ਮੱਧ ਪ੍ਰਦੇਸ਼: ਪਟਾਕਿਆਂ ਦੀ ਫੈਕਟਰੀ ’ਚ ਅੱਗ ਲੱਗੀ; 11 ਹਲਾਕ, 174 ਜ਼ਖ਼ਮੀ
ਭੋਪਾਲ/ਹਰਦਾ, 6 ਫਰਵਰੀ
ਮੱਧ ਪ੍ਰਦੇਸ਼ ਦੇ ਹਰਦਾ ਕਸਬੇ ’ਚ ਪਟਾਕਿਆਂ ਦੀ ਫੈਕਟਰੀ ’ਚ ਅੱਗ ਲੱਗਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 174 ਜ਼ਖਮੀ ਹੋ ਗਏ। ਹਰਦਾ ਦੇ ਕੁਲੈਕਟਰ ਰਿਸ਼ੀ ਗਰਗ ਨੇ ਦੱਸਿਆ ਕਿ ਪਟਾਕਾ ਯੂਨਿਟ ਦੇ ਅੰਦਰ ਅਤੇ ਆਲੇ-ਦੁਆਲੇ ਅਜੇ ਵੀ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਹ ਘਟਨਾ ਰਾਜ ਦੀ ਰਾਜਧਾਨੀ ਭੋਪਾਲ ਤੋਂ ਲਗਪਗ 150 ਕਿਲੋਮੀਟਰ ਦੂਰ ਹਰਦਾ ਕਸਬੇ ਦੇ ਬਾਹਰਵਾਰ ਮਗਰਧਾ ਰੋਡ ’ਤੇ ਬੈਰਾਗੜ੍ਹ ਇਲਾਕੇ ’ਚ ਵਾਪਰੀ। ਪੁਲੀਸ ਨੇ ਫੈਕਟਰੀ ਦੇ ਦੋ ਮਾਲਕਾਂ ਸਣੇ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਘਟਨਾ ਸਥਾਨ ’ਤੇ ਰੁਕ-ਰੁਕ ਕੇ ਧਮਾਕੇ ਹੋ ਰਹੇ ਹਨ ਅਤੇ ਲੋਕ ਆਪਣੇ ਆਪ ਨੂੰ ਬਚਾਉਣ ਲਈ ਭੱਜ ਰਹੇ ਹਨ। ਅਧਿਕਾਰੀਆਂ ਮੁਤਾਬਕ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਮੋਹਨ ਯਾਦਵ ਨੇ ਮੀਟਿੰਗ ਕੀਤੀ ਅਤੇ ਕਿਹਾ ਕਿ ਬਚਾਅ ਕਾਰਜ ਲਈ ਹੈਲੀਕਾਪਟਰਾਂ ਦਾ ਪ੍ਰਬੰਧ ਕਰਨ ਲਈ ਫੌਜ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਯਾਦਵ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਮੁੱਖ ਮੰਤਰੀ ਨੇ ਸੀਨੀਅਰ ਮੰਤਰੀ ਉਦੈ ਪ੍ਰਤਾਪ ਸਿੰਘ, ਵਧੀਕ ਮੁੱਖ ਸਕੱਤਰ ਅਜੀਤ ਕੇਸਰੀ ਨੂੰ ਵੀ ਹੈਲੀਕਾਪਟਰ ਰਾਹੀਂ ਹਰਦਾ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਕਟਰੀ ’ਚ ਅੱਗ ਲੱਗਣ ਕਾਰਨ ਹੋਈਆਂ ਮੌਤਾਂ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਿ੍ਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਐਕਸ ’ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਦਫਤਰ (ਪੀਐੱਮਓ) ਨੇ ਮੋਦੀ ਦੇ ਹਵਾਲੇ ਨਾਲ ਕਿਹਾ, ‘‘ਮੱਧ ਪ੍ਰਦੇਸ਼ ਦੇ ਹਰਦਾ ਵਿਚ ਪਟਾਕਾ ਫੈਕਟਰੀ ਵਿਚ ਹੋਏ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ।’’
ਮਲਿਕਾਰਜੁਨ ਖੜਗੇ ਵੱਲੋਂ ਦੁੱਖ ਦਾ ਪ੍ਰਗਟਾਵਾ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੱਧ ਪ੍ਰਦੇਸ਼ ’ਚ ਪਟਾਕਿਆਂ ਦੀ ਫੈਕਟਰੀ ’ਚ ਅੱਗ ਲੱਗਣ ਕਾਰਨ ਹੋਏ ਜਾਨੀ ਨੁਕਸਾਨ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਹਾਦਸੇ ’ਚ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ।