ਮਾਧਵੀ ਤੇ ਪਤੀ ’ਤੇ ਮਹਿੰਦਰਾ ਐਂਡ ਮਹਿੰਦਰਾ ਤੋਂ ਲਾਭ ਲੈਣ ਦਾ ਦੋਸ਼
ਨਵੀਂ ਦਿੱਲੀ, 10 ਸਤੰਬਰ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਸਕਿਉਰਿਟੀਜ਼ ਤੇ ਐਕਸਚੇਂਜ ਬੋਰਡ (ਸੇਬੀ) ਦੀ ਮੁਖੀ ਮਾਧਵੀ ਪੁਰੀ ਬੁੱਚ ਦੀ ‘ਅਗੋਰਾ ਐਡਵਾਈਜ਼ਰੀ ਪ੍ਰਾਈਵੇਟ ਲਿਮਿਟਡ’ ਨਾਮ ਦੀ ਕੰਪਨੀ ਵਿੱਚ ਉਸ ਸਮੇਂ 99 ਫੀਸਦ ਹਿੱਸੇਦਾਰੀ ਸੀ ਜਦੋਂ ਇਹ ਮਸ਼ਵਰਾ ਦੇਣ ਵਾਲੀ ਕੰਪਨੀ ‘ਮਹਿੰਦਰਾ ਐਂਡ ਮਹਿੰਦਰਾ’ ਗਰੁੱਪ ਨੂੰ ਸੇਵਾ ਮੁਹੱਈਆ ਕਰ ਰਹੀ ਸੀ। ਮੁੱਖ ਵਿਰੋਧੀ ਧਿਰ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਮਾਧਵੀ ਦੇ ਸੇਬੀ ਦੀ ਲੰਮਾ ਸਮਾਂ ਮੈਂਬਰ ਰਹਿੰਦਿਆਂ ਉਨ੍ਹਾਂ ਦੇ ਪਤੀ ਧਵਲ ਬੁੱਚ ਨੂੰ ਸਾਲ 2019-21 ਦਰਮਿਆਨ ਮਹਿੰਦਰਾ ਐਂਡ ਮਹਿੰਦਰਾ ਤੋਂ 4.78 ਕਰੋੜ ਰੁਪਏ ਮਿਲੇ ਸਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ‘ਲੰਗੋਟੀਆ ਯਾਰਾਂ’ ਨੂੰ ਬਚਾਉਣ ਲਈ ਇੱਕ ਮਜ਼ਬੂਤ ਬਾਜ਼ਾਰ ਰੈਗੂਲੇਟਰ ਵਜੋਂ ਸੇਬੀ ਦੀ ਸੰਸਥਾਗਤ ਅਖੰਡਤਾ ਨੂੰ ‘ਕਲੰਕਿਤ’ ਕੀਤਾ ਹੈ।
ਉੱਧਰ, ਮਹਿੰਦਰਾ ਐਂਡ ਮਹਿੰਦਰਾ ਨੇ ਕਾਂਗਰਸ ਦੇ ਦੋਸ਼ਾਂ ਨੂੰ ਝੂਠੇ ਅਤੇ ਭਰਮਾਉਣ ਵਾਲੇ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਕਦੇ ਵੀ ਸੇਬੀ ਤੋਂ ਤਰਜੀਹ ਲਈ ਅਪੀਲ ਨਹੀਂ ਕੀਤੀ ਅਤੇ ਧਵਲ ਬੁੱਚ ਦੀ ਸੇਵਾ ਉਨ੍ਹਾਂ ਦੇ ਆਲਮੀ ਤਜਰਬੇ ਨੂੰ ਦੇਖਦੇ ਹੋਏ ਸਿਰਫ ਸਪਲਾਈ ਚੇਨ ਵਾਸਤੇ ਲਈ ਗਈ ਸੀ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਧਵੀ ਦੀ ਇਸ ਹਿੱਸੇਦਾਰੀ ਬਾਰੇ ਜਾਣਕਾਰੀ ਸੀ? ਇਸੇ ਦੌਰਾਨ ਕਾਂਗਰਸ ਪ੍ਰਧਾਨ ਖੜਗੇ ਨੇ ‘ਐਕਸ’ ’ਤੇ ਕਿਹਾ, ‘‘ਮੈਗਾ ਮੋਦੀ-ਅਡਾਨੀ ਘੁਟਾਲੇ ਦੀ ਜਾਂਚ ਸੇਬੀ ਵੱਲੋਂ ਕੀਤੀ ਜਾ ਰਹੀ ਹੈ। ਸੇਬੀ ਪ੍ਰਧਾਨ ਕੋਲ ਹਿੱਤਾਂ ਦੇ ਟਕਰਾਅ ਦੇ ਕਈ ਮਾਮਲੇ ਹਨ। ਕਾਂਗਰਸ ਪਾਰਟੀ ਨੇ ਹੁਣ ਅਜਿਹੇ ਕਈ ਮਾਮਲਿਆਂ ਦਾ ਖੁਲਾਸਾ ਕੀਤਾ ਹੈ।’’ ਖੜਗੇ ਨੇ ਕਿਹਾ, ‘‘ਮੋਦੀ-ਸ਼ਾਹ ਦੀਅਗਵਾਈ ਵਾਲੀ ਕਮੇਟੀ ਨੇ ਸੇਬੀ ਮੁਖੀ ਦੀ ਨਿਯੁਕਤੀ ਕੀਤੀ ਹੈ। ਕੀ ਉਨ੍ਹਾਂ ਨੇ ਆਪਣੇ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਜਾਣ-ਬੁੱਝ ਕੇ ਉਨ੍ਹਾਂ ਦੀ ਨਿਯੁਕਤੀ ਕੀਤੀ? ਕੀ ਇਹ ‘ਨਾ ਖਾਊਂਗਾ, ਨਾ ਖਾਣੇ ਨਹੀਂ ਦੂੰਗਾ ਹੈ?’’ -ਪੀਟੀਆਈ