ਨਸ਼ੀਲੇ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਸਤੰਬਰ
ਆਰੀਆ ਕੰਨਿਆ ਕਾਲਜ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਐੱਨਐੱਸਐੱਸ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਰਾਜ ਸਿੰਘ ਡਿਸੋਦਿਆ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਹਸਪਤਾਲ ਸ਼ਾਹਬਾਦ ਨੇ ਬਤੌਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ 18 ਸਤੰਬਰ ਤੋਂ ਚਲ ਰਹੀ ਮੁਹਿੰਮ ਦੀ ਸਮਾਪਤੀ ਕੀਤੀ ਗਈ। ਇਹ ਪ੍ਰੋਗਰਾਮ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਸੰਜੁਲ ਗੁਪਤਾ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਗਰਾਮ ਦੀ ਜ਼ਿੰਮੇਵਾਰੀ ਡਾ. ਰਾਜਿੰਦਰ ਕੌਰ, ਸੰਯੋਜਕ ਮੈਡੀਕਲ ਸੈੱਲ, ਡਾ. ਪੂਨਮ ਸਿਵਾਚ, ਡਾ. ਹੇਮਾ ਸੁਖੀਜਾ ਐੱਲਐੱਸਐੱਸ ਪ੍ਰੋਗਰਾਮ ਅਧਿਕਾਰੀ ਤੇ ਡਾ. ਪ੍ਰਿਅੰਕਾ ਸਿੰਘ ਸੰਯੋਜਕ ਮਹਿਲਾ ਵਿਕਾਸ ਸੈੱਲ ਨੇ ਨਿਭਾਈ ਨੇ ਨਿਭਾਈ। ਡਾ. ਡਿਸੋਦਿਆ ਸਿੰਘ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਸਮੇਂ ਦਾ ਹਾਣੀ ਬਣਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਚਲਾਈਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਤੇ ਮੁਹਿੰਮ ਦਾ ਉਦੇਸ਼ ਵਿਦਿਆਰਥਣਾਂ ਨੂੰ ਸਰੀਰਕ ਤੇ ਮਾਨਸਿਕ ਰੂਪ ਨਾਲ ਸਿਹਤ ਦਾ ਖਿਆਲ ਰੱਖਣ ਲਈ ਜਾਗਰੂਕਤਾ ਫੈਲਾਉਣਾ ਸੀ। ਇਸ ਪ੍ਰੋਗਰਾਮ ਵਿੱਚ ਐੱਨਐੱਸਐੱਸ ਵਾਲੰਟੀਅਰਾਂ ਦੇ ਨਾਲ ਕਾਲਜ ਦੀਆਂ ਹੋਰ ਵਿਦਿਆਰਥਣਾਂ ਤੇ ਅਧਿਆਪਕਾਂ ਨੇ ਯੋਗਦਾਨ ਪਾਇਆ। ਮੰਚ ਦਾ ਸੰਚਾਲਨ ਡਾ. ਸਵਰਿਤੀ ਸ਼ਰਮਾ ਨੇ ਬਾਖੂਬੀ ਕੀਤਾ।