ਬਾਗ਼ਬਾਨੀ ਲਈ ਲੋੜੀਂਦੀ ਮਸ਼ੀਨਰੀ
ਅਰਸ਼ਦੀਪ ਸਿੰਘ, ਅਸੀਮ ਵਰਮਾ, ਅਨੂਪ ਦੀਕਸ਼ਿਤ*
ਖੇਤੀ ਮਸ਼ੀਨੀਕਰਨ ਆਧੁਨਿਕ ਖੇਤੀ ਲਈ ਜ਼ਰੂਰੀ ਬਣ ਗਿਆ ਹੈ। ਇਸ ਨਾਲ ਜਿੱਥੇ ਖੇਤੀ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ ਅਤੇ ਖੇਤੀ ਖ਼ਰਚੇ ਵਿੱਚ ਘਾਟ ਆਉਂਦੀ ਹੈ, ਉੱਥੇ ਹੀ ਖੇਤੀ ਕਾਮਿਆਂ ਦੀ ਔਖ ਵੀ ਘਟਦੀ ਹੈ। ਖੇਤੀ ਮਸ਼ੀਨੀਕਰਨ ਨਾਲ ਖੇਤੀ ਲਾਗਤਾਂ ਦੀ ਉਪਯੋਗਤਾ ਵਿੱਚ ਵਾਧਾ ਹੋਇਆ ਹੈ ਅਤੇ ਨਾਲ ਹੀ ਖੇਤੀ ਉਤਪਾਦ ਦੀ ਗੁਣਵੱਤਾ ਵੀ ਵਧੀ ਹੈ। ਖੇਤੀ ਮਸ਼ੀਨੀਕਰਨ ਨਾਲ ਕਿਸਾਨ ਖੇਤਾਂ ਵਿੱਚੋਂ ਇੱਕ ਤੋਂ ਵੱਧ ਫ਼ਸਲਾਂ ਲੈਣ ਦੇ ਸਮਰੱਥ ਹੋਏ ਹਨ। ਬਾਗ਼ਬਾਨੀ ਫ਼ਸਲਾਂ ਦੇ ਮਸ਼ੀਨੀਕਰਨ ਨਾਲ ਇਨ੍ਹਾਂ ਹੇਠ ਰਕਬਾ ਵਧਣ ਦੀ ਸੰਭਾਵਨਾ ਹੈ ਕਿਉਂਕ ਇਨ੍ਹਾਂ ਫ਼ਸਲਾਂ ਲਈ ਲੇਬਰ ਦੀ ਬਹੁਤ ਘੱਟ ਲੋੜ ਹੁੰਦੀ ਹੈ।
ਲੇਜ਼ਰ ਵਾਲਾ ਕਰਾਹ: ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਗਿਰਾਵਟ ਪੰਜਾਬ ਦੀ ਖੇਤੀ ਲਈ ਚਿੰਤਾ ਦਾ ਵਿਸ਼ਾ ਹੈ। ਪਾਣੀ ਦੀ ਸੁਚੱਜੀ ਵਰਤੋਂ ਇਸ ਸਮੇਂ ਦੀ ਅਹਿਮ ਲੋੜ ਹੈ। ਲੇਜ਼ਰ ਵਾਲਾ ਕਰਾਹ ਅਜਿਹੀ ਤਕਨਾਲੋਜੀ ਹੈ ਜਿਸ ਖੇਤ ਵਿੱਚ ਲੱਗਣ ਵਾਲੇ ਪਾਣੀ ਦੇ ਸਮੇਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਇਕਸਾਰ ਪੱਧਰ ਦਾ ਪਾਣੀ ਲਗਾਇਆ ਜਾ ਸਕਦਾ ਹੈ। ਲੇਜ਼ਰ ਵਾਲੇ ਕਰਾਹ ਨੂੰ 50 ਹਾਰਸਪਾਵਰ ਜਾਂ ਵੱਧ ਤਾਕਤ ਦੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਨਾਲ 25-30 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ।
ਟਰੈਕਟਰ ਨਾਲ ਚੱਲਣ ਵਾਲਾ ਆਫਸੈਟ ਰੋਟਾਵੇਟਰ: ਟਰੈਕਟਰ ਨਾਲ ਚੱਲਣ ਵਾਲੇ ਆਫਸੈਟ ਰੋਟਾਵੇਟਰ ਦੀ ਵਰਤੋਂ ਫ਼ਲਾਂ ਅਤੇ ਜੰਗਲਾਤ ਦਰੱਖਤਾਂ ਦੇ ਖੇਤਾਂ ਵਿੱਚ ਗੋਡੀ ਕਰਨ ਜਾਂ ਦੋਹਰੀ ਫ਼ਸਲ ਦੀ ਬਿਜਾਈ ਲਈ ਜ਼ਮੀਨ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਟਰੈਕਟਰ ਦੇ ਪੀਟੀਓ ਨਾਲ ਚੱਲਣ ਵਾਲੇ ਆਫਸੈਟ ਰੋਟਾਵੇਟਰ ਦੀ ਵਰਤੋਂ ਨਾਲ ਦਰੱਖਤਾਂ ਦੇ ਥੱਲੇ ਵਹਾਈ ਅਤੇ ਗੁਡਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਹ ਮਸ਼ੀਨ 45 ਹਾਰਸ ਪਾਵਰ ਜਾਂ ਇਸ ਤੋਂ ਵੱਧ ਪਾਵਰ ਵਾਲੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ। ਆਫਸੈਟ ਰੋਟਾਵੇਟਰ ਮਸ਼ੀਨ ਵਿਚ ਹਾਈਡ੍ਰੌਲਿਕ ਪਾਵਰ ਵਾਲਾ ਸਿਸਟਮ ਲੱਗਿਆ ਹੋਇਆ ਹੈ, ਜਿਹੜਾ ਕਿ ਮਸ਼ੀਨ ਦੇ ਸੈਂਸਰ ਦੁਆਰਾ ਦਰੱਖਤ ਦੇ ਮੁੱਢ ਨੂੰ ਛੂਹਣ ’ਤੇ ਮਸ਼ੀਨ ਨੂੰ ਦਰੱਖਤਾਂ ਦੀ ਲਾਈਨ ਤੋਂ ਹਟਾ ਕੇ ਵਾਪਸ ਟਰੈਕਟਰ ਪਿੱਛੇ ਲੈ ਜਾਂਦਾ ਹੈ। ਜਦੋਂ ਮਸ਼ੀਨ ਦਰੱਖਤ ਦਾ ਮੁੱਢ ਪਾਰ ਕਰ ਲੈਂਦੀ ਹੈ ਤਾਂ ਸੈਂਸਰ ਉੱਪਰ ਪੈਂਦਾ ਦਬਾਅ ਹਟ ਜਾਂਦਾ ਹੈ ਅਤੇ ਰੋਟਾਵੇਟਰ ਆਪਣੇ ਆਪ ਦਰੱਖਤਾਂ ਦੀ ਕਤਾਰ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਆਟੋਮੈਟਿਕ ਸੈਂਸਰ ਵਾਲੇ ਸਿਸਟਮ ਕਰ ਕੇ ਰੋਟਾਵੇਟਰ ਦਰੱਖਤਾਂ ਦੇ ਮੁੱਢ ਨਾਲ ਨਹੀਂ ਟਕਰਾਉਂਦਾ ਅਤੇ ਡਰਾਈਵਰ ਆਪਣਾ ਪੂਰਾ ਧਿਆਨ ਟਰੈਕਟਰ ਅੱਗੇ ਚਲਾਉਣ ਵੱਲ ਲਗਾ ਸਕਦਾ ਹੈ। ਇਸ ਮਸ਼ੀਨ ਨੂੰ ਕਿੰਨੂ, ਨਾਸ਼ਪਤੀ, ਆੜੂ ਆਦਿ ਦੇ ਬਾਗਾਂ ਵਿਚ ਵਰਤਿਆ ਜਾ ਸਕਦਾ ਹੈ। ਮਸ਼ੀਨ ਦੀ ਕੰਮ ਕਰਨ ਦੀ ਸਮਰੱਥਾ 0.50 ਏਕੜ ਪ੍ਰਤੀ ਘੰਟਾ ਹੈ।
ਟਰੈਕਟਰ ਚਲਿਤ ਪੋਸਟ ਹੋਲ ਡਿੱਗਰ: ਇਹ ਮਸ਼ੀਨ ਬਾਗ਼ਬਾਨੀ ਲਈ ਟੋਏ ਪੁੱਟਣ ਦਾ ਕੰਮ ਕਰਦੀ ਹੈ। ਟੋਏ ਦਾ ਘੇਰਾ 15 ਤੋਂ 75 ਸੈਂਟੀਮੀਟਰ ਅਤੇ ਡੁੰਘਾਈ 90 ਸੈਂਟੀਮੀਟਰ ਹੋ ਸਕਦੀ ਹੈ। ਇਹ ਮਸ਼ੀਨ ਦੀ ਪੀਟੀਓ ਦੁਆਰਾ ਗੇਅਰ ਬਾਕਸ ਨਾਲ ਚੱਲਦੀ ਹੈ ਅਤੇ ਟਰੈਕਟਰ ਦੀਆਂ ਲਿੰਕਾਂ ਉੱਤੇ ਇਸ ਨੂੰ ਫਿੱਟ ਕੀਤਾ ਜਾਂਦਾ ਹੈ ਆਮ ਹਾਲਤ ਵਿੱਚ ਇਹ ਮਸ਼ੀਨ ਇੱਕ ਘੰਟੇ ਵਿੱਚ 90 ਸੈਂਟੀਮੀਟਰ ਡੁੰਘਾਈ ਦੇ 60-70 ਟੋਏ ਪੁੱਟਦੀ ਹੈ।
ਟਰੈਕਟਰ ਨਾਲ ਵੱਟਾਂ ਬਣਾਉਣ ਅਤੇ ਪਲਾਸਟਿਕ ਮੱਲਚ ਵਿਛਾਉਣ ਵਾਲੀ ਮਸ਼ੀਨ: ਪੋਲੀਥੀਨ ਮੱਲਚ ਦੇ ਕਈ ਫ਼ਾਇਦੇ ਹਨ ਜਿਵੇਂ ਕਿ ਜ਼ਮੀਨ ਦਾ ਤਾਪਮਾਨ ਠੀਕ ਰੱਖਣਾ, ਮਿੱਟੀ ਦੀ ਸਲ੍ਹਾਬ, ਬਣਤਰ ਤੇ ਉਪਜਾਊਪਣ ਬਚਾ ਕੇ ਰੱਖਣਾ ਅਤੇ ਨਦੀਨਾਂ, ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣਾ ਜਿਸ ਨਾਲ ਫ਼ਸਲ ਦੀ ਉਪਜ ’ਤੇ ਚੰਗਾ ਅਸਰ ਪੈਂਦਾ ਹੈ। ਇਹ ਮਸ਼ੀਨ ਚਾਰ ਕੰਮ ਇਕੱਠੇ ਕਰਦੀ ਹੈ ਜਿਵੇਂ ਕਿ ਵੱਟਾਂ ਬਣਾਉਣੀਆਂ, ਤੁਪਕਾ ਸਿੰਜਾਈ ਲਈ ਪਾਈਪ ਵਿਛਾਉਣਾ, ਮੱਲਚ ਵਿਛਾਉਣਾ ਅਤੇ ਲੋੜ ਅਨੁਸਾਰ ਦੂਰੀ ’ਤੇ ਸੁਰਾਖ ਕਰਨਾ। ਇਸ ਮਸ਼ੀਨ ਨੂੰ ਚਲਾਉਣ ਲਈ 30 ਹਾਰਸ ਪਾਵਰ ਵਾਲੇ ਟਰੈਕਟਰ ਦੀ ਲੋੜ ਹੈ। ਵੱਟਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਰੱਖੀ ਜਾ ਸਕਦੀ ਹੈ।
ਸਬਜ਼ੀਆਂ ਦੀ ਪਨੀਰੀ ਲਗਾਉਣ ਲਈ ਟਰਾਂਸਪਲਾਂਟਰ: ਸਬਜ਼ੀਆਂ ਦੀ ਪਨੀਰੀ ਨੂੰ ਲਗਾਉਣ ਲਈ ਦੋ ਕਤਾਰਾਂ ਵਾਲਾ ਸੈਮੀ ਆਟੋਮੈਟਿਕ ਵੈਜੀਟੇਬਲ ਟਰਾਂਸਪਲਾਂਟਰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਸ ਵੈਜੀਟੇਬਲ ਟਰਾਂਸਪਲਾਂਟਰ ਨਾਲ ਟਮਾਟਰ, ਬੈਂਗਣ ਅਤੇ ਮਿਰਚਾਂ ਦੀ ਖੇਤ ਵਿੱਚ ਤਿਆਰ ਕੀਤੀ ਪਨੀਰੀ ਨੂੰ ਖੇਤਾਂ ਵਿੱਚ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ। ਮਸ਼ੀਨ ਵਿਚ ਦੋ ਰਿਜ ਬੌਟਮ, ਦੋ ਖੜ੍ਹਵੇਂ ਫਿੱਗਰ ਟਾਈਪ ਮੀਟਿਰਿੰਗ ਯੂਨਿਟ, ਅਪਰੇਟਰਾਂ ਦੇ ਬੈਠਣ ਲਈ ਦੋ ਸੀਟਾਂ, ਪਾਣੀ ਦੀ ਟੈਂਕੀ ਅਤੇ ਦੋ ਗਰਾਊਂਡ ਵ੍ਹੀਲ ਲੱਗੇ ਹਨ। ਇਸ ਮਸ਼ੀਨ ਨੂੰ 50 ਜਾਂ ਇਸ ਤੋਂ ਵਧੇਰੇ ਹਾਰਸ ਪਾਵਰ ਵਾਲੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਮਸ਼ੀਨ ਦੀ ਸਮਰੱਥਾ 0.20-0.22 ਏਕੜ ਪ੍ਰਤੀ ਘੰਟਾ ਹੈ। ਮਸ਼ੀਨ ਨਾਲ ਬੂਟਿਆਂ ਦੀ ਲਵਾਈ ਸਮੇਂ ਮਿਸਿੰਗ 4% ਤੋਂ ਵੀ ਘੱਟ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਹੱਥੀਂ ਲਵਾਈ ਨਾਲੋਂ ਲਗਭਗ 75-80% ਮਜ਼ਦੂਰਾਂ ਦੀ ਬੱਚਤ ਹੁੰਦੀ ਹੈ।
ਸਬਜ਼ੀਆਂ ਦੀ ਸੈੱਲ ਟਾਈਪ ਪਨੀਰੀ ਲਗਾਉਣ ਲਈ ਵੈਜੀਟੇਬਲ ਟਰਾਂਸਪਲਾਂਟਰ: ਸਬਜ਼ੀਆਂ ਦੀ ਸੈੱਲ ਟਾਈਪ ਪਨੀਰੀ (ਟਰੇਅ ਵਿੱਚ ਤਿਆਰ ਕੀਤੀ) ਨੂੰ ਲਗਾਉਣ ਲਈ ਦੋ ਕਤਾਰਾਂ ਵਾਲਾ ਸੈਮੀ ਆਟੋਮੈਟਿਕ ਵਰਟੀਕਲ ਕੱਪ ਟਾਈਪ ਵੈਜੀਟੇਬਲ ਟਰਾਂਸਪਲਾਂਟਰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਸ ਨਾਲ ਟਮਾਟਰ, ਬੈਂਗਣ ਅਤੇ ਮਿਰਚਾਂ ਦੀ ਸੈੱਲ ਟਾਈਪ ਪਨੀਰੀ ਨੂੰ ਖੇਤਾਂ ਵਿੱਚ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ। ਮਸ਼ੀਨ ਵਿਚ ਦੋ ਰਿਜ ਬੌਟਮ, ਦੋ ਖੜ੍ਹਵੇਂ ਕਪਟਾਈਪ ਮੀਟਿਰਿੰਗ ਯੂਨਿਟ, ਅਪਰੇਟਰਾਂ ਦੇ ਬੈਠਣ ਲਈ ਦੋ ਸੀਟਾਂ, ਨਰਸਰੀ ਲਈ ਦੋ ਟਰੇਅ ਸਟੈਂਡ ਅਤੇ ਦੋ ਗਰਾਊਂਡ ਵ੍ਹੀਲ ਲੱਗੇ ਹਨ। ਇਸ ਮਸ਼ੀਨ ਨੂੰ 50 ਜਾਂ ਇਸ ਤੋਂ ਵਧੇਰੇ ਹਾਰਸ ਪਾਵਰ ਵਾਲੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਗਰਾਊਂਡ ਵ੍ਹੀਲ ਅਤੇ ਮੀਟਿਰਿੰਗ ਵ੍ਹੀਲ ਦੀ ਗੀਅਰ ਰੇਸ਼ੋ ਨੂੰ ਬਦਲ ਕੇ ਬੂਟੇ ਤੋਂ ਬੂਟੇ ਦਾ ਫ਼ਾਸਲਾ ਬਦਲਿਆ ਜਾ ਸਕਦਾ ਹੈ। ਮਸ਼ੀਨ ਦੀ ਸਮਰੱਥਾ 0.27-0.37 ਏਕੜ ਪ੍ਰਤੀ ਘੰਟਾ ਹੈ। ਮਸ਼ੀਨ ਨਾਲ ਬੂਟਿਆਂ ਦੀ ਲਵਾਈ ਸਮੇਂ ਮਿਸਿੰਗ 4% ਤੋਂ ਵੀ ਘੱਟ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਹੱਥੀਂ ਲਵਾਈ ਨਾਲੋਂ ਲਗਭਗ 85% ਮਜ਼ਦੂਰਾਂ ਦੀ ਬੱਚਤ ਹੁੰਦੀ ਹੈ।
ਟਰੈਕਟਰ ਨਾਲ ਚੱਲਣ ਵਾਲੀ ਪਿੱਕ ਪੁਜੀਸ਼ਨਰ: ਟਰੈਕਟਰ ਨਾਲ ਚੱਲਣ ਵਾਲੀ ਪਿੱਕ ਪੁਜੀਸ਼ਨਰ ਮਸ਼ੀਨ ਬਾਗ਼ਾਂ ਵਿੱਚ ਫਲਾਂ ਦੀ ਤੁੜਾਈ ਅਤੇ ਦਰੱਖਤਾਂ ਦੀ ਕਾਂਟ-ਛਾਂਟ ਕਰਨ ਲਈ ਬਣਾਈ ਗਈ ਹੈ। ਪਿੱਕ ਪੁਜੀਸ਼ਨਰ ਮਸ਼ੀਨ ਵਿੱਚ ਮੁੱਖ ਤੌਰ ’ਤੇ ਇੱਕ ਪਲੈਟਫਾਰਮ ਬਣਿਆ ਹੁੋਇਆ ਹੈ ਜਿਸ ਉੱਪਰ ਕਾਮਾ ਫ਼ਲਾਂ ਦੀ ਤੁੜਾਈ ਤਕਰੀਬਨ 9.6 ਮੀਟਰ (32 ਫੁੱਟ) ਦੀ ਉੱਚਾਈ ਤੱਕ ਕਰ ਸਕਦਾ ਹੈ। ਇਸ ਦੀ ਉਚਾਈ ਨੂੰ ਘਟਾਇਆ-ਵਧਾਇਆ ਜਾ ਸਕਦਾ ਹੈ ਪਰ ਇਸ ਨੂੰ ਖੱਬੇ ਸੱਜੇ ਕਰਨ ਲਈ ਟਰੈਕਟਰ ਦੀ ਪੁਜੀਸ਼ਨ ਨੂੰ ਬਦਲਣਾ ਪੈਂਦਾ ਹੈ। ਇਸ ਦੀ ਉਚਾਈ ਨੂੰ ਘਟਾਉਣ-ਵਧਾਉਣ ਲਈ ਇੱਕ ਡਬਲ ਹਾਈਡ੍ਰੌਲਿਕ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਫ਼ਲਾਂ ਦੀ ਤੁੜਾਈ ਕਰਨ ਨਾਲ ਤਕਰੀਬਨ 75 ਪ੍ਰਤੀਸ਼ਤ ਅਤੇ ਕਾਂਟ-ਛਾਂਟ ਦੇ ਕੰਮ ਲਈ ਤਕਰੀਬਨ 90 ਪ੍ਰਤੀਸ਼ਤ ਕਾਮਿਆਂ ਦੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਆਮ ਢੰਗ ਨਾਲ ਤੁੜਾਈ ਵੇਲੇ ਫ਼ਲ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕਦਾ ਹੈ। ਇਸ ਮਸ਼ੀਨ ਨਾਲ ਟਹਿਣੀਆਂ ਦੇ ਸਿਰਿਆਂ ’ਤੇ ਲੱਗੇ ਫ਼ਲਾਂ ਦੀ ਤੁੜਾਈ ਵੀ ਸੰਭਵ ਹੈ, ਜਿਨ੍ਹਾਂ ਦੀ ਰਵਾਇਤੀ ਢੰਗ ਨਾਲ ਤੁੜਾਈ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ।
*ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਪੀਏਯੂ ਲੁਧਿਆਣਾ।