ਲਗਜ਼ਰੀ ਪੈਲੇਸ: ਵਿਆਹ ਲੱਖਾਂ ’ਚ, ਟੈਕਸ ਕੱਖਾਂ ’ਚ..!
ਚਰਨਜੀਤ ਭੁੱਲਰ
ਚੰਡੀਗੜ੍ਹ, 29 ਸਤੰਬਰ
ਮੁਹਾਲੀ ਦਾ ਇੱਕ ਲਗਜ਼ਰੀ ਮੈਰਿਜ ਪੈਲੇਸ ਪ੍ਰਤੀ ਫੰਕਸ਼ਨ (ਪ੍ਰੋਗਰਾਮ) 15 ਲੱਖ ਰੁਪਏ ਵਸੂਲਦਾ ਹੈ ਜਦੋਂ ਕਿ ਕਾਗ਼ਜ਼ਾਂ ’ਚ ਸਿਰਫ਼ ਪੰਜ ਲੱਖ ਰੁਪਏ ਦੀ ਬੁਕਿੰਗ ਦਿਖਾਉਂਦਾ ਹੈ। ਇੱਕ ਪ੍ਰੋਗਰਾਮ ਪਿੱਛੇ 10 ਲੱਖ ਰੁਪਏ ’ਤੇ ਲੱਗਣ ਵਾਲੇ ਟੈਕਸ ਦੀ ਚੋਰੀ ਕਰਦਾ ਹੈ। ਮਾਲਵੇ ’ਚ ਲਗਜ਼ਰੀ ਪੈਲੇਸ ਪ੍ਰਤੀ ਪ੍ਰੋਗਰਾਮ ਪੰਜ ਤੋਂ ਛੇ ਲੱਖ ਰੁਪਏ ਵਸੂਲ ਰਹੇ ਹਨ ਜਦੋਂ ਕਿ ਟੈਕਸ ਸਿਰਫ਼ ਦੋ ਲੱਖ ਰੁਪਏ ਦੀ ਬੁਕਿੰਗ ’ਤੇ ਤਾਰਿਆ ਜਾ ਰਿਹਾ ਹੈ। ਪੰਜਾਬ ’ਚ ਲਗਜ਼ਰੀ ਵਿਆਹਾਂ ਦਾ ਰੁਝਾਨ ਵਧਿਆ ਹੈ ਜਦੋਂ ਕਿ ਟੈਕਸ ਘਟਿਆ ਹੈ।
ਪੰਜਾਬ ਸਰਕਾਰ ਨੇ ਟੈਕਸ ਚੋਰੀ ਦੇ ਰਾਹ ਰੋਕਣ ਲਈ ਡੰਡਾ ਖੜਕਾਇਆ ਹੈ ਅਤੇ ਇਹ ਖ਼ਾਲੀ ਖ਼ਜ਼ਾਨੇ ਨੂੰ ਭਰਨ ਵਾਸਤੇ ਇੱਕ ਮੁਹਿੰਮ ਵੀ ਹੈ। ਲੰਘੇ ਦੋ ਤਿੰਨ ਦਿਨਾਂ ਵਿਚ ਕਰ ਵਿਭਾਗ ਨੇ ਅਜਿਹੇ ਡੇਢ ਦਰਜਨ ਲਗਜ਼ਰੀ ਮੈਰਿਜ ਪੈਲੇਸਾਂ ਦੀ ਸ਼ਨਾਖ਼ਤ ਕੀਤੀ ਹੈ ਜਿਹੜੇ ਜੀਐੱਸਟੀ ਦੀ ਚੋਰੀ ਕਰ ਰਹੇ ਹਨ। ਇਨ੍ਹਾਂ ’ਚੋਂ ਬਹੁਤਿਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਹਨ। ਇਨ੍ਹਾਂ ਵੱਲੋਂ ਸਾਲਾਨਾ ਕਰੋੜਾਂ ਰੁਪਏ ਦੀ ਢਾਹ ਖ਼ਜ਼ਾਨੇ ਨੂੰ ਲਾਈ ਜਾ ਰਹੀ ਹੈ। ਲੁਧਿਆਣਾ ’ਚ ਛੇ ਮੈਰਿਜ ਪੈਲੇਸਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਚੋਂ ਚਾਰ ਦੀ ਰਜਿਸਟਰੇਸ਼ਨ ਵੀ ਨਹੀਂ ਹੋਈ।
ਮੁਹਾਲੀ ਦੇ ਸੱਤ ਪੈਲੇਸ ਹਨ ਜਦੋਂ ਕਿ ਜਲੰਧਰ ਦੇ ਦੋ ਪੈਲੇਸਾਂ ਦੀ ਸ਼ਨਾਖ਼ਤ ਹੋਈ ਹੈ। ਨੋਟਿਸ ਜਾਰੀ ਹੋਣ ਕਰਕੇ ਪੈਲੇਸ ਮਾਲਕਾਂ ਵਿਚ ਘਬਰਾਹਟ ਹੈ। ਪੈਲੇਸਾਂ ਦੇ ਬਿੱਲ ’ਤੇ 18 ਫ਼ੀਸਦੀ ਜੀਐਸਟੀ ਲੱਗਦਾ ਹੈ। ਡੈਕੋਰੇਸ਼ਨ, ਕੇਟਰਿੰਗ ਅਤੇ ਡੀਜੇ ਬਿੱਲ ’ਤੇ ਵੀ 18 ਫ਼ੀਸਦੀ ਜੀਐੱਸਟੀ ਹੈ। ਮੁਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਿਚ ਪੈਲੇਸਾਂ ਵੱਲੋਂ ਵੱਡੀ ਪੱਧਰ ’ਤੇ ਟੈਕਸ ਚੋਰੀ ਕੀਤਾ ਜਾ ਰਿਹਾ ਹੈ। ਆਬਕਾਰੀ ਮਹਿਕਮੇ ਵੱਲੋਂ ਮੈਰਿਜ ਪੈਲੇਸਾਂ ਲਈ ਜਾਰੀ ਹੋਏ ਸ਼ਰਾਬ ਦੇ ਲਾਇਸੈਂਸਾਂ ਤੋਂ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ। ਕਰ ਵਿਭਾਗ ਨੇ ਹੁਣ ਟੈਕਸ ਚੋਰਾਂ ਨੂੰ ਫੜਨ ਲਈ ਸੂਹੀਏ ਲਗਾ ਦਿੱਤੇ ਹਨ ਜਿਹੜੇ ਕਿ ਗਾਹਕ ਬਣ ਕੇ ਪੈਲੇਸਾਂ ਤੋਂ ਅਸਲ ਰੇਟ ਪਤਾ ਕਰ ਰਹੇ ਹਨ। ਭਗਤਾ ਭਾਈ ਕਾ ਦੇ ਤਿੰਨ ਪੈਲੇਸ ਆਪਣੀ ਬੁਕਿੰਗ ਮਾਮੂਲੀ ਦਿਖਾ ਰਹੇ ਸਨ ਜਦੋਂ ਕਿ ਉਨ੍ਹਾਂ ਦਾ ਬੁਕਿੰਗ ਰੇਟ ਡੇਢ ਲੱਖ ਤੋਂ ਜ਼ਿਆਦਾ ਸੀ। ਸਮੁੱਚੇ ਪੰਜਾਬ ਵਿਚ ਕਰ ਵਿਭਾਗ ਦੇ ਅਧਿਕਾਰੀ ਆਪਣੇ ਸੂਹੀਏ ਭੇਜ ਕੇ ਲਗਜ਼ਰੀ ਪੈਲੇਸਾਂ ਦਾ ਅਸਲ ਬੁਕਿੰਗ ਰੇਟ ਪਤਾ ਕਰ ਰਹੇ ਹਨ ਅਤੇ ਰੋਜ਼ਾਨਾ ਮਹਿਕਮੇ ਨੂੰ ਰਿਪੋਰਟਾਂ ਭੇਜ ਰਹੇ ਹਨ। ਪਤਾ ਲੱਗਾ ਹੈ ਕਿ ਪੈਲੇਸ ਮਾਲਕਾਂ ਨੂੰ ਕਰ ਵਿਭਾਗ ਦੀ ਮੁਸਤੈਦੀ ਅਤੇ ਢੰਗ ਤਰੀਕੇ ਦਾ ਪਤਾ ਲੱਗ ਗਿਆ ਹੈ ਜਿਸ ਕਰਕੇ ਉਹ ਹੁਣ ਫ਼ੋਨ ’ਤੇ ਆਪਣਾ ਬੁਕਿੰਗ ਰੇਟ ਦੱਸਣ ਤੋਂ ਆਨਾਕਾਨੀ ਵੀ ਕਰਨ ਲੱਗੇ ਹਨ। ਪੰਜਾਬ ਵਿਚ ਪੈਲੇਸ ਕਲਚਰ ਹੁਣ ਕਾਫ਼ੀ ਸਿਖਰ ਵੱਲ ਹੈ ਅਤੇ ਸਰਦੇ ਪੁੱਜਦੇ ਲੋਕ ਵਿਆਹਾਂ ’ਤੇ ਖੁੱਲ੍ਹ ਕੇ ਖਰਚਾ ਕਰਦੇ ਹਨ।
ਅਧਿਕਾਰੀ ਕੀਤੇ ਸਰਗਰਮ
ਕਰ ਵਿਭਾਗ ਦੇ ਵਿੱਤ ਕਮਿਸ਼ਨਰ ਕ੍ਰਿਸ਼ਨ ਕੁਮਾਰ ਨੇ ਲੰਘੇ ਇੱਕ ਹਫ਼ਤੇ ਵਿਚ ਪੰਜਾਬ ਦੀਆਂ ਸਾਰੀਆਂ ਡਿਵੀਜ਼ਨਾਂ ਵਿਚ ਮੀਟਿੰਗਾਂ ਕਰਕੇ ਟੈਕਸ ਚੋਰੀ ਰੋਕਣ ਵਾਸਤੇ ਅਧਿਕਾਰੀ ਪੱਬਾਂ ਭਾਰ ਕਰ ਦਿੱਤੇ ਹਨ। ਉਨ੍ਹਾਂ ਸਖ਼ਤੀ ਦਿਖਾਉਂਦਿਆਂ ਜਲੰਧਰ ਦੇ ਇੱਕ ਈਟੀਓ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਨਾ ਕਰਨ।
ਟੈਕਸ ਚੋਰੀ ਸਹਿਣ ਨਹੀਂ ਕਰਾਂਗੇ: ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਟੈਕਸ ਚੋਰੀ ਸਹਿਣ ਨਹੀਂ ਕਰੇਗੀ। ਉਨ੍ਹਾਂ ਦੱਸਿਆ ਕਿ ਟੈਕਸ ਚੋਰੀ ਦੇ ਰਾਹ ਰੋਕਣ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਅਖ਼ਤਿਆਰ ਕੀਤੇ ਜਾ ਰਹੇ ਹਨ ਅਤੇ ਟੈਕਸ ਚੋਰੀ ਕਰਨ ਵਾਲੇ ਮੈਰਿਜ ਪੈਲੇਸਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।