ਮਧੂ ਮੰਟੇਨਾ ਤੇ ਇਰਾ ਤ੍ਰਿਵੇਦੀ ਵਿਆਹ ਦੇ ਬੰਧਨ ’ਚ ਬੱਝੇ
ਮੁੰਬਈ: ਫਿਲਮ ਨਿਰਮਾਤਾ ਮਧੂ ਮੰਟੇਨਾ ਅਤੇ ਯੋਗ ਅਧਿਆਪਕ ਇਰਾ ਤ੍ਰਿਵੇਦੀ ਅੱਜ ਦੇਰ ਸ਼ਾਮ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਰਿਵਾਰ ਅਤੇ ਦੋਸਤ ਮੌਜੂਦ ਸਨ। ਇਰਾ ਤ੍ਰਿਵੇਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਿਆਹ ਦੀ ਪਹਿਲੀ ਤਸਵੀਰ ਨਾਲ ਕੈਪਸ਼ਨ ‘ਚ ਆਪਣੇ ਨਾਮ ਦਾ ਪਹਿਲਾ ਅੱਖਰ ਆਈ ਅਤੇ ਮਧੂ ਦੇ ਨਾਮ ਦਾ ਐੱਮ ਸਾਂਝਾ ਕਰਦਿਆਂ ਲਿਖਿਆ, ”ਆਈ’ਐੱਮ ਹੁਣ ਮੁਕੰਮਲ ਹੈ।” ਇਸ ਤੋਂ ਪਹਿਲਾਂ ਬੀਤੀ ਸ਼ਾਮ ਵਿਆਹ ਸਮਾਗਮਾਂ ਦੀ ਸ਼ੁਰੂਆਤ ਮਹਿੰਦੀ ਦੀ ਰਸਮ ਨਾਲ ਹੋਈ ਸੀ, ਜਿਸ ਵਿੱਚ ਬੌਲੀਵੁੱਡ ਦੀਆਂ ਕਈ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। ਮਧੂ ਮੰਟੇਨਾ ਨਾਲ ‘ਗਜਨੀ’ ਵਿੱਚ ਕੰਮ ਕਰਨ ਵਾਲੇ ਅਦਾਕਾਰ ਆਮਿਰ ਖ਼ਾਨ, ਰਿਤਿਕ ਰੌਸ਼ਨ, ਰਾਜਕੁਮਾਰ ਰਾਓ ਆਪਣੀ ਪਤਨੀ ਪਤਰਲੇਖਾ, ਨਿਰਮਾਤਾ ਨਿਖਿਲ ਦਿਵੇਦੀ ਆਪਣੀ ਪਤਨੀ ਗੌਰੀ ਪੰਡਿਤ ਨਾਲ ਜੋੜੇ ਨੂੰ ਨਵੀਂ ਸ਼ੁਰੂਆਤ ਲਈ ਸ਼ੁਭ ਇੱਛਾਵਾਂ ਦੇਣ ਪੁੱਜੇ। ਖੂਬਸੂਰਤ ਪੁਸ਼ਾਕਾਂ ਵਿੱਚ ਸਜੇ ਜੋੜੇ ਨੇ ਖ਼ੁਸ਼ੀ-ਖੁਸ਼ੀ ਸਭ ਨਾਲ ਤਸਵੀਰਾਂ ਖਿਚਵਾਈਆਂ। ਇਸ ਤੋਂ ਪਹਿਲਾਂ ਮੰਟੇਨਾ ਅਤੇ ਤ੍ਰਿਵੇਦੀ ਨੇ ਇੰਟਰਨੈੱਟ ‘ਤੇ ਵਿਆਹ ਦਾ ਸੱਦਾ ਪੱਤਰ ਸਾਂਝਾ ਕੀਤਾ ਸੀ, ਜਿਸ ਵਿੱਚ ਵਿਆਹ ਦੀ ਤਰੀਕ ਅਤੇ ਪਾਰਟੀ ਦਾ ਜ਼ਿਕਰ ਸੀ। ਵਿਆਹ ਸਬੰਧੀ ਸਾਰੇ ਸਮਾਰੋਹ ਮੁੰਬਈ ‘ਚ ਹੋਏ। ‘ਗਜਨੀ’, ‘ਅਗਲੀ’ ਤੇ ‘ਉੱੜਤਾ ਪੰਜਾਬ’ ਲਈ ਜਾਣੇ ਜਾਂਦੇ ਨਿਰਮਾਤਾ ਮੰਟੇਨਾ ਦਾ ਮਸਾਬਾ ਨਾਲ 2015 ਵਿੱਚ ਵਿਆਹ ਹੋਇਆ ਸੀ ਅਤੇ ਦੋਵਾਂ ਨੇ 2019 ‘ਚ ਤਲਾਕ ਲੈ ਲਿਆ ਸੀ। -ਪੀਟੀਆਈ