ਮਕਾਊ ਓਪਨ: ਕਿਦਾਂਬੀ ਸ੍ਰੀਕਾਂਤ ਸਣੇ ਤਿੰਨ ਭਾਰਤੀ ਦੂਜੇ ਗੇੜ ’ਚ
ਮਕਾਊ, 25 ਸਤੰਬਰ
ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਅਤੇ ਉਸ ਦੇ ਹਮਵਤਨ ਆਯੂਸ਼ ਸ਼ੈੱਟੀ ਅਤੇ ਤਸਨੀਮ ਮੀਰ ਨੇ ਅੱਜ ਇੱਥੇ ਮਕਾਊ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲਜ਼ ਵਰਗ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਛੇਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਮਈ ਵਿੱਚ ਲੱਗੀ ਸੱਟ ਤੋਂ ਉਭਰਨ ਤੋਂ ਬਾਅਦ ਆਪਣੇ ਪਹਿਲੇ ਮੁਕਾਬਲੇ ਵਿੱਚ ਹਿੱਸਾ ਲੈਂਦਿਆਂ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਇਜ਼ਰਾਈਲ ਦੇ ਦਾਨਿਲ ਦੁਬੋਵੇਂਕੋ ਨੂੰ 21-14, 21-15 ਨਾਲ ਹਰਾਇਆ। ਇਸੇ ਤਰ੍ਹਾਂ 2023 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਆਯੂਸ਼ ਨੇ ਹਮਵਤਨ ਅਲਾਪ ਮਿਸ਼ਰਾ ਨੂੰ 21-13, 21-5 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਸਾਬਕਾ ਵਿਸ਼ਵ ਜੂਨੀਅਰ ਨੰਬਰ ਇੱਕ ਤਸਨੀਮ ਨੇ ਹਮਵਤਨ ਦੇਵਿਕਾ ਸਿਹਾਗ ਨੂੰ 15-21, 21-18, 22-20 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ ਹੈ।
ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਵਿਸ਼ਵ ਚੈਂਪੀਅਨਸ਼ਿਪ 2021 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸ੍ਰੀਕਾਂਤ ਦਾ ਸਾਹਮਣਾ ਉੜੀਸਾ ਮਾਸਟਰਜ਼ 2023 ਦੇ ਉਪ ਜੇਤੂ ਆਯੂਸ਼ ਨਾਲ ਹੋਵੇਗਾ। ਤਸਨੀਮ ਦਾ ਅਗਲਾ ਮੁਕਾਬਲਾ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਅਤੇ ਚੌਥਾ ਦਰਜਾ ਪ੍ਰਾਪਤ ਜਪਾਨ ਦੀ ਤੋਮੋਕਾ ਮਿਆਜ਼ਾਕੀ ਨਾਲ ਹੋਵੇਗਾ। ਮਿਕਸਡ ਡਬਲਜ਼ ਵਿੱਚ ਬੀ ਸੁਮਿਤ ਰੈੱਡੀ ਅਤੇ ਐੱਨ ਸਿੱਕੀ ਰੈੱਡੀ ਨੇ ਪਹਿਲੇ ਗੇੜ ਵਿੱਚ ਲੂ ਬਿੰਗ ਕੁਨ ਅਤੇ ਹੋ ਲੋ ਈ ਦੀ ਮਲੇਸ਼ਿਆਈ ਜੋੜੀ ਨੂੰ 24-22, 10-21, 21-13 ਨਾਲ ਹਰਾਇਆ। ਹਾਲਾਂਕਿ ਭਾਰਤ ਦੀ ਤਾਨਿਆ ਹੇਮੰਤ, ਅਨੁਪਮਾ ਉਪਾਧਿਆਏ, ਈਸ਼ਾਰਾਣੀ, ਚਿਰਾਗ ਸੇਨ, ਐੱਸ ਸ਼ੰਕਰ ਮੁੱਥੂਸਵਾਮੀ ਸੁਬਰਾਮਨੀਅਮ, ਸਮੀਰ ਵਰਮਾ ਅਤੇ ਮਿਥੁਨ ਮੰਜੂਨਾਥ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤਾਨਿਆ ਨੂੰ ਕਰੀਬੀ ਮੁਕਾਬਲੇ ਵਿੱਚ ਤਾਇਵਾਨ ਦੀ ਲਿਆਂਗ ਤਿੰਗ ਯੂ ਤੋਂ 18-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਅਨੁਪਮਾ ਜਪਾਨ ਦੀ ਰੀਕੋ ਗੁੰਜੀ ਹੱਥੋਂ 12-21, 22-20, 7-21 ਨਾਲ ਹਾਰ ਗਈ। ਈਸ਼ਾਰਾਣੀ ਨੂੰ ਵੀ ਚੀਨ ਦੀ ਵੂ ਲਿਆਓ ਯੂ ਤੋਂ 7-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ