ਲਾਇਲਪੁਰ ਕਾਲਜ ਨੇ ਫੁੱਲਾਂ ਦੀ ਪ੍ਰਦਰਸ਼ਨੀ ’ਚ ਮੱਲਾਂ ਮਾਰੀਆਂ
ਹਤਿੰਦਰ ਮਹਿਤਾ
ਜਲੰਧਰ, 19 ਮਾਰਚ
ਐੱਚਐੱਮਵੀ ਕਾਲਜ ਵਿੱਚ ਕਰਵਾਈ ਗਈ ‘ਫੁੱਲਾਂ ਦੀ ਪ੍ਰਦਰਸ਼ਨੀ’ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਜਿੱਤ ਦਰਜ ਕੀਤੀ ਹੈ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਲਜ ਸਦਾ ਉਨ੍ਹਾਂ ਨੂੰ ਮੌਕੇ ਪ੍ਰਦਾਨ ਕਰਦਾ ਰਿਹਾ ਹੈ ਅਤੇ ਅੱਗੇ ਤੋਂ ਵੀ ਇਸ ਲਈ ਵਚਨਬੱਧ ਹੈ। ਅਜਿਹੇ ਹੋਣਹਾਰ ਵਿਦਿਆਰਥੀਆਂ ਕਰਕੇ ਹੀ ਕਾਲਜ ਤਰੱਕੀ ਦੀ ਲੰਮੀਆਂ ਪੁਲਾਘਾਂ ਪੁੱਟ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਦੇ ਜੁਆਲੋਜੀ ਅਤੇ ਬਾਟਨੀ ਵਿਭਾਗ ਦੇ ਬੀਐੱਸਸੀ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਡਾ. ਗਗਨਦੀਪ ਕੌਰ ਮੁਖੀ ਜੁਆਲੋਜੀ ਅਤੇ ਬਾਟਨੀ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਬੀਐੱਸਸੀ ਮੈਡੀਕਲ ਦੀ ਸੁਖਨੀਤ ਕੌਰ, ਰੂਹੀ ਅਤੇ ਨੇਹਾ ਨੇ ਸੁਕੂਲੈਂਟਸ ਅਤੇ ਕੈਕਈ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪੱਤੇਦਾਰ ਪੌਦਿਆਂ ਦੀ ਗਰੁਪ ਵਿਚ ਤਾਨੀਆਂ, ਪ੍ਰਿੰਯਕਾ ਅਤੇ ਸੰਜਨਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰਚਨਾਤਮਕ ਸਬਜ਼ੀਆਂ ਦੀ ਟੋਕਰੀ ਪ੍ਰਬੰਧਨ ਵਿਚ ਹਰਸ਼ਪ੍ਰੀਤ ਕੌਰ, ਪਰਮਿੰਦਰ ਕੌਰ ਅਤੇ ਮਾਨਸੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਵਾਈਸ-ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਤੋਂ ਇਲਾਵਾ ਡਾ. ਜਸਵਿੰਦਰ ਕੌਰ (ਮੁਖੀ ਇਨਵਾਇਰਨਮੈਂਟ ਵਿਭਾਗ), ਡਾ. ਉਪਮਾ ਅਰੋੜਾ, ਡਾ. ਹੇਮਿੰਦਰ ਸਿੰਘ ਅਤੇ ਡਾ. ਸਰਬਜੀਤ ਸਿੰਘ ਹਾਜ਼ਰ ਸਨ।