ਮਾਧਵਨ ਨੇ ਮੈਕਰੌਂ ਤੇ ਮੋਦੀ ਨਾਲ ਕੀਤਾ ਭੋਜ
ਚੰਡੀਗੜ੍ਹ: ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਵੱਲੋਂ ਲੂਵਰ ਮਿਊਜ਼ੀਅਮ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਲ ਵਿੱਚ ਦਿੱਤੀ ਖਾਣੇ ਦੀ ਦਾਅਵਤ ਮੌਕੇ ਅਦਾਕਾਰ ਆਰ. ਮਾਧਵਨ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਯਾਦਗਾਰ ਦਾਅਵਤ ਮੌਕੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਆਰ. ਮਾਧਵਨ ਨੇ ਕਿਹਾ ਕਿ ਦੋ ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਨਿ੍ਹਾਂ ਦਾ ਵਿਅਕਤਿਤਵ ਭਵਿੱਖ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਦੋਵੇਂ ਮਿੱਤਰ ਦੇਸ਼ਾਂ ਵਿਚਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗਵਾਹੀ ਭਰਦਾ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਰਾਸ਼ਟਰਪਤੀ ਮੈਕਰੌਂ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਸ ਨਾਲ ਮਨੁੱਖਤਾ ਅਤੇ ਉਦਾਰਤਾ ਸਬੰਧੀ ਕੀਤੀ ਗੱਲਬਾਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮਾਧਵਨ ਨੇ ਕਿਹਾ, ‘ਪੈਰਿਸ ਵਿੱਚ 14 ਜੁਲਾਈ 2023 ਨੂੰ ਬੈਸਟਿਲ ਦਿਵਸ ਦੇ ਸਮਾਗਮਾਂ ਮੌਕੇ ਭਾਰਤ ਅਤੇ ਫਰਾਂਸ ਵਿਚਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨੇ ਅਤੇ ਦੋਵੇਂ ਦੇਸ਼ਾਂ ਦੇ ਬਾਸ਼ਿੰਦਿਆਂ ਦੀ ਭਲਾਈ ਲਈ ਕੁਝ ਕਰਨ ਦਾ ਜਜ਼ਬਾ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਰਾਸ਼ਟਰਪਤੀ ਮੈਕਰੌਂ ਵੱਲੋਂ ਦਿੱਤੀ ਗਈ ਖਾਣੇ ਦੀ ਦਾਅਵਤ ਬਹੁਤ ਹੀ ਲਾਜਵਾਬ ਰਹੀ। ਇਸ ਮੌਕੇ ਦੋਵੇਂ ਹੀ ਦਿੱਗਜ ਆਗੂਆਂ ਨੇ ਭਵਿੱਖ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ। ਆਪਣੀ ਇਸ ਪੋਸਟ ਨਾਲ ਅਦਾਕਾਰ ਨੇ ਰਾਸ਼ਟਰਪਤੀ ਮੈਕਰੌਂ ਤੇ ਪ੍ਰਧਾਨ ਮੰਤਰੀ ਮੋਦੀ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਮਾਧਵਨ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਮੈਕਰੌਂ ਨੇ ਖ਼ੁਦ ਉਸ ਨੂੰ ਆਪਣੇ ਤੇ ਪ੍ਰਧਾਨ ਮੰਤਰੀ ਮੋਦੀ ਨਾਲ ਸੈਲਫ਼ੀ ਲੈਣ ਲਈ ਕਿਹਾ ਸੀ। ਅਦਾਕਾਰ ਨੇ ਕਿਹਾ, ‘ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਦੋਵੇਂ ਆਗੂਆਂ ਦੀਆਂ ਭਵਿੱਖੀ ਯੋਜਨਾਵਾਂ ਨੂੰ ਬੂਰ ਪਵੇ ਤੇ ਸਭ ਦਾ ਭਲਾ ਹੋਵੇ।’ ਮਾਧਵਨ ਨੇ ਦੱਸਿਆ, ‘ਰਾਸ਼ਟਰਪਤੀ ਮੈਕਰੌਂ ਨੇ ਬੜੇ ਹੀ ਚਾਅ ਨਾਲ ਸੈਲਫ਼ੀ ਖਿੱਚੀ ਅਤੇ ਪ੍ਰਧਾਨ ਮੰਤਰੀ ਮੋਦੀ ਵੀ ਖੁਸ਼ੀ ਨਾਲ ਇਸ ਦਾ ਹਿੱਸਾ ਬਣੇ। ਇਹ ਪਲ ਸਦਾ ਮੇਰੀ ਯਾਦ ਵਿੱਚ ਉੱਕਰੇ ਰਹਿਣਗੇ।’ -ਟ੍ਰਬਿਿਊਨ ਵੈੱਬ ਡੈਸਕ