ਮੱਧ ਪ੍ਰਦੇਸ਼: ਬੋਰਵੈੱਲ ’ਚ ਡਿੱਗੀ ਲੜਕੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ
ਭੋਪਾਲ/ਮੈਸੂਰ, 7 ਜੂਨ
ਮੁੱਖ ਅੰਸ਼
- ਫੌਜ ਦੀ ਟੀਮ ਵੀ ਐੱਨਡੀਆਰਐੱਫ ਅਤੇ ਐੱਸਡੀਈਆਰਐੱਫ ਟੀਮਾਂ ਨਾਲ ਅਪਰੇਸ਼ਨ ‘ਚ ਜੁਟੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਦੱਸਿਆ ਕਿ ਸੀਹੋਰ ਜ਼ਿਲ੍ਹੇ ਦੇ ਪਿੰਡ ਮੁੰਗਾਵਲੀ ਵਿੱਚ ਢਾਈ ਸਾਲਾਂ ਦੀ ਇੱਕ ਲੜਕੀ ਦੇ ਬੋਰਵੈੱਲ ਵਿੱਚ ਡਿੱਗਣ ਦੇ 24 ਘੰਟਿਆਂ ਤੋਂ ਵੱਧ ਸਮੇਂ ਮਗਰੋਂ ਵੀ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਬਚਾਅ ਕਾਰਜ ਹੋਰ ਮੁਸ਼ਕਲ ਹੁੰਦਾ ਜਾ ਰਿਹਾ ਹੈ ਕਿਉਂਕਿ ਲੜਕੀ ਹੇਠਾਂ ਖਿਸਕ ਕੇ ਲਗਪਗ 100 ਫੁੱਟ ਦੀ ਡੂੰਘਾਈ ‘ਚ ਫਸ ਗਈ ਹੈ। ਦੱਸਣਯੋਗ ਹੈ ਕਿ ਮੰਗਲਵਾਰ ਦੁਪਹਿਰ ਨੂੰ ਇੱਕ ਲੜਕੀ ਮੁੰਗਾਵਲੀ ਪਿੰਡ ਦੇ ਇੱਕ ਖੇਤ ਵਿੱਚ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਪਈ ਸੀ। ਭੋਪਾਲ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੌਹਾਨ ਨੇ ਕਿਹਾ, ”ਸ਼੍ਰਿਸ਼ਟੀ ਨਾਮ ਦੀ ਲੜਕੀ ਮੰਗਲਵਾਰ ਦੁਪਹਿਰ ਨੂੰ ਲਗਪਗ 1 ਵਜੇ ਬੋਰਵੈੱਲ ਵਿੱਚ ਡਿੱਗ ਪਈ ਸੀ ਅਤੇ ਉਦੋਂ ਤੋਂ ਲੈ ਕੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਹ ਪਹਿਲਾਂ ਬੋਰਵੈੱਲ ਵਿੱਚ 40 ਫੁੱਟ ਦੀ ਡੂੰਘਾਈ ‘ਤੇ ਫਸੀ ਸੀ ਪਰ ਬਚਾਅ ਅਪਰੇਸ਼ਨ ‘ਚ ਲੱਗੀਆਂ ਦੀ ਮਸ਼ੀਨਾਂ ਦੀ ਧਮਕ ਨਾਲ ਖਿਸਕ ਹੋਰ ਹੇਠਾਂ 100 ਫੁੱਟ ਡੂੰਘਾਈ ‘ਚ ਚਲੀ ਗਈ, ਜਿਸ ਕਾਰਨ ਕੰਮ ਹੋਰ ਮੁਸ਼ਕਲ ਹੋ ਗਿਆ ਹੈ।” ਉਨ੍ਹਾਂ ਦੱਸਿਆ, ”ਅਸੀਂ ਬਚਾਅ ਅਪਰੇਸ਼ਨ ਲਈ ਫੌਜ ਦੀ ਇੱਕ ਟੀਮ ਵੀ ਸੱਦੀ ਹੈ ਜਦਕਿ ਐੱਨਡੀਆਰਐੱਫ ਤੇ ਐੱਸਡੀਈਆਰਐੱਫ ਦੀਆਂ ਟੀਮਾਂ ਪਹਿਲਾਂ ਹੀ ਲੜਕੀ ਨੂੰ ਬਚਾਉਣ ਲਈ ਕੰਮ ਵਿੱਚ ਲੱਗੀਆਂ ਹੋਈਆਂ ਹਨ।” ਮੁੱਖ ਮੰਤਰੀ ਨੇ ਆਖਿਆ ਕਿ ਲੜਕੀ ਨੂੰ ਬੋਰਵੈੱਲ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੋਰਵੈੱਲ ਵਿੱਚ ਲੜਕੀ ਨੂੰ ਪਾਈਪ ਰਾਹੀਂ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਲਗਪਗ 12 ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਕੰਮ ਵਿੱਚ ਲੱਗੀਆਂ ਹੋਈਆਂ। ਫੌਜ ਦੀ ਇੱਕ ਟੀਮ ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋ ਗਈ ਹੈ। ਸੂਬੇ ਦੇ ਗ੍ਰਹਿ ਮੰਤਰੀ ਅਤੇ ਸਰਕਾਰ ਦੇ ਤਰਜਮਾਨ ਨਰੋਤਮ ਮਿਸ਼ਰਾ ਨੇ ਕਿਹਾ ਕਿ ਸਖਤ ਪੱਥਰਾਂ ਦੀ ਮੌਜੂਦਗੀ ਕਾਰਨ ਬਚਾਅ ਅਪਰੇਸ਼ਨ ‘ਚ ਰੁਕਾਵਟ ਪੈ ਰਹੀ ਹੈ। -ਪੀਟੀਆਈ