ ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਨ, ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 3000 ਰੁਪਏ ਕਰਨ ਅਤੇ 100 ਯੂਨਿਟ ਬਜਿਲੀ ਮੁਫ਼ਤ ਦੇਣ ਦਾ ਵਾਅਦਾ ਵੀ ਕੀਤਾ। ਮੱਧ ਪ੍ਰਦੇਸ਼ ਦੀ 230 ਮੈਂਬਰੀ ਵਿਧਾਨ ਸਭਾ ਲਈ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਰਾਜਸਥਾਨ, ਤਿਲੰਗਾਨਾ ਅਤੇ ਛੱਤੀਸਗੜ੍ਹ ਵਿੱਚ ਦੂਜੇ ਗੇੜ ਦੀਆਂ ਚੋਣਾਂ ਵੀ ਇਸ ਮਹੀਨੇ ਦੇ ਅਖ਼ੀਰ ਵਿੱਚ ਹੋਣਗੀਆਂ। ਉੱਤਰ ਪੂਰਬੀ ਸੂਬੇ ਮਜਿ਼ੋਰਮ ਵਿੱਚ ਪਿਛਲੇ ਹਫ਼ਤੇ ਵੋਟਾਂ ਪੈ ਚੁੱਕੀਆਂ ਹਨ।
ਰਾਹੁਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਕਾਂਗਰਸ ਨੇ ਮੱਧ ਪ੍ਰਦੇਸ਼ ਵਿੱਚ (2018 ਦੀਆਂ ਚੋਣਾਂ ਮਗਰੋਂ) ਸਰਕਾਰ ਬਣਾਈ ਸੀ ਅਤੇ ਜਿਵੇਂ ਹੀ ਉਸ ਨੇ ਕਿਸਾਨਾਂ ਦਾ 27 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰ ਕੇ ਕੰਮ ਕਰਨਾ ਸ਼ੁਰੂ ਕੀਤਾ, ਭਾਜਪਾ ਨੇ ਵੱਡੇ ਉਦਯੋਗਪਤੀਆਂ ਨਾਲ ਮਿਲੀਭੁਗਤ ਕਰ ਕੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੀ ਆਪਣੀ ਸਰਕਾਰ ਹਥਿਆ ਲਈ ਅਤੇ ਸੱਤਾ ਵਿੱਚ ਵਾਪਸ ਆ ਗਈ।’’ ਉਨ੍ਹਾਂ ਦਾਅਵਾ ਕੀਤਾ, ‘‘ਮੱਧ ਪ੍ਰਦੇਸ਼ ਦੇਸ਼ ਦੀ ਭ੍ਰਿਸ਼ਟਾਚਾਰ ਦੀ ਰਾਜਧਾਨੀ ਹੈ।’’ -ਪੀਟੀਆਈ
ਮੋਦੀ ਨੇ ਕੇਂਦਰੀ ਮੰਤਰੀ ਦੇ ਪੁੱਤਰ ਖ਼ਿਲਾਫ਼ ਕੀ ਕਾਰਵਾਈ ਕੀਤੀ: ਰਾਹੁਲ
ਹਰਦਾ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇੱਕ ਵੀਡੀਓ ਵਿੱਚ ਕੇਂਦਰੀ ਮੰਤਰੀ ਨਰਿੰਦਰ ਤੋਮਰ ਦੇ ਪੁੱਤਰ ਨੂੰ ਕਿਸਾਨਾਂ, ਗ਼ਰੀਬਾਂ ਅਤੇ ਮਜ਼ਦੂਰਾਂ ਦੀ ਕਮਾਈ ਚੋਰੀ ਕਰਦੇ ਦਿਖਾਇਆ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਉਸ ਨੇ ਕੀ ਕਾਰਵਾਈ ਕੀਤੀ ਅਤੇ ਕੀ ਉਸ ਨੇ ਜਾਂਚ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਸੀਬੀਆਈ ਤੇ ਇਨਕਮ ਟੈਕਸ (ਆਈਟੀ) ਵਿਭਾਗ ਨੂੰ ਭੇਜਿਆ। ਰਾਹੁਲ ਕਾਂਗਰਸ ਦੀ ਚੋਣ ਮੁਹਿੰਮ ਤਹਿਤ ਹਰਦਾ ਵਿੱਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਮੱਧ ਪ੍ਰਦੇਸ਼ ਵਿੱਚ 50 ਫੀਸਦੀ ਕਮਿਸ਼ਨ ’ਤੇ ਕੰਮ ਕਰਦੀ ਹੈ ਅਤੇ ਉਸ ਨੇ ਹਰੇਕ ਚੀਜ਼ ਵਿੱਚ ਭ੍ਰਿਸ਼ਟਾਚਾਰ ਕੀਤਾ ਹੈ। ਉਨ੍ਹਾਂ ਕਿਹਾ, ‘‘ਤੁਸੀਂ ਤੋਮਰ ਦੇ ਲੜਕੇ ਦੀ ਵੀਡੀਓ ਤਾਂ ਦੇਖੀ ਹੋਵੇਗੀ, ਜੋ ਕਿਸਾਨਾਂ, ਗ਼ਰੀਬਾਂ ਅਤੇ ਮਜ਼ਦੂਰਾਂ ਦੀ ਕਮਾਈ ਬਿਨਾਂ ਛਿਪੇ, ਬਿਨਾਂ ਡਰੇ ਅਤੇ ਖੁੱਲ੍ਹੇਆਮ ਵੀਡੀਓ ਕਾਲ ਰਾਹੀਂ ਚੋਰੀ ਕਰ ਰਿਹਾ ਹੈ।’’ ਉਨ੍ਹਾਂ ਪੁੱਛਿਆ, ‘‘ਕੀ ਮੋਦੀ ਜੀ ਨੇ ਕੋਈ ਕਾਰਵਾਈ ਕੀਤੀ? ਕੀ ਈਡੀ, ਸੀਬੀਆਈ ਅਤੇ ਆਈਟੀ ਵਿਭਾਗ ਨੇ ਕੋਈ ਐਕਸ਼ਨ ਲਿਆ।’’ ਉਧਰ, ਕੇਂਦਰੀ ਮੰਤਰੀ ਦੇ ਲੜਕੇ ਨੇ ਇਹ ਵੀਡੀਓ ਫਰਜ਼ੀ ਹੋਣ ਦਾ ਦਾਅਵਾ ਕਰਦਿਆਂ ਇਸ ਸਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। -ਪੀਟੀਆਈ