For the best experience, open
https://m.punjabitribuneonline.com
on your mobile browser.
Advertisement

ਮਧਰਾਪਣ ਰੋਗ: ਮਾਹਿਰਾਂ ਵੱਲੋਂ ਝੋਨੇ ਤੇ ਬਾਸਮਤੀ ਦੀ ਪਨੀਰੀ ਦਾ ਮੁਆਇਨਾ

07:38 AM Jun 27, 2024 IST
ਮਧਰਾਪਣ ਰੋਗ  ਮਾਹਿਰਾਂ ਵੱਲੋਂ ਝੋਨੇ ਤੇ ਬਾਸਮਤੀ ਦੀ ਪਨੀਰੀ ਦਾ ਮੁਆਇਨਾ
ਝੋਨੇ ਦੀ ਪਨੀਰੀ ਦਾ ਨਿਰੀਖਣ ਕਰਦੇ ਹੋਏ ਖੇਤੀ ਮਾਹਿਰ।
Advertisement

ਸ਼ਗਨ ਕਟਾਰੀਆ
ਬਠਿੰਡਾ, 26 ਜੂਨ
ਝੋਨੇ/ਬਾਸਮਤੀ ਦੀ ਪਨੀਰੀ ਵਿੱਚ ਬੂਟਿਆਂ ਦੇ ਮਧਰੇਪਣ ਦਾ ਰੋਗ ਲੱਭਣ ਲਈ ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਪੱਬਾਂ ਭਾਰ ਹੋ ਗਿਆ ਹੈ। ਇਸ ਸੈਂਟਰ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਘਸੋਖਾਨਾ, ਭਾਈ ਬਖਤੌਰ, ਕੋਟਫੱਤਾ, ਕੋਟਭਾਰਾ ਅਤੇ ਘੁੰਮਣ ਕਲਾਂ ਵਿੱਚ ਦੇ ਖੇਤਾਂ ’ਚ ਜਾ ਕੇ ਪਨੀਰੀ ਦਾ ਮੁਆਇਨਾ ਕੀਤਾ ਗਿਆ।
ਸਹਾਇਕ ਪ੍ਰੋਫੈਸਰ ਕੀਟ ਵਿਗਿਆਨ ਡਾ. ਵਿਨੈ ਸਿੰਘ ਨੇ ਦੱਸਿਆ ਕਿ ਬੂਟਿਆਂ ਦਾ ਮਧਰਾਪਣ ਵਿਸ਼ਾਣੂ ਰੋਗ ਹੈ, ਜੋ ਚਿੱਟੀ ਪਿੱਠ ਵਾਲੇ ਟਿੱਡੇ ਤੋਂ ਫੈਲਦਾ ਹੈ। ਇਸ ਰੋਗ ਤੋਂ ਪ੍ਰਭਾਵਿਤ ਬੂਟੇ ਮਧਰੇ ਹੁੰਦੇ ਹਨ। ਇਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ, ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ ਤਿਹਾਈ ਰਹਿ ਜਾਂਦੀ ਹੈ ਅਤੇ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਰੋਗ ਦੀ ਰੋਕਥਾਮ ਲਈ ਖੇਤਾਂ ਨੂੰ ਡੂੰਘਾ ਵਾਹੋ ਅਤੇ ਪਿਛਲੀ ਰਹਿੰਦ-ਖੂੰਹਦ ਨੂੰ ਨਸ਼ਟ ਕਰ ਦਿਉ। ਪਾਣੀ ਵਾਲੇ ਖਾਲਾਂ ਅਤੇ ਵੱਟਾਂ ਨੂੰ ਨਦੀਨਾਂ ਤੋਂ ਮੁਕਤ ਰੱਖੋ। ਬਿਮਾਰੀ ਵਾਲੇ ਬੂਟਿਆਂ ਨੂੰ ਸ਼ੁਰੂ ਵਿੱਚ ਹੀ ਪੁੱਟ ਕੇ ਨਸ਼ਟ ਕਰ ਦਿਓ ਅਤੇ ਇਸ ਰੋਗ ਨੂੰ ਫੈਲਾਉਣ ਵਾਲੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਸੁਚੱਜੀ ਰੋਕਥਾਮ, ਪਨੀਰੀ ਦੀ ਬਿਜਾਈ ਤੋਂ ਹੀ ਸ਼ੁਰੂ ਕਰ ਦਿਉ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਝੋਨੇ ਦੀ ਫ਼ਸਲ ਦਾ ਸਰਵੇਖਣ ਕਰਦੇ ਰਹੋ ਅਤੇ ਇਸ ਟਿੱਡੇ ਦੀ ਆਮਦ ਦੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜੇ ਬੱਲਬ ਜਗਾ ਕੇ ਰੱਖੋ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਇਸ ਟਿੱਡੇ ਦੀ ਆਮਦ ਨਜ਼ਰ ਆਵੇ ਤਾਂ ਕਿਸਾਨ ਕਿਸੇ ਵੀ ਇੱਕ ਕੀਟਨਾਸ਼ਕ ਜਿਵੇਂ 94 ਮਿਲੀਲਿਟਰ ਪੈਕਸਾਲੋਨ 10 ਐਸਸੀ, 60 ਗ੍ਰਾਮ ਉਲਾਲਾ 50 ਡਬਲਯੂਜੀ, 80 ਗ੍ਰਾਮ ਉਸ਼ੀਨ/ ਟੋਕਨ/ ਡੋਮਿਨੇਂਟ 20 ਐਸਜੀ, 120 ਗ੍ਰਾਮ ਚੈੱਸ 50 ਡਬਲਯੂਜੀ ਜਾਂ 300 ਮਿਲੀਲਿਟਰ ਇਮੇਜਨ 10 ਐਸਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਟਿਆਂ ਦੇ ਮੁੱਢਾਂ ’ਤੇ ਛਿੜਕਾਅ ਕਰਨ।
ਇਸ ਬਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ. ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਨਰਸਰੀ/ ਪਨੀਰੀ ਦਾ ਰੋਜ਼ਾਨਾ ਸਰਵੇਖਣ ਕਰਨ ਅਤੇ ਮਧਰੇਪਣ ਦੀ ਸਮੱਸਿਆ ਆਉਣ ’ਤੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਕੇਵੀਕੇ ਵੱਲੋਂ ਲਗਪਗ 30 ਦੇ ਕਰੀਬ ਨਰਸਰੀਆਂ ਦਾ ਦੌਰਾ ਕੀਤਾ ਗਿਆ ਤੇ ਕਿਸੇ ਵੀ ਨਰਸਰੀ ਵਿੱਚ ਮਧਰੇਪਣ ਦਾ ਹਮਲਾ ਨਜ਼ਰ ਨਹੀਂ ਆਇਆ।

Advertisement

Advertisement
Author Image

Advertisement
Advertisement
×