ਮਾਧਵੀ ਕਟਾਰੀਆ ਵੱਲੋਂ ਪਿੰਗਲਵਾੜਾ ਦੀ ਪਲਸੌਰਾ ਬਰਾਂਚ ਦਾ ਦੌਰਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਨਵੰਬਰ
ਚੰਡੀਗੜ੍ਹ ਦੇ ਕਮਿਸ਼ਨਰ ਦਿਵਿਆਂਗ (ਡਿਸੇਬਲਿਟੀ) ਮਾਧਵੀ ਕਟਾਰੀਆ ਨੇ ਅੱਜ ਪਿੰਡ ਪਲਸੌਰਾ ਵਿੱਚ ਸਥਿਤ ਪਿੰਗਲਵਾੜੇ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਵਾਰਡਾਂ ਤੇ ਮੈਡੀਕਲ ਸਹੂਲਤਾਂ ਸਣੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਫਿਜ਼ੀਓਥੈਰੇਪੀ ਸੈਂਟਰ, ਡੈਂਟਲ ਕਲੀਨਿਕ, ਲੰਗਰ ਹਾਲ, ਧੋਬੀ-ਘਾਟ ਅਤੇ ਲਾਇਬ੍ਰੇਰੀ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸਪੈਸ਼ਲ ਬੱਚਿਆਂ ਵੱਲੋਂ ਬਣਾਈਆਂ ਕਲਾ-ਕ੍ਰਿਤੀਆਂ ਦੀ ਸ਼ਲਾਘਾ ਕੀਤੀ। ਮਰੀਜ਼ਾਂ ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਅਤੇ ਲੰਗਰ ਹਾਲ ਵਿਚ ਖਾਣੇ ਦੀ ਤਿਆਰੀ ਦਾ ਵੀ ਮੁਆਇਨਾ ਕੀਤਾ। ਉਨ੍ਹਾਂ ਮਰੀਜ਼ਾਂ ਦੇ ਇਲਾਜ ਅਤੇ ਐਮਰਜੈਂਸੀ ਸਮੇਂ ਮੌਜੂਦ ਐਂਬੂਲੈਂਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਸਪੈਸ਼ਲ ਸਕੂਲ ਦੀ ਪ੍ਰਿੰਸੀਪਲ ਪ੍ਰਿਆ ਨੇ ਸਕੂਲ ਦੀਆਂ ਹੋਰ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਪਲਸੌਰਾ ਪਿੰਗਲਵਾੜਾ ਬ੍ਰਾਂਚ ਦੇ ਪ੍ਰਬੰਧਤ ਸਰਦਾਰਾ ਸਿੰਘ ਚੀਮਾ ਤੇ ਹਰਪਾਲ ਸਿੰਘ ਨੇ ਕਮਿਸ਼ਨਰ ਅੱਗੇ ਮਰੀਜ਼ਾਂ ਦੇ ਆਧਾਰ ਕਾਰਡ, ਰੇਲਵੇ ਰਿਆਇਤੀ ਕਾਰਡ ਤੇ ਮਰੀਜ਼ਾਂ ਦੀਆਂ ਪੈਨਸ਼ਨਾਂ ਲਗਾਉਣ ਬਾਰੇ ਗੱਲ ਰੱਖੀ। ਇਸ ਤੋਂ ਇਲਾਵਾ ਪਿੰਗਲਵਾੜਾ ਨੂੰ ਜੋੜਦੀ ਅਧੂਰੀ ਸੜਕ ਨੂੰ ਪੂਰਾ ਕਰਾਉਣ ਦੀ ਬੇਨਤੀ ਵੀ ਕੀਤੀ।