For the best experience, open
https://m.punjabitribuneonline.com
on your mobile browser.
Advertisement

ਦੋ ਪੈਰ ਘੱਟ ਤੁਰਨ ਵਾਲਾ ਗੀਤਕਾਰ ਬਲਵੀਰ ਗਰੇਵਾਲ

10:56 AM Aug 24, 2024 IST
ਦੋ ਪੈਰ ਘੱਟ ਤੁਰਨ ਵਾਲਾ ਗੀਤਕਾਰ ਬਲਵੀਰ ਗਰੇਵਾਲ
Advertisement

ਸੁਰਜੀਤ ਜੱਸਲ

ਗੀਤਕਾਰ ਬਲਵੀਰ ਗਰੇਵਾਲ ਨੇ ਭਾਵੇਂ ਘੱਟ ਗੀਤ ਲਿਖੇ, ਪਰ ਜੋ ਵੀ ਲਿਖੇ ਉਹ ਬੇਹੱਦ ਮਕਬੂਲ ਹੋਏ। ਉਸ ਨੇ ਆਪਣੇ ਜ਼ਿਆਦਾਤਰ ਗੀਤਾਂ ਵਿੱਚ ਸਮਾਜਿਕ ਅਤੇ ਪਰਿਵਾਰਕ ਵਿਸ਼ਿਆਂ ਦੀ ਹੀ ਗੱਲ ਕੀਤੀ ਹੈ। ਇਸੇ ਕਰਕੇ ਉਸ ਦੇ ਗੀਤ ਹੱਟੀ-ਭੱਠੀ ਸੁਣੇ ਜਾਂਦੇ ਸੀ। 1980 ਵਿੱਚ ਜਦ ਫੀਅਟ ਕਾਰ ਨਵੀਂ-ਨਵੀਂ ਆਈ ਸੀ ਤਾਂ ਉਨ੍ਹਾਂ ਸਮਿਆਂ ’ਚ ਬਲਵੀਰ ਦਾ ਲਿਖਿਆ ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ ਦਾ ਗਾਇਆ ਗੀਤ ‘ਤੇਰੀ ਫੀਅਟ ’ਤੇ ਜੇਠ ਨਜ਼ਾਰੇ ਲੈਂਦਾ’ ਇੰਨਾ ਹਰਮਨ ਪਿਆਰਾ ਹੋਇਆ ਕਿ ਅੱਜ ਵੀ ਇਹ ਲੋਕਾਂ ਦੀ ਜ਼ੁਬਾਨ ’ਤੇ ਹੈ।
ਬਠਿੰਡਾ ਜ਼ਿਲ੍ਹੇ ਦੇ ਸੰਗਤ ਮੰਡੀ ਨੇੜਲੇ ਪਿੰਡ ਬਾਂਡੀ ਵਿਖੇ ਪਿਤਾ ਧੰਨਾ ਸਿੰਘ ਤੇ ਮਾਤਾ ਜੋਗਿੰਦਰ ਕੌਰ ਦੇ ਘਰ ਪੈਦਾ ਹੋਏ ਬਲਵੀਰ ਨੇ ਦੱਸਿਆ ਕਿ ਗੀਤ ਲਿਖਣ ਦੀ ਚੇਟਕ ਉਸ ਨੂੰ ਨਿਆਣੀ ਉਮਰੇ ਸਕੂਲ ਪੜ੍ਹਦਿਆਂ ਹੀ ਲੱਗੀ। ਬਨੇਰਿਆਂ ’ਤੇ ਵੱਜਦੇ ਸਪੀਕਰ ਸੁਣਦਿਆਂ ਦੀਦਾਰ ਸੰਧੂ ਦੀ ਗਾਇਕੀ ਦਾ ਉਸ ’ਤੇ ਵਧੇਰੇ ਪ੍ਰਭਾਵ ਪਿਆ। ਇਸੇ ਪ੍ਰਭਾਵ ਸਦਕਾ ਉਹ ਵੀ ਗੀਤ ਲਿਖਣ ਲੱਗ ਪਿਆ। ਭਾਵੇਂ ਪਰਿਵਾਰਕ ਮਾਹੌਲ ਨੇ ਉਸ ਨੂੰ ਇਸ ਸ਼ੌਕ ਤੋਂ ਵਰਜਿਆ, ਪਰ ਉਸ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਚੋਰੀ ਛੁਪੇ ਆਪਣੇ ਸ਼ੌਕ ਨੂੰ ਬਰਕਰਾਰ ਰੱਖਿਆ। ਉਹ ਦਸਵੀਂ ਕਰਕੇ ਹਟਿਆ ਹੀ ਸੀ ਤਾਂ ਉਸ ਦੀ ਮਿੱਤਰ ਮੰਡਲੀ ਨੇ ਦੀਦਾਰ ਸੰਧੂ ਨੂੰ ਗੁਰੂ ਧਾਰਨ ਲਈ ਪ੍ਰੇਰਿਤ ਕੀਤਾ ਤੇ ਇੱਕ ਦਿਨ ਆਪਣੇ ਮਿੱਤਰ ਨਾਲ ਲੁਧਿਆਣੇ ਵੱਲ ਨੂੰ ਚਾਲੇ ਪਾ ਦਿੱਤੇ। ਦਫ਼ਤਰ ਜਾ ਕੇ ਪਤਾ ਲੱਗਿਆ ਕਿ ਉਹ ਤਾਂ ਪ੍ਰੋਗਰਾਮਾਂ ਵਿੱਚ ਮਸ਼ਰੂਫ਼ ਹੈ, ਕਦੇ-ਕਦੇ ਹੀ ਦਫ਼ਤਰ ਆਉਂਦਾ ਹੈ। ਉਹ ਉਸ ਦੀ ਉਡੀਕ ਵਿੱਚ ਬੈਠ ਗਿਆ ਤੇ ਜਦ ਗਿਆਰ੍ਹਵੇਂ ਦਿਨ ਦੀਦਾਰ ਸੰਧੂ ਆਪਣੇ ਦਫ਼ਤਰ ਆਇਆ ਤਾਂ ਉਸ ਨੇ ਸੰਧੂ ਦੇ ਪੈਰ ਫੜ ਲਏ। ਦੀਦਾਰ ਨੇ ਉਸ ਦੀ ਸਾਰੀ ਵਿਥਿਆ ਸੁਣੀ ਤੇ ਗਲ ਨਾਲ ਲਾ ਲਿਆ। ਉਸ ਨੇ ਬਲਵੀਰ ਦੇ ਸਿਦਕ ਅਤੇ ਲਗਨ ਨੂੰ ਵੇਖਦਿਆਂ ਝੱਟ ਆਪਣਾ ਸ਼ਾਗਿਰਦ ਬਣਾ ਲਿਆ। ਜਦੋਂ ਉਸਤਾਦੀ-ਸ਼ਾਗਿਰਦੀ ਦੀ ਰਸਮ ਹੋਈ ਤਾਂ ਹਰਚਰਨ ਗਰੇਵਾਲ, ਕਰਨੈਲ ਗਿੱਲ, ਚਮਨ ਲਾਲ ਚਮਨ, ਨੀਲਮ ਦੱਤਾ, ਸੁਮਨ ਦੱਤਾ ਤੇ ਹੋਰ ਵੀ ਕਈ ਗਾਇਕ ਹਾਜ਼ਰ ਸਨ।
ਬਲਵੀਰ ਗਰੇਵਾਲ ਨੇ ਦੱਸਿਆ ਕਿ ਉਸ ਦਾ ਲਿਖਿਆ ਦਿਉਰ ਭਰਜਾਈ ਵਿਸ਼ੇ ਦਾ ਪਹਿਲਾ ਗੀਤ ‘ਭਾਬੀ ਤੇਰੀ ਭੈਣ’ ਸਤਿੰਦਰ ਬੀਬਾ ਤੇ ਅਮੀਰ ਸਿੰਘ ਰਾਣਾ ਦੀ ਆਵਾਜ਼ ’ਚ ਰਿਕਾਰਡ ਹੋਇਆ। ਇਸ ਪਹਿਲੇ ਗੀਤ ਨੂੰ ਹੀ ਐਨੀ ਪ੍ਰਸਿੱਧੀ ਮਿਲੀ ਕਿ ਬਾਅਦ ਵਿੱਚ ਕਈ ਹੋਰ ਗਾਇਕਾਂ ਨੇ ਵੀ ਇਸ ਨੂੰ ਗਾਇਆ। ਉਸ ਦੀ ਕਲਮ ਦਾ ਉਹ ਸੁਨਹਿਰੀ ਦੌਰ ਸੀ ਕਿ ਪਹਿਲੇ ਗੀਤ ਦੇ ਕੁਝ ਦਿਨਾਂ ਬਾਅਦ ਹੀ ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ ਦੀ ਆਵਾਜ਼ ’ਚ ਜੇਠ ਭਰਜਾਈ ਦੀ ਦਾਸਤਾਨ ਬਿਆਨਦਾ ਗੀਤ ‘ਜੇਠ ਹੱਥੋਂ ਛੰਨਾ ਡਿੱਗਿਆ...’ ਰਿਕਾਰਡ ਹੋ ਕੇ ਆ ਗਿਆ। ਇਸ ਗੀਤ ਨੂੰ ਵੀ ਸਰੋਤਿਆਂ ਨੇ ਬੇਹੱਦ ਪਿਆਰ ਦਿੱਤਾ। ਫਿਰ ਮਹੀਨੇ ਕੁ ਬਾਅਦ ਕਰਤਾਰ ਰਮਲਾ ਤੇ ਸੁਖਵੰਤ ਸੁੱਖੀ ਦੀ ਆਵਾਜ਼ ਵਿੱਚ ਅਮਲੀਆਂ ਦਾ ਹਾਲ ਪੇਸ਼ ਕਰਦਾ ਦੋਗਾਣਾ ‘ਕੰਮ ਨੀਂ ਮੀਟਰ ਕਰਦਾ’ ਵੀ ਆ ਗਿਆ। ਇਨ੍ਹਾਂ ਚੰਦ ਗੀਤਾਂ ਦੀ ਪ੍ਰਸਿੱਧੀ ਨੇ ਬਲਵੀਰ ਗਰੇਵਾਲ ਨੂੰ ਉਸ ਵੇਲੇ ਦੇ ਨਾਮੀਂ ਗੀਤਕਾਰਾਂ ਵਿੱਚ ਲਿਆ ਖੜ੍ਹਾਇਆ।
ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ ਦੀ ਆਵਾਜ਼ ਵਿੱਚ ਡਰਾਈਵਰਾਂ ਦੇ ਹੱਕ ਦਾ ਦੋਗਾਣਾ ‘ਕਾਹਤੋਂ ਜਾਵੇਂ ਭੰਡੀ ਨੀਂ...ਅਸੀਂ ਰੱਬ ਦੇ ਭਗਤ ਆਂ’ ਵੀ ਕਾਫ਼ੀ ਚਰਚਿਤ ਹੋਇਆ। ਵੱਡੀ ਗੱਲ ਹੈ ਕਿ ਬਲਵੀਰ ਗਰੇਵਾਲ ਦੇ ਲਿਖੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਹਨ ਜੋ ਅੱਜ ਵੀ ਸੁਣੇ ਜਾਂਦੇ ਹਨ। ਉਸ ਨੇ ਦੱਸਿਆ ਕਿ ਉਸ ਨੇ ਗੀਤ ਲਿਖ-ਲਿਖ ਕੇ ਕਾਪੀਆਂ ਨਹੀਂ ਭਰੀਆਂ, ਬਸ ਰਿਕਾਰਡ ਹੋਣ ਜੋਗੇ ਹੀ ਲਿਖੇ। ਆਪਣੇ ਗੁਰੂ ਦੇ ਦੱਸੇ ਨੁਕਤਿਆਂ ’ਤੇ ਅਮਲ ਕਰਦਿਆਂ ਉਹ ਗਾਇਕ ਕੋਲ ਕਦੇ ਕਾਪੀ ਲੈ ਕੇ ਨਹੀਂ ਗਿਆ। ਸਿਰਫ਼ ਇੱਕ ਗੀਤ ਹੀ ਲੈ ਕੇ ਜਾਂਦਾ ਸੀ, ਜੋ ਝੱਟ ਰਿਕਾਰਡ ਹੋ ਜਾਂਦਾ ਸੀ। ਬਲਵੀਰ ਦੇ ਲਿਖੇ ਤਕਰੀਬਨ ਦੋ ਦਰਜਨ ਦੇ ਕਰੀਬ ਗੀਤ ਰਿਕਾਰਡ ਹੋਏ ਜਿਨ੍ਹਾਂ ਨੂੰ ਸਤਿੰਦਰ ਬੀਬਾ-ਅਮੀਰ ਸਿੰਘ ਰਾਣਾ, ਸੁਰਿੰਦਰ ਛਿੰਦਾ-ਗੁਲਸ਼ਨ ਕੋਮਲ, ਕਰਤਾਰ ਰਮਲਾ-ਸੁਖਵੰਤ ਸੁੱਖੀ, ਕੁਲਦੀਪ ਮਾਣਕ, ਕੁਲਦੀਪ ਪਾਰਸ-ਸੁਖਵੰਤ ਸੁੱਖੀ, ਬਲਕਾਰ ਸਿੱਧੂ ਸਮੇਤ ਕੁਝ ਨਵੇਂ ਗਾਇਕਾਂ ਨੇ ਆਵਾਜ਼ ਦਿੱਤੀ। ਬਲਵੀਰ ਦੀ ਕਲਮ ਦੀ ਸਿਫ਼ਤ ਬਣਦੀ ਹੈ ਕਿ ਉਸ ਨੇ ਜੋ ਵੀ ਲਿਖਿਆ ਕਹਾਣੀ ਨੂੰ ਆਧਾਰ ਬਣਾ ਕੇ, ਠੇਠ ਮਲਵਈ ਭਾਸ਼ਾ ’ਚ ਹੀ ਲਿਖਿਆ।
ਜਦੋਂ ਚਮਕੀਲੇ ਦੀ ਮੌਤ ਵੇਲੇ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਗਾਉਣ ਵਾਲਿਆਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ। ਉਸ ਦੇ ਲਿਖਣ ਦਾ ਸਿਲਸਿਲਾ ਵੀ ਮੱਠਾ ਪੈ ਗਿਆ। ਫਿਰ ਅਚਾਨਕ ਉਸ ਦਾ ਰੁਝਾਨ ਫਿਲਮਾਂ ਵੱਲ ਹੋ ਗਿਆ। ਪੰਜਾਬੀ ਫਿਲਮਾਂ ਦੇ ਸਰਗਰਮ ਨਾਇਕ ਗੁੱਗੂ ਗਿੱਲ ਨਾਲ ਉਸ ਦੀ ਦੂਰੋਂ-ਨੇੜਿਓਂ ਪੁਰਾਣੀ ਸਾਂਝ ਸੀ ਜਿਸ ਦੀ ਬਦੌਲਤ ਉਹ ਪੰਜਾਬੀ ਫਿਲਮਾਂ ‘ਜ਼ੋਰ ਜੱਟ ਦਾ’, ‘ਜੱਟ ਦੀ ਜ਼ਮੀਨ’ ਅਤੇ ‘ਪੱਗੜੀ ਸੰਭਾਲ ਜੱਟਾਂ’ ਰਾਹੀਂ ਪੰਜਾਬੀ ਪਰਦੇ ’ਤੇ ਵੀ ਨਜ਼ਰ ਆਇਆ, ਪਰ ਉਸ ਦਾ ਇਹ ਸ਼ੌਕ ਬਹੁਤੀ ਦੇਰ ਨਾ ਰਿਹਾ। ਗੀਤਕਾਰੀ ਉਸ ਦੀ ਰਗ ਰਗ ਵਿੱਚ ਵਸੀ ਹੋਈ ਹੈ। ਉਹ ਅੱਜ ਵੀ ਲਿਖਦਾ ਹੈ। ਗੀਤਕਾਰੀ ਦੇ ਇਲਾਵਾ ਬਲਵੀਰ ਨੂੰ ਕਿੱਸੇ-ਕਹਾਣੀਆਂ ਪੜ੍ਹਨ ਦਾ ਸ਼ੌਕ ਹੈ। ਦੀਦਾਰ ਸੰਧੂ ਦੇ ਪਰਿਵਾਰ ਨਾਲ ਉਸ ਦੀ ਸਾਂਝ ਅੱਜ ਵੀ ਬਰਕਰਾਰ ਹੈ। ਬਲਵੀਰ ਨੂੰ ਮਾਣ ਹੈ ਕਿ ਭਾਵੇਂ ਉਸ ਦੇ ਗੀਤ ਬਹੁਤ ਥੋੜ੍ਹੇ ਰਿਕਾਰਡ ਹੋਏ ਹਨ, ਪਰ ਜੋ ਵੀ ਹੋਏ ਉਹ ਸਦਾਬਹਾਰ ਸਾਬਤ ਹੋਏ। ਉਮਰ ਦੇ 70 ਸਾਲ ਲੰਘਾ ਚੁੱਕੇ ਬਲਵੀਰ ਗਰੇਵਾਲ ਅੰਦਰਲਾ ਗੀਤਕਾਰ ਅੱਜ ਵੀ ਜਵਾਨ ਹੈ।

Advertisement

ਸੰਪਰਕ: 98146-07737

Advertisement

Advertisement
Author Image

sukhwinder singh

View all posts

Advertisement