For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼: ਰੇਲਵੇ ਟਰੈਕ ’ਤੇੇ ‘ਨੁਕਸਾਨ ਰਹਿਤ’ ਡੈਟੋਨੇਟਰ ਚੱਲੇ

07:44 AM Sep 23, 2024 IST
ਮੱਧ ਪ੍ਰਦੇਸ਼  ਰੇਲਵੇ ਟਰੈਕ ’ਤੇੇ ‘ਨੁਕਸਾਨ ਰਹਿਤ’ ਡੈਟੋਨੇਟਰ ਚੱਲੇ
ਕਾਨਪੁਰ ’ਚ ਰੇਲਵੇ ਟਰੈਕ ’ਤੇ ਮਿਲੇ ਗੈਸ ਸਿਲੰਡਰ ਦੀ ਜਾਂਚ ਕਰਦੀ ਹੋਈ ਪੁਲੀਸ। -ਫੋਟੋ: ਪੀਟੀਆਈ
Advertisement

ਖੰਡਵਾ/ਕਾਨਪੁਰ, 22 ਸਤੰਬਰ
ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿਚ ਰੇਲਵੇ ਟਰੈਕ ’ਤੇ ਦਸ ਡੈਟੋਨੇਟਰ ਚੱਲਣ ਨਾਲ ‘ਮਿਲਟਰੀ ਸਪੈਸ਼ਲ ਟਰੇਨ’ ਨੂੰ ਕੁਝ ਦੇਰ ਲਈ ਰੋਕਣਾ ਪਿਆ। ਉਂਝ ਰੇਲਵੇ ਨੇ ਇਨ੍ਹਾਂ ਡੈਟੋਨੇਟਰਾਂ ਨੂੰ ‘ਨੁਕਸਾਨ ਰਹਿਤ’ ਕਰਾਰ ਦਿੱਤਾ ਹੈ। ਇਹ ਘਟਨਾ ਬੁੱਧਵਾਰ ਦੀ ਹੈ ਤੇ ਭੁਸਾਵਲ ਡਿਵੀਜ਼ਨ ਦੇ ਨੇਪਾਨਗਰ ਤੇ ਖੰਡਵਾ ਸਟੇਸ਼ਨਾਂ ਵਿਚਾਲੇ ਵਾਪਰੀ ਦੱਸੀ ਜਾਂਦੀ ਹੈ। ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਵਪਨਿਲ ਨੀਲਾ ਨੇ ਦੱਸਿਆ ਕਿ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਜਿਹੜੇ ਡੈਟੋਨੇਟਰ ਚੱਲੇ ਉਹ ਰੇਲਵੇ ਵੱਲੋਂ ਦਿੱਤੇ ਗਏ ਸਨ ਤੇ ਇਨ੍ਹਾਂ ਨੂੰ ਅਕਸਰ ਨਿਯਮਤ ਅਪਰੇਸ਼ਨਾਂ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਡੈਟੋਨੇਟਰਾਂ ਨੂੰ ਪਟਾਕੇ ਕਿਹਾ ਜਾਂਦਾ ਹੈ ਤੇ ਜਦੋਂ ਇਨ੍ਹਾਂ ਵਿਚ ਵਿਸਫੋਟ ਹੁੰਦਾ ਹੈ ਤਾਂ ਇਹ ਵੱਡੀ ਆਵਾਜ਼ ਕਰਦੇ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਅੱਗੇ ਕੋਈ ਰੋਕ ਜਾਂ ਧੁੰਦ ਜਾਂ ਕੋਹਰਾ ਹੈ। ਅਧਿਕਾਰੀ ਨੇ ਕਿਹਾ, ‘‘ਇਹ ਡੈਟੋਨੇਟਰ ਰੇਲਵੇ ਵੱਲੋਂ ਨਿਯਮਤ ਵਰਤੇ ਜਾਂਦੇ ਹਨ ਤੇ ਅਜਿਹੇ ਡੈਟੋਨੇਟਰਾਂ ਨੂੰ ਰੇਲਵੇ ਟਰੈਕ ’ਤੇ ਰੱਖਿਆ ਜਾਂਦਾ ਹੈ। ਪਰ ਇਨ੍ਹਾਂ ਨੂੰ ਉਥੇ ਰੱਖਣ ਦੀ ਲੋੜ ਨਹੀਂ ਸੀ ਤੇ ਇਹ ਵਜ੍ਹਾ ਹੈ ਕਿ ਆਰਪੀਐੱਫ ਬਾਰੀਕੀ ਨਾਲ ਇਸ ਦੀ ਜਾਂਚ ਕਰ ਰਹੀ ਹੈ। ਤਫ਼ਤੀਸ਼ਕਾਰਾਂ ਵੱਲੋਂ ਹਰੇਕ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।’’ ਮਿਲਟਰੀ ਸਪੈਸ਼ਲ ਟਰੇਨ ਖਾਂਡਵਾ ਤੋਂ ਜਾ ਰਹੀ ਸੀ। ਗਸ਼ਤੀ ਸਮੂਹ ਦੇ 10 ਤੋਂ 12 ਵਿਅਕਤੀਆਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ।
ਕਾਨਪੁਰ ਜ਼ਿਲ੍ਹੇ ਦੇ ਮਹਾਰਾਜਪੁਰ ਥਾਣਾ ਖੇਤਰ ਵਿੱਚ ਪ੍ਰੇਮਪੁਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਟਰੈਕ ’ਤੇ ਅੱਜ ਸਵੇਰੇ ਇੱਕ ਰਸੋਈ ਗੈਸ ਸਿਲੰਡਰ ਮਿਲਿਆ, ਜਿਸ ਮਗਰੋਂ ਲੋਕੋ ਪਾਇਲਟ (ਡਰਾਈਵਰ) ਨੇ ਮਾਲ ਗੱਡੀ ਨੂੰ ਰੋਕ ਕੇ ਹਾਦਸੇ ਨੂੰ ਟਾਲ ਦਿੱਤਾ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਮਾਲ ਗੱਡੀ ਦੇ ਲੋਕੋ-ਪਾਇਲਟ ਨੇ ਐਮਰਜੈਂਸੀ ਬਰੇਕ ਲਾ ਕੇ ਰੇਲਗੱਡੀ ਨੂੰ ਲੀਹ ਤੋਂ ਲਾਹੁਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਕਰ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਾਲਗੱਡੀ ਕਾਨਪੁਰ ਤੋਂ ਪ੍ਰਯਾਗਰਾਜ ਜਾ ਰਹੀ ਸੀ। ਲਗਪਗ ਇੱਕ ਮਹੀਨੇ ਅੰਦਰ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। -ਪੀਟੀਆਈ

Advertisement

Advertisement
Advertisement
Author Image

Advertisement