ਲੋਰੀਆਂ
ਗੁਰਮਲਕੀਅਤ ਸਿੰਘ ਕਾਹਲੋਂ
ਕਿਰਤੀ ਪਰਿਵਾਰ ’ਚ ਪੈਦਾ ਹੋਇਆ ਕਰਮਜੀਤ ਮਾਪਿਆਂ ਦਾ ਜੇਠਾ ਪੁੱਤ ਸੀ। ਪੰਜ ਭੈਣ ਭਰਾਵਾਂ ’ਚੋਂ ਵੱਡਾ। ਘਰ ਦੀ ਹਾਲਤ ਕਰਕੇ ਬਾਰ੍ਹਵੀਂ ਤੋਂ ਅੱਗੇ ਕਾਲਜ ਨਾ ਜਾ ਸਕਿਆ। ਸਰਕਾਰੀ ਨੌਕਰੀ ਲਈ ਉਸ ਨੇ ਬਥੇਰੇ ਹੱਥ ਪੈਰ ਮਾਰੇ ਪਰ ਹਰ ਥਾਂ ਉਸ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਰਹੀ। ਰਿਸ਼ਵਤ ਦੇ ਕੇ ਨੌਕਰੀ ਲੈਣ ਦੇ ਚੱਕਰ ਵਿੱਚ ਉਹ ਦੋ ਵਾਰ ਠੱਗਿਆ ਗਿਆ। ਬਾਪੂ ਨੇ ਕਰਜ਼ਾ ਚੁੱਕ ਕੇ ਪੈਸੇ ਦਿੱਤੇ ਸੀ। ਠੱਗੀ ਕਰਕੇ ਬਾਪੂ ਕਰਜ਼ੇ ਹੇਠ ਆ ਗਿਆ ਜੋ ਹਰ ਮਹੀਨੇ ਦੇ ਵਿਆਜ ਨਾਲ ਵਧ ਰਿਹਾ ਸੀ। ਕਦੇ ਕਦੇ ਉਹ ਬਾਪ ਨਾਲ ਖੇਤੀ ਦੇ ਕੰਮ ਵਿੱਚ ਪੈਣ ਬਾਰੇ ਵੀ ਸੋਚਦਾ ਪਰ ਛੇ ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪਾਲੀ ਹੋਈ ਫ਼ਸਲ ਦੇ ਘਰ ਪੁੱਜਣ ਤੋਂ ਪਹਿਲਾਂ ਕੁਦਰਤ ਦੀ ਕਰੋਪੀ ਦੀ ਭੇਟ ਚੜ੍ਹ ਜਾਣ ਦੀਆਂ ਵਾਪਰਦੀਆਂ ਘਟਨਾਵਾਂ ਦਾ ਚੇਤਾ ਕਰਕੇ ਮਨ ਬਦਲ ਲੈਂਦਾ। ਉਸ ਦੇ ਬੁਣੇ ਹੋਏ ਸੁਪਨੇ ਜਦ ਹੱਥਾਂ ’ਚੋਂ ਕਿਰਦੇ ਤਾਂ ਬੜਾ ਦੁਖੀ ਹੁੰਦਾ ਪਰ ਮਨ ’ਚੋਂ ਹੌਸਲਾ ਨਾ ਕਿਰਨ ਦਿੰਦਾ।
ਉਸ ਦਿਨ ਉਹ ਬਾਪੂ ਦੇ ਨਾਲ ਪੱਕੀ ਸੜਕ ਦੇ ਨਾਲ ਵਾਲੇ ਖੇਤ ਵਿੱਚ ਝੋਨਾ ਲਵਾ ਰਿਹਾ ਸੀ। ਕਰਮਜੀਤ ਨੂੰ ਸਾਰਾ ਦਿਨ ਕੁੱਬੇ ਹੋ ਕੇ ਗਾਰੇ ਵਿੱਚ ਬੂਟੇ ਗੱਡੀ ਜਾਣਾ ਔਖਾ ਲੱਗ ਰਿਹਾ ਸੀ। ਦੁਪਹਿਰ ਤੱਕ ਉਸ ਨੂੰ ਹਰ ਵਾਰ ਸਿੱਧਾ ਖੜ੍ਹਾ ਹੋਣ ਵਿੱਚ ਔਖ ਹੋਣ ਲੱਗ ਪਈ ਸੀ। ਥੋੜ੍ਹੇ ਦਿਨ ਪਹਿਲਾਂ ਉਸ ਨੇ ਲਾਇਬ੍ਰੇਰੀ ’ਚੋਂ ਨਾਵਲ ਲਿਆਂਦਾ ਸੀ ਜਿਸ ਵਿੱਚ ਕਿਰਤੀਆਂ ਦੀ ਦਸ਼ਾ ਦਾ ਚਿਤਰਣ ਸੀ। ਕਿਰਤੀਆਂ ਨੂੰ ਬਣਦੇ ਹੱਕ ਦਿਵਾਉਣ ਲਈ ਜੂਝਦੇ ਕੁਝ ਪਾਤਰਾਂ ਨਾਲ ਸਰਕਾਰ ਵੱਲੋਂ ਕੀਤੇ ਜਾਂਦੇ ਅਪਰਾਧੀਆਂ ਵਰਗੇ ਵਿਹਾਰ ਦੀਆਂ ਉਦਾਹਰਨਾਂ ਸਨ। ਕੁੱਬਾ ਹੋਇਆ ਕਰਮਜੀਤ ਖੱਬੇ ਹੱਥ ’ਚ ਫੜੀ ਪਨੀਰੀ ਵਾਲੀ ਗੁੱਥੀ ’ਚੋਂ ਸੱਜੇ ਹੱਥ ਨਾਲ ਇੱਕ ਇੱਕ ਤੀਲਾ ਫੜ ਕੇ ਗਾਰੇ ਵਿੱਚ ਗੱਡੀ ਜਾ ਰਿਹਾ ਸੀ ਪਰ ਉਸ ਦੇ ਮਨ ਵਿੱਚ ਨਾਵਲ ਦੇ ਪਾਤਰ ਘੁੰਮੀ ਜਾ ਰਹੇ ਸਨ।
ਕੰਮ ਦੇ ਆਹਰੇ ਲੱਗੇ ਹੋਏ ਤੇ ਨਾਵਲ ਵਾਲੇ ਪਾਤਰਾਂ ਨਾਲ ਵਿਚਰਦਿਆਂ ਉਸ ਦੇ ਕੰਨ ਆਵਾਜ਼ ਸੁਣਨ ਤੋਂ ਆਕੀ ਹੋ ਗਏ ਸਨ। ਰੋਟੀ ਲੈ ਕੇ ਆਈ ਉਸ ਦੀ ਮਾਂ ਸੜਕ ਕੰਢੇ ਅੰਬ ਦੀ ਛਾਂ ਹੇਠ ਬੈਠ ਕੇ ਕਦੋਂ ਦੀ ਉਸ ਨੂੰ ਹਾਕਾਂ ਮਾਰ ਰਹੀ ਸੀ ਪਰ ਖ਼ਿਆਲਾਂ ਵਿੱਚ ਗੁਆਚੇ ਕਰਮਜੀਤ ਦੇ ਹੱਥ ਤੇ ਦਿਮਾਗ਼ ਆਪਣੇ ਵਿੱਚ ਮਸਤ ਸਨ। ਇੰਦਰ ਸਿੰਘ ਨੇ ਨਾਲ ਦੇ ਖੇਤ ਦਾ ਨੱਕਾ ਮੋੜਦਿਆਂ ਕੰਮੋ ਨੂੰ ਆਉਂਦੀ ਵੇਖ ਲਿਆ ਸੀ। ਕੋਲ ਆ ਕੇ ਉਸ ਨੇ ਉੱਚੀ ਸਾਰੀ ਹਾਕ ਮਾਰੀ ਤਾਂ ਕਰਮਜੀਤ ਸਿੱਧਾ ਖੜ੍ਹਾ ਹੋਇਆ। ਮਾਤਾ ਦੇ ਛਿੱਕੂ ਤੇ ਲੱਸੀ ਦੇ ਡੋਲੂ ’ਤੇ ਝਾਤ ਪੈਂਦੇ ਹੀ ਉਸ ਦੀ ਭੁੱਖ ਤੇਜ਼ ਹੋ ਗਈ। ਪਨੀਰੀ ਦੀ ਅੱਧੀ ਕੁ ਗੁੱਛੀ ਪਾਸੇ ਸੁੱਟ ਕੇ ਕੇ ਉਹ ਸੜਕ ਵੱਲ ਨੂੰ ਹੋ ਤੁਰਿਆ। ਲੱਕ ਨੂੰ ਵਾਰ ਵਾਰ ਘੁੰਮਾਉਂਦੇ ਹੋਏ ਉਹ ਸੜਕ ’ਤੇ ਆਇਆ, ਖਾਲ ’ਚ ਵਗਦੇ ਪਾਣੀ ’ਚੋਂ ਹੱਥ ਧੋਤੇ ਤੇ ਅੰਬ ਹੇਠ ਮਾਤਾ ਕੋਲ ਜਾ ਬੈਠਾ। ਬਾਪ ਬੇਟੇ ਨੂੰ ਕੁਝ ਪਤਾ ਨਾ ਲੱਗਾ ਕਿ ਕੱਦੂ ਦੀ ਸਬਜ਼ੀ ਨਾਲ ਰੋਟੀਆਂ ਦਾ ਭਰਿਆ ਛਿੱਕੂ ਕਦੋਂ ਖਾਲੀ ਹੋ ਗਿਆ। ਕੰਮੋ ਵਾਰੋ ਵਾਰੀ ਉਨ੍ਹਾਂ ਦੇ ਗਲਾਸ ਲੱਸੀ ਨਾਲ ਭਰੀ ਜਾ ਰਹੀ ਸੀ ਤੇ ਉਹ ਖਾਲੀ ਕਰੀ ਜਾ ਰਹੇ ਸਨ।
ਰੋਟੀ ਖਾ ਕੇ ਲੱਕ ਸਿੱਧਾ ਕਰਨ ਲਈ ਪਿਓ-ਪੁੱਤ ਅੰਬ ਦੇ ਤਣੇ ਵੱਲ ਸਿਰ ਕਰਕੇ ਲੇਟ ਗਏ। ਅੱਗ ਵਰਾਉਣ ’ਚ ਸੂਰਜ ਕਸਰ ਨਹੀਂ ਸੀ ਛੱਡ ਰਿਹਾ। ਕਰਮਜੀਤ ਦੋ ਪਲ ਅੱਖਾਂ ਮੀਟ ਕੇ ਆਰਾਮ ਕਰਨਾ ਚਾਹ ਰਿਹਾ ਸੀ। ਉਸ ਦੀ ਨਜ਼ਰ ਸਿਰ ਵਾਲੇ ਟਾਹਣੇ ’ਤੇ ਲੱਗੀਆਂ ਅੰਬੀਆਂ ਦੇ ਬਦਲ ਰਹੇ ਰੰਗ ’ਤੇ ਪਈ ਤਾਂ ਮਨ ਵਿੱਚ ਖ਼ੁਸ਼ੀ ਦੇ ਅਹਿਸਾਸ ਨੇ ਅੰਗੜਾਈ ਭਰੀ। ਛੇ ਕੁ ਸਾਲ ਪਹਿਲਾਂ ਉਸ ਨੇ ਅੰਬ ਦਾ ਇਹ ਬੂਟਾ ਲਾਇਆ ਸੀ। ਖਾਲ ਦਾ ਕੰਢਾ ਹੋਣ ਕਰਕੇ ਪਾਣੀ ਪਾਉਣ ਦੀ ਲੋੜ ਨਹੀਂ ਸੀ ਪਈ ਪਰ ਪਸ਼ੂਆਂ ਤੋਂ ਬਚਾਉਣ ਲਈ ਉਹ ਦੋ ਸਾਲ ਕੰਡਿਆਲੀ ਵਾੜ ਕਰਦਾ ਰਿਹਾ। ਬੂਟੇ ਨੂੰ ਫ਼ਲ ਪਿਛਲੇ ਸਾਲ ਤੋਂ ਪੈਣ ਲੱਗਾ ਸੀ ਪਰ ਪਹਿਲਾ ਸਾਲ ਹੋਣ ਕਰਕੇ ਭਰਿਆ ਨਹੀਂ ਸੀ। ਇਸ ਵਾਰ ਬੂਰ ਨਾਲ ਤਾਂ ਟਾਹਣੀਆਂ ਭਰੀਆਂ ਪਈਆਂ ਸਨ ਪਰ ਤੇਜ਼ ਹਵਾਵਾਂ ਨੇ ਕਈ ਗੁੱਛੇ ਝਾੜ ਦਿੱਤੇ। ਕੁਝ ਟਾਹਣੀਆਂ ਫ਼ਲ ਦੇ ਭਾਰ ਨਾਲ ਝੁਕ ਗਈਆਂ ਸਨ। ਫ਼ਲ ਦੇ ਭਾਰ ਨਾਲ ਝੁਕੇ ਟਾਹਣੇ ਤੋਂ ਕਰਮਜੀਤ ਦੀਆਂ ਅੱਖਾਂ ਮੂਹਰੇ ਬਾਬੇ ਨਾਨਕ ਦਾ ਸਿੰਬਲ ਰੁੱਖ ਸਰਾਇਰਾ ਵਾਲਾ ਸੰਦੇਸ਼ ਉੱਘੜ ਆਇਆ। ਉਸ ਦਾ ਮਨ ਇਸੇ ਕਸ਼ਮਕਸ਼ ’ਚੋਂ ਲੰਘ ਰਿਹਾ ਸੀ ਕਿ ਕੰਨੀਂ ਕੁਝ ਹੋਰ ਆਵਾਜ਼ਾਂ ਪਈਆਂ। ਅੱਖਾਂ ਖੋਲ੍ਹੀਆਂ ਤੇ ਸਿਰ ਉੱਪਰ ਚੁੱਕ ਕੇ ਵੇਖਿਆ, ਨੇੜੇ ਕਾਰ ਖੜ੍ਹੀ ਸੀ ਤੇ ਦੋ ਜਣੇ ਸਾਹੋ ਸਾਹ ਹੋਏ ਛਾਂ ਹੇਠ ਆਣ ਬੈਠੇ ਸਨ। ਦੋਵੇਂ ਪਿਓ-ਪੁੱਤ ਉੱਠ ਕੇ ਬੈਠ ਗਏ। ਕਾਰ ਨੂੰ ਧੱਕਾ ਲਾ ਕੇ ਲਿਆਏ ਬਾਊ ਤੇ ਉਸ ਦੇ ਡਰਾਈਵਰ ਨੇ ਦੱਸਿਆ ਕਿ ਕਾਰ ਦਾ ਇੰਜਣ ਅਚਾਨਕ ਬੰਦ ਹੋ ਗਿਆ। ਛਾਂ ਹੇਠ ਬੈਠ ਕੇ ਉਨ੍ਹਾਂ ਦੇ ਸਾਹ ਵਿੱਚ ਸਾਹ ਆਇਆ ਤੇ ਉਹ ਪਿਓ-ਪੁੱਤ ਨਾਲ ਗੱਲੀਂ ਲੱਗ ਗਏ।
ਕਰਮਜੀਤ ਕਦੇ ਸ਼ਹਿਰ ਜਾਂਦਾ ਤਾਂ ਆਪਣੇ ਦੋਸਤ ਸੁਰਜੀਤ ਦੀ ਕਾਰ ਵਰਕਸ਼ਾਪ ’ਚ ਘੰਟਾ ਦੋ ਘੰਟੇ ਕਾਰਾਂ ਦੇ ਨੁਕਸ ਕੱਢਦਿਆਂ ਵੇਖਦਾ ਰਹਿੰਦਾ ਸੀ। ਸੁਰਜੀਤ ਉਸ ਨੂੰ ਦੱਸਦਾ ਹੁੰਦਾ ਸੀ ਕਿ ਕਾਰਾਂ ਦੇ ਇੰਜਣ ਬੰਦ ਹੋਣ ਦੇ ਤਿੰਨ ਚਾਰ ਵੱਡੇ ਕਾਰਨ ਹੁੰਦੇ ਹਨ। ਕਿਸੇ ਭਰੋਸੇ ਨਾਲ ਕਰਮਜੀਤ ਉੱਠਿਆ ਤੇ ਡਰਾਈਵਰ ਤੋਂ ਬੋਨਟ ਖੁੱਲ੍ਹਵਾ ਕੇ ਨੁਕਸ ਚੈੱਕ ਕਰਨ ਲੱਗ ਪਿਆ। ਉਸ ਨੇ ਵੇਖਿਆ ਕਿ ਰੇਡੀਏਟਰ ਦਾ ਢੱਕਣ ਅੱਗ ਵਾਂਗ ਤਪਿਆ ਪਿਆ ਸੀ। ਉਸ ਨੂੰ ਇੰਜਣ ਬੰਦ ਹੋਣ ਦਾ ਨੁਕਸ ਸਮਝ ਪੈ ਗਿਆ। ਸਿਰ ਤੋਂ ਪਰਨਾ ਖੋਲ੍ਹ ਕੇ ਉਸ ਨੇ ਰੇਡੀਏਟਰ ਦੇ ਢੱਕਣ ਦੁਆਲੇ ਲਪੇਟ ਕੇ ਉਸ ਨੂੰ ਢਿੱਲਾ ਕੀਤਾ। ਭਾਫ਼ ਦੇ ਪ੍ਰੈੱਸ਼ਰ ਤੋਂ ਉਸ ਨੂੰ ਉਸੇ ਨੁਕਸ ਦਾ ਭਰੋਸਾ ਹੋ ਗਿਆ। ਮਾਤਾ ਤੋਂ ਲੱਸੀ ਵਾਲਾ ਡੋਲੂ ਫੜ ਕੇ ਉਹ ਟਿਊਬਵੈੱਲ ਦੀ ਧਾਰ ਹੇਠ ਕਰਕੇ ਭਰ ਲਿਆਇਆ। ਖਾਲੀ ਰੈਡੀਏਟਰ ਵਿੱਚ ਪਾਣੀ ਦੇ ਦੋ ਭਰੇ ਹੋਏ ਡੋਲੂ ਪੈ ਗਏ। ਬਾਊ ਜੀ ਤੋਂ ਚਾਬੀ ਲੈ ਕੇ ਉਸ ਨੇ ਸੈਲਫ ਮਾਰਿਆ ਤੇ ਕਾਰ ਸਟਾਰਟ ਹੋ ਗਈ। ਬਾਊ ਜੀ ਦਾ ਚਿਹਰਾ ਖਿੜ ਗਿਆ ਤੇ ਮਨ ਵਿੱਚ ਹੁਨਰਮੰਦ ਮੁੰਡੇ ਪ੍ਰਤੀ ਅਪਣੱਤ ਜਾਗ ਆਈ। ਉਸ ਨੇ ਮੁੰਡੇ ਨੂੰ ਆਪਣਾ ਪਤਾ ਠਿਕਾਣਾ ਦੱਸਦਿਆਂ ਕਿਹਾ ਕਿ ਕਿਸੇ ਲੋੜ ਬਾਰੇ ਬੇਝਿਜਕ ਉਹ ਉਸ ਦੇ ਦਫ਼ਤਰ ਆ ਜਾਇਆ ਕਰੇ । ਮੁੰਡੇ ਨੂੰ ਆਪਣਾ ਕਾਰਡ ਦੇ ਕੇ ਉਹ ਬਾਪੂ ਮੂਹਰੇ ਹੱਥ ਜੋੜਦਿਆਂ ਉਸ ਦੇ ਪੁੱਤਰ ਦੀ ਸਿਫ਼ਤ ਕਰਦਿਆਂ ਚਲੇ ਗਏ।
ਤਿੰਨਾਂ ਖੇਤਾਂ ’ਚ ਝੋਨੇ ਦੀ ਲੁਆਈ ਕਰਕੇ ਪਿਓ-ਪੁੱਤ ਵਿਹਲੇ ਹੋਏ ਤਾਂ ਕਰਮ ਕੌਰ ਨੂੰ ਕਾਰ ਵਾਲੇ ਬਾਊ ਦਾ ਚੇਤਾ ਆਇਆ। ਸ਼ਾਇਦ ਉਨ੍ਹਾਂ ਦਾ ਕਿਤੇ ਹੱਥ ਪੈਂਦਾ ਹੋਵੇ, ਮੁੰਡੇ ਨੂੰ ਚੰਗੀ ਥਾਂ ਲਵਾ ਦੇਣ। ਉਸ ਨੇ ਖੇਤੋਂ ਮੁੜੇ ਕਰਮਜੀਤ ਨੂੰ ਕੋਲ ਬਹਾ ਕੇ ਅਗਲੇ ਦਿਨ ਸ਼ਹਿਰ ਬਾਊ ਦੇ ਦਫ਼ਤਰ ਜਾਣ ਲਈ ਕਿਹਾ। ਹਰ ਪਾਸਿਓਂ ਨਿਰਾਸ਼ਾ ਪੱਲੇ ਪੈਂਦੀ ਰਹੀ ਹੋਵੇ ਤਾਂ ਉਮੀਦਾਂ ਮੱਧਮ ਪੈਣ ਲੱਗਦੀਆਂ ਨੇ। ਕਰਮਜੀਤ ਨੇ ਮਾਂ ਨੂੰ ਤਾਂ ਜਾਣ ਦੀ ਹਾਂ ਕਰ ਦਿੱਤੀ ਪਰ ਉਸ ਦਾ ਮਨ ਨਹੀਂ ਸੀ ਮੰਨ ਰਿਹਾ ਕਿ ਬਾਊ ਕੋਈ ਖ਼ਾਸ ਹਸਤੀ ਹੋਣਗੇ। ਉਸ ਨੂੰ ਲੱਗਦਾ ਸੀ ਕਿ ਔਕੜ ’ਚੋਂ ਨਿਕਲਿਆ ਬੰਦਾ ਅਗਲੇ ਦੇ ਮਨ ਦੀ ਧਰਵਾਸ ਲਈ ਇਹੋ ਜਿਹੇ ਬਥੇਰੇ ਗਪੌੜ ਮਾਰ ਜਾਂਦੇ ਨੇ। ਫਿਰ ਵੀ ਅਣਮੰਨੇ ਮਨ ਨਾਲ ਉਸ ਨੇ ਅਗਲੇ ਦਿਨ ਸਾਈਕਲ ਫੜਿਆ ਤੇ ਬਾਊ ਦੇ ਦੱਸੇ ਪਤੇ ’ਤੇ ਪਹੁੰਚ ਗਿਆ। ਆਲੀਸ਼ਾਨ ਦਫ਼ਤਰ ਵੇਖ ਕੇ ਉਸ ਦੇ ਮਨ ਨੂੰ ਧਰਵਾਸ ਬੱਝੀ। ਪੌੜੀਆਂ ਚੜ੍ਹ ਕੇ ਉੱਪਰ ਗਿਆ। ਰਿਸੈਪਸ਼ਨ ਵਾਲੀ ਕੁੜੀ ਨੂੰ ਆਪਣਾ ਨਾਂ ਤੇ ਪਿੰਡ ਦੱਸਿਆ ਤੇ ਬਾਊ ਜੀ ਨੂੰ ਮਿਲਾਉਣ ਲਈ ਕਿਹਾ।
“ਕਿਹੜੇ ਬਾਊ ਜੀ ਨੂੰ ਮਿਲਣਾ ਵੱਡੇ ਕਿ ਛੋਟਿਆਂ ਨੂੰ ?’’ ਕੁੜੀ ਦਾ ਸਵਾਲ ਸੁਣ ਕੇ ਕਰਮਜੀਤ ਆਲਾ ਦੁਆਲਾ ਵੇਖਣ ਲੱਗਾ। ਉਸ ਨੂੰ ਕਾਰ ਦਾ ਨੰਬਰ ਯਾਦ ਸੀ। ਉਸ ਨੇ ਦੱਸਿਆ ਤਾਂ ਕੁੜੀ ਸਮਝ ਗਈ।
“ਤੁਸੀਂ ਥੋੜ੍ਹੀ ਦੇਰ ਉਡੀਕ ਕਰੋ, ਵੱਡੇ ਬਾਊ ਜੀ ਅਜੇ ਕਿਸੇ ਨਾਲ ਬਿਜੀ ਨੇ। ਉਸ ਦੇ ਬਾਹਰ ਆਉਂਦੇ ਹੀ ਤੁਹਾਨੂੰ ਭੇਜ ਦਿਆਂਗੀ। ਓਨੀ ਦੇਰ ਤੁਸੀਂ ਇਸ ਪਰਚੀ ’ਤੇ ਆਪਣਾ ਨਾਂ ਪਤਾ ਲਿਖ ਦਿਓ।’’ ਰੁਟੀਨ ਵਾਂਗ ਕੁੜੀ ਨੇ ਕਾਗਜ਼ ਪੈੱਨ ਕਰਮਜੀਤ ਵੱਲ ਵਧਾਇਆ। ਕਰਮਜੀਤ ਨੇ ਆਪਣੇ ਨਾਂ ਦੇ ਨਾਲ ਕਾਰ ਦੀ ਖਰਾਬੀ ਤੇ ਠੀਕ ਕਰਨਾ ਵੀ ਲਿਖ ਦਿੱਤਾ। ਕੁੜੀ ਵੱਲੋਂ ਪੇਸ਼ ਕੀਤੇ ਠੰਢੇ ਪਾਣੀ ਦਾ ਗਲਾਸ ਮੁਕਾ ਕੇ ਉਸ ਨੇ ਹੋਰ ਮੰਗ ਲਿਆ। ਅਸਲ ਵਿੱਚ ਧੁੱਪ ’ਚ ਸਾਈਕਲ ਚਲਾਉਂਦਿਆਂ ਉਸ ਨੂੰ ਪਿਆਸ ਲੱਗੀ ਹੋਈ ਸੀ।
ਜਿਵੇਂ ਹੀ ਕੁੜੀ ਨੇ ਵੱਡੇ ਬਾਊ ਵਾਲੇ ਕਮਰੇ ਦਾ ਦਰਵਾਜ਼ਾ ਖੁੱਲ੍ਹਣ ਦੀ ਆਹਟ ਸੁਣੀ, ਉਹ ਕਰਮਜੀਤ ਵਾਲੀ ਪਰਚੀ ਲੈ ਕੇ ਅੰਦਰ ਗਈ। ਕੁੜੀ ਵਾਪਸ ਮੁੜੀ ਤਾਂ ਉਸ ਦੇ ਬੋਲਾਂ ’ਚ ਕਰਮਜੀਤ ਪ੍ਰਤੀ ਸਤਿਕਾਰ ਝਲਕ ਰਿਹਾ ਸੀ। ਵਿਹਾਰ ’ਚ ਬਦਲਾਅ ਤੋਂ ਕਰਮਜੀਤ ਹੌਸਲੇ ’ਚ ਹੋ ਗਿਆ ਕਿ ਬਾਊ ਜੀ ਨੂੰ ਉਹ ਗੱਲ ਭੁੱਲੀ ਨਹੀਂ। ਉਸ ਨੂੰ ਅੰਦਰ ਲੰਘਾਉਣ ਲਈ ਕੁੜੀ ਦਰਵਾਜ਼ਾ ਖੋਲ੍ਹ ਕੇ ਖੜ੍ਹ ਗਈ। ਅੰਦਰ ਲੰਘਦੇ ਹੀ ਬਾਊ ਜੀ ਦੀ ਮੁਸਕਰਾਹਟ ਨੇ ਕਰਮਜੀਤ ਨੂੰ ਹੌਸਲੇ ’ਚ ਕਰ ਦਿੱਤਾ। ਹਾਲ ਚਾਲ ਪੁੱਛਦਿਆਂ ਪੰਨਾ ਲਾਲ ਉਸ ਦੇ ਮੱਥੇ ਤੋਂ ਉਸ ਦੇ ਆਉਣ ਦਾ ਕਾਰਨ ਪੜ੍ਹਦਾ ਰਿਹਾ।
“ਹੋਰ ਸੁਣਾਓ ਕਰਮਜੀਤ ਹਾਲ ਚਾਲ, ਕਿਵੇਂ ਆਉਣਾ ਹੋਇਆ, ਸ਼ਰਮਾਉਣਾ ਨਹੀਂ ਬੇਝਿਜਕ ਕਹਿ ਦਿਓ, ਮੈਂ ਜੋ ਵੀ ਕਰ ਸਕਦਾ ਹੋਇਆ ਕਸਰ ਨਹੀਂ ਛੱਡਾਂਗਾ। ਕੋਈ ਪੈਸੇ ਧੇਲੇ ਦੀ ਮਦਦ...।’’
“ਨਹੀਂ ਬਾਊ ਜੀ ਮੈਂ ਪੈਸੇ ਮੰਗਣ ਨਹੀਂ, ਅਰਜ਼ ਕਰਨ ਆਇਆਂ ਕਿ ਜੇ ਕਿਸੇ ਕੰਮ ਧੰਦੇ ਲਵਾ ਕੇ ਪੈਸੇ ਕਮਾਉਣ ਜੋਗਾ ਕਰਵਾ ਦਿਓ। ਤੁਹਾਡਾ ਗੁਣਗਾਨ ਕਰਨ ਦਾ ਮੌਕਾ ਮਿਲ ਜਾਏਗਾ ਮੈਨੂੰ।’’ ਕਰਮਜੀਤ ਨੇ ਪੰਨਾ ਲਾਲ ਦੀ ਗੱਲ ਵਿਚਾਲਿਓਂ ਕੱਟਦੇ ਹੋਏ ਆਪਣੇ ਆਉਣ ਦਾ ਮੰਤਵ ਦੱਸ ਦਿੱਤਾ। ਉਂਜ ਵੀ ਉਹ ਘੁਮਾ ਫਿਰਾ ਕੇ ਗੱਲ ਕਰਨ ਦਾ ਆਦੀ ਨਹੀਂ ਸੀ।
“ਵੇਖ ਕਰਮਜੀਤ ਸਾਡਾ ਵਿਦੇਸ਼ ਭੇਜਣ ਦਾ ਕਾਰੋਬਾਰ ਐ। ਅਸੀਂ ਕੰਮ ਓਨਾ ਕੁ ਕਰਦੇ ਆਂ ਜਿੱਥੇ ਤੱਕ ਸਾਡੀ ਪਹੁੰਚ ਬਣਦੀ ਹੋਵੇ। ਕਿਸੇ ਨੂੰ ਖੱਜਲ-ਖੁਆਰ ਕਰਨਾ ਸਾਨੂੰ ਪਸੰਦ ਨਹੀਂ। ਦੁਬਈ, ਅਰਬ ਅਮੀਰਾਤ, ਕਤਰ ਕੁਵੈਤ ਦੇਸ਼ਾਂ ਵਿੱਚ ਸਾਡੇ ਸੰਪਰਕ ਨੇ ਤੇ ਉੱਥੇ ਹੀ ਭੇਜਦੇ ਆਂ। ਤੂੰ ਮਿਹਨਤੀ ਤੇ ਹੁਨਰਮੰਦ ਬੰਦਾ ਏਂ, ਇਹ ਅਸੀਂ ਤੈਨੂੰ ਉਸੇ ਦਿਨ ਪਰਖ ਲਿਆ ਸੀ। ਇਨ੍ਹਾਂ ਦੇਸ਼ਾਂ ਵਿੱਚ ਤੇਰੇ ਵਰਗੇ ਕਾਮਿਆਂ ਦੀ ਕਦਰ ਵੀ ਹੈਗੀ। ਜੇਕਰ ਉੱਥੇ ਜਾਣ ਦੀ ਇੱਛਾ ਹੋਵੇ ਤਾਂ ਤੈਨੂੰ ਬਿਨਾਂ ਕੋਈ ਖ਼ਰਚਾ ਲਿਆਂ ਭੇਜ ਦਿਆਂਗੇ। ਉਸ ਦਿਨ ਤੂੰ ਸਾਨੂੰ ਵੱਡੀ ਖੱਜਲ ਖੁਆਰੀ ਤੋਂ ਬਚਾਇਆ ਸੀ। ਤੇਰਾ ਅਹਿਸਾਨ ਹੈਗਾ ਸਾਡੇ ਸਿਰ। ਅਸੀਂ ਟਿਕਟ ਵੀ ਪੱਲਿਓਂ ਲਾ ਦਿਆਂਗੇ। ਘਰ ਜਾ ਕੇ ਮਾਪਿਆਂ ਨਾਲ ਸਲਾਹ ਮਸ਼ਵਰਾ ਕਰ ਲੈ ਤੇ ਪੱਕਾ ਮਨ ਬਣ ਜਾਏ ਤਾਂ ਪਾਸਪੋਰਟ ਲੈ ਕੇ ਆ ਜਾਈਂ। ਜਿੱਥੇ ਵੀ ਤੇਰੇ ਲਈ ਚੰਗਾ ਕੰਮ ਲੱਭਦਾ ਹੋਇਆ, ਮਹੀਨੇ ਦੇ ਅੰਦਰ ਅੰਦਰ ਤੋਰ ਦਿਆਂਗੇ।’’ ਪੰਨਾ ਲਾਲ ਨੇ ਸਾਰਾ ਕੁਝ ਇੱਕੋ ਵਾਰੀ ’ਚ ਸਮਝਾ ਦਿੱਤਾ।
ਵਿਦੇਸ਼ ਭੇਜਣ ਵਾਲਿਆਂ ਵੱਲੋਂ ਲੁੱਟ ਦੀਆਂ ਖ਼ਬਰਾਂ ਪੜ੍ਹੀਆਂ ਹੋਣ ਕਰਕੇ ਪਹਿਲਾਂ ਤਾਂ ਕਰਮਜੀਤ ਦੇ ਮਨ ’ਚ ਆਇਆ ਕਿ ਬਾਊ ਉਨ੍ਹਾਂ ਵਰਗਾ ਈ ਹੋਊ, ਪਰ ਪੰਨਾ ਲਾਲ ਵੱਲੋਂ ਦਲੀਲਾਂ ਨਾਲ ਕੀਤੀ ਗੱਲਬਾਤ ’ਚੋਂ ਉਸ ਨੂੰ ਯਕੀਨ ਹੋਣ ਲੱਗਾ ਕਿ ਇਹ ਉਨ੍ਹਾਂ ਵਰਗਾ ਲੱਗਦਾ ਨਹੀਂ। ‘ਟਿਕਟ ਵੀ ਪੱਲਿਓਂ ਲਾ ਦਿਆਂਗੇ’, ਵਾਲੀ ਗੱਲ ਨੇ ਉਸ ਦਾ ਵਿਸ਼ਵਾਸ ਪੱਕਾ ਕਰ ਦਿੱਤਾ ਸੀ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਘਰ ਜਾ ਕੇ ਉਸ ਨੇ ਸਾਰੀ ਗੱਲ ਮਾਂ-ਬਾਪ ਨਾਲ ਕੀਤੀ। ਬਾਹਰਲੇ ਮੁਲਕ ਦਾ ਨਾਂ ਲੈਂਦੇ ਈ ਕਰਮ ਕੌਰ ਦਾ ਮਨ ਵੱਸ ਤੋਂ ਬਾਹਰ ਹੋਣ ਲੱਗਾ। ਪੁੱਤ ਦੇ ਵਿਛੋੜੇ ਦਾ ਖ਼ਿਆਲ ਆਉਂਦੇ ਹੀ ਉਸ ਦੀ ਹਾਲਤ ਹੌਲ ਪੈਣ ਵਰਗੀ ਹੋ ਗਈ। ਪੁੱਤ ਦੇ ਚਿਹਰੇ ’ਤੇ ਗੱਡੀਆਂ ਮਾਂ ਦੀਆਂ ਅੱਖਾਂ ਇੰਦਰ ਸਿੰਘ ਵੀ ਵੇਖ ਰਿਹਾ ਸੀ। ਮਨ ਤੋਂ ਹੌਲੀ ਘਰਵਾਲੀ ਦੇ ਸੁਭਾਅ ਤੋਂ ਉਹ ਜਾਣੂ ਸੀ।
“ਹੁਣੇ ਈ ਤੈਨੂੰ ਕੀ ਹੋ ਗਿਆ, ਉਹ ਕਿਹੜਾ ਬੈਗ ਫੜ ਕੇ ਹੁਣੇ ਤੁਰ ਪਿਆ ?’’ ਆਖਰ ਉਸ ਨੂੰ ਕਹਿਣਾ ਹੀ ਪਿਆ।
“ਲੈ ਮੈਂ ਕਿਹੜਾ ਕਹਿ ਦਿੱਤਾ ਕਿ ਬਾਹਰ ਨਾ ਜਾਵੀਂ, ਬੋਲਣ ਲੱਗੇ ਕੁਝ ਸੋਚ ਤੇ ਲਿਆ ਕਰੋ, ਮੈਂ ਤੇ ਐਂ ਸੋਚਦੀ ਸੀ, ਛੁੱਟੀ ਕਿੰਨੇ ਦਿਨ ਬਾਅਦ ਕਰਿਆ ਕਰੂ ਤੇ ਉੱਥੋਂ ਆਉਣ ਨੂੰ ਕਿੰਨੇ ਦਿਨ ਲੱਗਦੇ ਨੇ? ’’ ਮੌਕਾ ਸੰਭਾਲਣ ਲਈ ਜੋ ਵੀ ਕਰਮ ਕੌਰ ਨੂੰ ਅਹੁੜਿਆ, ਉਸ ਨੇ ਕਹਿ ਦਿੱਤਾ।
“ਲੈ ਲਓ, ਕਰਲੋ ਘਿਓ ਨੂੰ ਭਾਂਡਾ, ਚੁੱਲ੍ਹਾ ਅਜੇ ਤਪਿਆ ਨਹੀਂ ਤੇ ਇਹਨੂੰ ਰੋਟੀ ਸੜਨ ਦਾ ਡਰ ਸਤਾਉਣ ਲੱਗ ਪਿਆ। ਮੁੰਡਾ ਅਜੇ ਜਾਣ ਦੀ ਸਲਾਹ ਕਰ ਰਿਹੈ ਤੇ ਇਹ ਉਸ ਦੇ ਮੁੜਨ ਦਾ ਵੀ ਸੋਚਣ ਲੱਗ ਪਈ।’’ ਮਾਂ ਦੀਆਂ ਆਂਦਰਾਂ ’ਚੋਂ ਫੁੱਟੇ ਦਰਦ ਦੀ ਸਮਝ ਤਾਂ ਇੰਦਰ ਸਿੰਘ ਨੂੰ ਆ ਗਈ ਸੀ ਪਰ ਉਹ ਮੁੰਡੇ ਦੇ ਮਨ ’ਚ ਪੈਦਾ ਹੋਏ ਉਤਸ਼ਾਹ ਨੂੰ ਉਸ ਦਰਦ ਦੇ ਲੇਖੇ ਲੱਗਣ ਤੋਂ ਬਚਾਉਣਾ ਚਾਹੁੰਦਾ ਸੀ।
“ਚੰਗਾ ਪੁੱਤ, ਪਾਸਪੋਰਟ ਤਾਂ ਤੇਰੇ ਕੋਲ ਹੈਗਾ ਈ ਆ, ਭਲਕੇ ਦੋਵੇਂ ਜਾਵਾਂਗੇ ਬਾਊ ਕੋਲ ਤੇ ਸਾਰੀ ਗੱਲ ਸਮਝ ਕੇ ਜੋ ਵੀ ਠੀਕ ਲੱਗਿਆ ਕਰ ਆਵਾਂਗੇ। ਹੁਣ ਤੂੰ ਰੋਟੀ ਪਾਣੀ ਖਾ ਲੈ, ਸਵੇਰ ਦਾ ਸਾਈਕਲ ਚਲਾ ਚਲਾ ਕੇ ਥੱਕਿਆ ਹੋਏਂਗਾ।’’
ਅਗਲੇ ਦਿਨ ਬਿਜਲੀ ਦੀ ਵਾਰੀ ਦਿਨੇ ਹੋਣ ਕਰਕੇ ਪਿਓ-ਪੁੱਤ ਸ਼ਹਿਰ ਨਾ ਜਾ ਸਕੇ। ਤੀਜੇ ਦਿਨ ਤੱਕ ਕਰਮਜੀਤ ਵਿਦੇਸ਼ ਦਾ ਮਨ ਪੱਕਾ ਕਰ ਚੁੱਕਾ ਸੀ। ਇੰਜ ਦੇ ਹਾਲਾਤ ਵਿੱਚ ਛੇਤੀ ਜਾਣ ਦੀ ਉਤਸੁਕਤਾ ਜਾਗ ਆਉਂਦੀ ਹੈ। ਪਿਓ-ਪੁੱਤ ਸਵੇਰੇ ਹੀ ਤਿਆਰ ਹੋ ਗਏ। ਸਾਈਕਲ ਦੀ ਥਾਂ ਉਨ੍ਹਾਂ ਬੱਸ ’ਤੇ ਜਾਣਾ ਠੀਕ ਸਮਝਿਆ। ਕਰਮ ਕੌਰ ਨੇ ਨਾਸ਼ਤੇ ਦੇ ਨਾਲ ਪੁੱਤ ਨੂੰ ਸ਼ੁਭ ਸ਼ਗਨ ਵਜੋਂ ਦਹੀਂ ਦਾ ਕੌਲਾ ਖਵਾ ਕੇ ਤੋਰਿਆ। ਬਾਊ ਜੀ ਦੇ ਦਫ਼ਤਰ ਦੀਆਂ ਪੌੜੀਆਂ ਚੜ੍ਹੇ ਤਾਂ ਰਿਸੈਪਸ਼ਨਿਸਟ ਕੁੜੀ ਨੇ ਮੁਸਕਰਾ ਕੇ ਸਵਾਗਤ ਕੀਤਾ ਤੇ ਫੋਨ ’ਤੇ ਬਾਊ ਜੀ ਨੂੰ ਦੱਸਿਆ। ਪੰਨਾ ਲਾਲ ਖਾਲੀ ਬੈਠਾ ਸੀ। ਉਸ ਨੇ ਭੇਜਣ ਲਈ ਕਿਹਾ। ਅੰਦਰ ਵੜੇ ਤਾਂ ਪੰਨਾ ਲਾਲ ਨੇ ਨਿਉਂ ਕੇ ਬਜ਼ੁਰਗ ਦਾ ਸਤਿਕਾਰ ਕੀਤਾ। ਕਰਮਜੀਤ ਨੇ ਪਾਸਪੋਰਟ ਪੰਨਾ ਲਾਲ ਮੂਹਰੇ ਰੱਖ ਦਿੱਤਾ। ਚਾਹ ਪਾਣੀ ਪੁੱਛ ਕੇ ਪੰਨਾ ਲਾਲ ਨੇ ਇੰਦਰ ਸਿੰੰਘ ਸਿਰ ਅਹਿਸਾਨ ਚੜ੍ਹਾਉਣ ਦਾ ਮੌਕਾ ਨਾ ਗਵਾਇਆ।
“ਚੰਗੇ ਭਾਗਾਂ ਵਾਲੇ ਓ ਸਰਦਾਰ ਜੀ, ਤੁਹਾਨੂੰ ਰੱਬ ਨੇ ਐਹੋ ਜਿਹਾ ਪੁੱਤਰ ਦਿੱਤਾ। ਤੇ ਵੇਖੋ ਰੱਬ ਨੇ ਸਾਡੀ ਕਾਰ ਖ਼ਰਾਬ ਕਰਕੇ ਐਹੋ ਜਿਹਾ ਢੋਅ ਮੇਲ ਕਰਾਇਆ ਕਿ ਹੁਣ ਇਸ ਨੇ ਬਾਹਰ ਜਾ ਕੇ ਘਰ ਵਿੱਚ ਲਹਿਰਾਂ ਬਹਿਰਾਂ ਕਰ ਦੇਣੀਆਂ। ਹੁਣ ਤੁਹਾਨੂੰ ਆਪ ਝੋਨਾ ਲਾਉਣ ਦੀ ਲੋੜ ਨਹੀਂ ਪੈਣੀਂ। ਮੁੰਡੇ ਦੇ ਸਿਰ ’ਤੇ ਐਸ਼ ਕਰਿਓ। ਅਸੀਂ ਇਸ ਤੋਂ ਕੋਈ ਫੀਸ ਨਹੀਂ ਲੈਣੀ ਤੇ ਟਿਕਟ ਆਪਣੇ ਪੱਲਿਓਂ ਲਾ ਕੇ ਭੇਜਣਾ। ਉੱਥੇ ਜਾ ਕੇ ਜੇ ਕੁਝ ਸਾਨੂੰ ਮੋੜਨਾ ਹੋਇਆ ਤਾਂ ਇਸ ਦੀ ਮਰਜ਼ੀ ਪਰ ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਜੇ ਛੱਡਣੀ।’’ ਪੰਨਾ ਲਾਲ ਨੇ ਅਹਿਸਾਨ ਦਾ ਭਾਰ ਵਧਾਉਂਦੇ ਹੋਏ ਇਹ ਵੀ ਸੁਣਾ ਦਿੱਤਾ ਕਿ ਉਹ ਕੰਮ ਮੁਫ਼ਤ ਨਹੀਂ, ਉਧਾਰ ਵਜੋਂ ਕਰ ਰਿਹੈ। ਹੱਥ ਜੋੜ ਕੇ ਖੜ੍ਹਦਿਆਂ ਇੰਦਰ ਸਿੰਘ ਨੇ ਪੰਨਾ ਲਾਲ ਨੂੰ ਇੱਕ ਇੱਕ ਪਾਈ ਮੋੜਨ ਦਾ ਵਾਅਦਾ ਕੀਤਾ।
ਪੰਨਾ ਲਾਲ ਨੇ ਫਾਰਮਾਂ ’ਤੇ ਕਰਮਜੀਤ ਦੇ ਦਸਤਖ਼ਤ ਕਰਵਾ ਕੇ ਪਾਸਪੋਰਟ ਸਮੇਤ ਫਾਈਲ ਵਿੱਚ ਰੱਖ ਲਏ ਤੇ ਉਨ੍ਹਾਂ ਨੂੰ ਦੋ ਕੁ ਹਫ਼ਤਿਆਂ ਬਾਅਦ ਪਤਾ ਕਰਨ ਲਈ ਕਹਿੰਦੇ ਹੋਏ ਤਿਆਰੀ ਕਸਣ ਦਾ ਭਰੋਸਾ ਦੇ ਦਿੱਤਾ। ਉਡੀਕ ਦੇ ਦਿਨ ਕਰਮਜੀਤ ਲਈ ਭਾਰੀ ਹੋਣ ਲੱਗੇ। ਤੀਜਾ ਹਫ਼ਤਾ ਲੰਘਣ ਵਾਲਾ ਸੀ। ਉਦੋਂ ਤੱਕ ਉਸ ਨੇ ਦਫ਼ਤਰ ਦੇ ਤਿੰਨ ਚਾਰ ਗੇੜੇ ਮਾਰ ਲਏ ਸੀ। ਮੁੰਡੇ ਦੀ ਉਤਸੁਕਤਾ ਤੋਂ ਪੰਨਾ ਲਾਲ ਭਲੀਭਾਂਤ ਜਾਣੂ ਸੀ। ਚੌਥੇ ਸੋਮਵਾਰ ਅੰਦਰ ਵੜਦੇ ਨੂੰ ਜਾਲੀ ’ਚੋਂ ਵੇਖ ਕੇ ਪੰਨਾ ਲਾਲ ਨੇ ਅੰਦਰ ਬੁਲਾ ਲਿਆ ਤੇ ਵਧਾਈ ਦਿੰਦੇ ਹੋਏ ਕਿਸ ਦਿਨ ਜਾਣਾ ਬਾਰੇ ਪੁੱਛਿਆ।
“ਬਾਊ ਜੀ ਸਾਡੀ ਕਾਹਦੀ ਮਰਜ਼ੀ, ਅਸੀਂ ਕਿਹੜਾ ਘੋੜੇ ਬੀੜਨੇ ਹੁੰਦੇ ਆ, ਬਸ ਜਿਸ ਦਿਨ ਦੀ ਟਿਕਟ ਲੈ ਦਿਓਗੇ, ਤੁਰ ਪਵਾਂਗਾ, ਚਾਰ ਕੱਪੜੇ ਈ ਪਾਉਣੇ ਨੇ ਬੈਗ ਵਿੱਚ ।’’ ਕਰਮਜੀਤ ਦਾ ਸਪੱਸ਼ਟ ਜਵਾਬ ਸੁਣ ਕੇ ਪੰਨਾ ਲਾਲ ਨੂੰ ਭਰੋਸਾ ਹੋ ਗਿਆ ਕਿ ਮੁੰਡਾ ਵਾਕਿਆ ਉਸੇ ਥਾਂ ਦੇ ਯੋਗ ਹੈ, ਜਿੱਥੇ ਭੇਜਿਆ ਜਾ ਰਿਹਾ। ਉਸ ਨੇ ਦਰਾਜ ’ਚੋਂ ਪਾਸਪੋਰਟ ਕੱਢ ਕੇ ਕਰਮਜੀਤ ਦੇ ਹੱਥ ’ਤੇ ਰੱਖਿਆ ਤੇ ਨਾਲ ਹੀ ਟਿਕਟ ਵਾਲਾ ਲਿਫ਼ਾਫ਼ਾ ਫੜਾਉਂਦੇ ਹੋਏ ਪਰਸੋਂ ਫਲਾਇਟ ਤੋਂ ਤਿੰਨ ਘੰਟੇ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚ ਜਾਣ ਲਈ ਕਿਹਾ। ਉਸ ਨੇ ਦੱਸ ਦਿੱਤਾ ਕਿ ਗਰੁੱਪ ਵਿੱਚ 6 ਜਣੇ ਨੇ ਤੇ ਛੋਟੇ ਬਾਊ ਜੀ ਹਵਾਈ ਅੱਡੇ ਹੀ ਮਿਲਣਗੇ ਤੇ ਕਤਰ ਵਿੱਚ ਕੰਮ ’ਤੇ ਲਵਾ ਕੇ ਆਉਣਗੇ।
ਬਿਨਾਂ ਕੁਝ ਵੀ ਦਿੱਤੇ ਹੱਥ ਵਿੱਚ ਵੀਜ਼ਾ ਲੱਗਿਆ ਪਾਸਪੋਰਟ ਫੜ ਕੇ ਕਰਮਜੀਤ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਇਹ ਸਾਰਾ ਕੁਝ ਸੱਚ ਹੈ। ਉਸ ਨੂੰ ਸਾਰਾ ਕੁਝ ਸੁਪਨੇ ਵਰਗਾ ਲੱਗ ਰਿਹਾ ਸੀ। ਪਾਸਪੋਰਟ ’ਚੋਂ ਉਸ ਨੂੰ ਆਪਣੇ ਭਵਿੱਖ ਦੀ ਤਸਵੀਰ ਆਪਣੇ ਵੱਲ ਝਾਕਦੀ ਲੱਗ ਰਹੀ ਸੀ। ਉਹ ਪਾਸਪੋਰਟ ਜੇਬ ’ਚੋਂ ਕੱਢਦਾ, ਵੀਜ਼ੇ ਵਾਲੇ ਸਟਿੱਕਰ ਨੂੰ ਗੌਰ ਨਾਲ ਪੜ੍ਹ ਕੇ ਫਿਰ ਜੇਬ ਵਿੱਚ ਪਾ ਲੈਂਦਾ। ਤੀਜੀ ਵਾਰ ਉਹ ਜੇਬ ’ਚ ਹੱਥ ਮਾਰਨ ਹੀ ਲੱਗਾ ਸੀ ਕਿ ਪੰਨਾ ਲਾਲ ਨੇ ਟੋਕ ਦਿੱਤਾ।
“ਕਾਕਾ ਜੀ ਸਾਰਾ ਕੁਝ ਸਹੀ ਆ, ਮੈਂ ਤੈਨੂੰ ਪਹਿਲੇ ਦਿਨ ਦੱਸਿਆ ਸੀ ਕਿ ਅਸੀਂ ਨਕਲੀ ਕੰਮ ਨਹੀਂ ਕਰਦੇ। ਹੁਣ ਤੂੰ ਘਰ ਜਾ ਕੇ ਪਰਸੋਂ ਦੀ ਤਿਆਰੀ ਵਿੱਚ ਰੁੱਝ ਜਾ। ਤੇ ਹਾਂ ਜੇਬ ਦੇ ਉੱਪਰਲੇ ਪਾਸੇ ਐਹ ਪਿੰਨ ਲਗਾ ਲੈ।’’ ਬਕਸੂਏ ਵਰਗੀ ਪਿੰਨ ਲਗਾ ਕੇ ਕਰਮਜੀਤ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਪਾਸਪੋਰਟ ਸੁਰੱਖਿਅਤ ਹੈ।
ਤੀਜੇ ਦਿਨ ਕਰਮਜੀਤ ਤੜਕੇ ਹੀ ਤਿਆਰ ਹੋ ਕੇ ਫਲਾਇਟ ਦੇ ਸਮੇਂ ਤੋਂ ਚਾਰ ਘੰਟੇ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚ ਗਿਆ। ਇਸ ਤੋਂ ਪਹਿਲਾਂ ਹਵਾ ਵਿੱਚ ਉੱਡਣਾ ਉਸ ਲਈ ਸੁਪਨੇ ਵਾਂਗ ਸੀ। ਹਵਾਈ ਅੱਡੇ ਦੀ ਵਿਸ਼ਾਲ ਇਮਾਰਤ ਵੇਖ ਕੇ ਉਹ ਬੌਂਦਲ ਗਿਆ। ਛੋਟਾ ਬਾਊ ਉਸ ਨੂੰ ਬਾਹਰ ਹੀ ਮਿਲ ਗਿਆ। ਬਾਊ ਤੇ ਆਪਣੇ ਵਰਗੇ ਛੇਆਂ ਦੇ ਨਾਲ ਚੱਲਦੇ ਹੋਏ ਉਹ ਅੰਦਰ ਲੰਘੇ ਤੇ ਰਸਮਾਂ ਪੂਰੀਆਂ ਕਰਕੇ ਉੱਪਰਲੀ ਮੰਜ਼ਿਲ ’ਤੇ ਜਾ ਕੇ ਉਨ੍ਹਾਂ ਕੁਰਸੀਆਂ ’ਤੇ ਜਾ ਬੈਠੇ, ਜਿੱਥੋਂ ਉਨ੍ਹਾਂ ਨੇ ਦੋਹਾ ਜਾਣ ਵਾਲੇ ਜਹਾਜ਼ ’ਤੇ ਸਵਾਰ ਹੋਣਾ ਸੀ। ਸ਼ੀਸ਼ੇ ’ਚੋਂ ਉਸ ਨੂੰ ਹਵਾਈ ਪਟੜੀ ’ਤੇ ਉਤਰਦੇ ਤੇ ਚੜ੍ਹਦੇ ਜਹਾਜ਼ ਵੇਖਣੇ ਚੰਗੇ ਲੱਗ ਰਹੇ ਸਨ। ਸਾਰਾ ਕੁਝ ਉਸ ਲਈ ਨਵਾਂ ਹੋਣ ਕਰਕੇ ਹੈਰਾਨੀ ਸੁਭਾਵਿਕ ਸੀ। ਸਮੇਂ ਸਿਰ ਜਹਾਜ਼ ਦਾ ਗੇਟ ਖੁੱਲ੍ਹਾ ਤੇ ਸਾਰੇ ਆਪਣੀਆਂ ਸੀਟਾਂ ’ਤੇ ਬੈਠ ਗਏ। ਜਹਾਜ਼ ਵਿੱਚ ਉੱਡਣ ਦਾ ਆਨੰਦ ਉਸ ਨੇ ਕਦੇ ਕਿਆਸਿਆ ਵੀ ਨਹੀਂ ਸੀ। ਚਾਰ ਘੰਟੇ ਬਾਅਦ ਜਹਾਜ਼ ਦੋਹਾ ਹਵਾਈ ਅੱਡੇ ’ਤੇ ਜਾ ਉਤਰਿਆ।
ਪੰਨਾ ਲਾਲ ਹੋਰਾਂ ਵੱਲੋਂ ਕਤਰ ’ਚ ਸੈਟਅੱਪ ਕੀਤੀ ਹੋਣ ਕਰਕੇ ਤਿੰਨ ਚਾਰ ਦਿਨਾਂ ’ਚ ਕਰਮਜੀਤ ਸਮੇਤ ਸਾਰੇ ਕੰਮਾਂ ’ਤੇ ਲੱਗ ਗਏ। ਉਸਾਰੀ ਕੰਪਨੀ ਦਾ ਕੰਮ ਹੈ ਤਾਂ ਭਾਰਾ ਸੀ ਪਰ ਕਿਸਾਨੀ ਪਿਛੋਕੜ ਕਰਕੇ ਕਰਮਜੀਤ ਨੂੰ ਔਖਾ ਨਾ ਲੱਗਾ। ਉਨ੍ਹਾਂ ਦੇ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕੰਪਨੀ ਵੱਲੋਂ ਸੀ। ਪਹਿਲਾਂ ਤੋਂ ਉਸੇ ਕੰਪਨੀ ’ਚ ਲੱਗੇ ਹੋਏ ਕਈ ਪੰਜਾਬੀ ਕਾਮੇ ਉੱਥੋਂ ਅਮਰੀਕਾ ਪਹੁੰਚਣ ਦੀਆਂ ਗੱਲਾਂ ਤੇ ਯਤਨ ਕਰਦੇ ਸਨ। ਕਰਮਜੀਤ ਵੀ ਉਂਜ ਦੇ ਸੁਪਨੇ ਵੇਖਣ ਲੱਗ ਪਿਆ। ਉੱਥੇ ਕੰਮ ਕਰਦਿਆਂ ਉਸ ਨੂੰ ਦੋ ਸਾਲਾਂ ਤੋਂ ਵੱਧ ਹੋ ਗਏ ਸਨ। ਉਸ ਵੱਲੋਂ ਭੇਜੀਆਂ ਰਕਮਾਂ ਨਾਲ ਇੰਦਰ ਸਿੰਘ ਨੇ ਨਾਲ ਲੱਗਦੇ ਤਿੰਨ ਖੇਤ ਖ਼ਰੀਦ ਲਏ ਤੇ ਪਿੰਡ ਦੇ ਗਿਣੇ ਚੁਣੇ ਲੋਕਾਂ ਵਿੱਚ ਖੜ੍ਹਨ ਲੱਗ ਪਿਆ ਸੀ। ਲੋਕ ਕਰਮਜੀਤ ਵਰਗੇ ਸਾਊ, ਕਮਾਊ, ਸਮਝਦਾਰ ਤੇ ਆਗਿਆਕਾਰ ਪੁੱਤ ਦੀਆਂ ਮਿਸਾਲਾਂ ਦੇਣ ਲੱਗ ਪਏ। ਢਾਈ ਕੁ ਸਾਲ ਲੰਘੇ ਹੋਣਗੇ, ਕਰਮਜੀਤ ਸਮੇਤ ਕੰਪਨੀ ਦੇ ਚਾਰ ਕਾਮਿਆਂ ਨੇ ਕਿਸੇ ਏਜੰਟ ਨਾਲ ਅਮਰੀਕਾ ਪਹੁੰਚਾਉਣ ਦਾ ਸੌਦਾ ਕਰ ਲਿਆ। ਕਿਸੇ ਬਹਾਨੇ ਉਨ੍ਹਾਂ ਕੰਪਨੀ ਤੋਂ ਪਾਸਪੋਰਟ ਲਏ ਤੇ ਏਜੰਟ ਦੇ ਨਾਲ ਤੁਰ ਪਏ। ਰਸਤੇ ਵਿੱਚ ਮੌਤ ਨਾਲ ਗੱਲਾਂ ਕਰਦਿਆਂ ਦੋ ਮਹੀਨੇ ਬਾਅਦ ਉਨ੍ਹਾਂ ’ਚੋਂ ਤਿੰਨ ਅਮਰੀਕਾ ਜਾ ਪਹੁੰਚੇ। ਚੌਥੇ ਦਾ ਸਾਲਾਂ ਬਾਅਦ ਵੀ ਅਤਾ ਪਤਾ ਨਾ ਲੱਗਾ।
ਉਦੋਂ ਅਮਰੀਕਾ ’ਚ ਕੱਚਿਆਂ ਨੂੰ ਕੰਮ ਲੱਭਣ ’ਚ ਬਹੁਤੀ ਔਖ ਨਹੀਂ ਸੀ ਹੁੰਦੀ। ਕਰਮਜੀਤ ਨੇ ਉੱਥੋਂ ਦਾ ਡਰਾਇਵਿੰਗ ਦਾ ਲਾਇਸੈਂਸ ਬਣਾਇਆ ਤੇ ਟਰਾਲਾ ਚਲਾਉਣ ਲੱਗਿਆ। ਬੇਸ਼ੱਕ ਕਰਮ ਕੌਰ ਕਤਰ ਗਏ ਪੁੱਤ ਦੀ ਚੰਗੀ ਕਮਾਈ ਬਾਰੇ ਸੋਚਦੀ ਪਰ ਪਿਆਰ ਨਾਲ ਉਸ ਨੂੰ ਬਾਹਾਂ ਵਿੱਚ ਲੈ ਕੇ ਸਿਰ ਪਲੋਸਣ ਲਈ ਉਸ ਦੇ ਹੱਥ ਉੱਠਣੋ ਨਾ ਹਟੇ। ਆਪਣੇ ਤੇ ਪੁੱਤ ਵਿਚਲੀ ਦੂਰੀ ਨੂੰ ਉਸ ਨੇ ਮਨ ’ਤੇ ਲਾ ਲਿਆ। ਚਾਹੁੰਦੇ ਹੋਏ ਵੀ ਉਹ ਵਿਛੋੜੇ ਦੀ ਚੀਸ ਤੋਂ ਮੁਕਤ ਨਾ ਹੋ ਸਕੀ। ਪੁੱਤ ਦੇ ਅਮਰੀਕਾ ਪੁੱਜਣ ਦੀ ਖ਼ੁਸ਼ੀ ਤਾਂ ਉਸ ਨੂੰ ਹੋਈ ਪਰ ਕਤਰ ਤੱਕ ਚਾਰ ਘੰਟਿਆਂ ਦੀ ਦੂਰੀ ਵਿੱਚ ਅਮਰੀਕਾ ਦੇ 14-15 ਘੰਟੇ ਜੁੜਨ ਦੀ ਗੱਲ ਉਸ ਦੇ ਮਨ ’ਚ ਸੂਲ ਵਾਂਗ ਚੁੱਭਦੀ। ਵਿਛੋੜੇ ਦੀ ਚੀਸ ਉਸ ਨੂੰ ਅੰਦਰੋਂ ਅੰਦਰ ਕਮਜ਼ੋਰ ਕਰੀ ਜਾ ਰਹੀ ਸੀ। ਜਦੋਂ ਵੀ ਕਰਮਜੀਤ ਦਾ ਫੋਨ ਆਉਂਦਾ, ਕਰਮ ਕੌਰ ਦਾ ਪਹਿਲਾ ਸਵਾਲ ਹੁੰਦਾ, ‘‘ਪੁੱਤ ਅਗਲੇ ਮਹੀਨੇ ਗੇੜਾ ਮਾਰ ਜਾ, ਬੇਸ਼ੱਕ ਦਸ ਦਿਨ ਰਹਿ ਕੇ ਚਲੇ ਜਾਵੀਂ।’’ ਕਰਮਜੀਤ ਹਰ ਮੌਕੇ ਮਾਂ ਨੂੰ ਸੱਚ ਦੱਸਣ ਤੋਂ ਟਾਲਾ ਵੱਟ ਜਾਂਦਾ ਕਿ ਹੁਣ ਤਾਂ ਉਸ ਤੋਂ ਪੱਕੇ ਹੋ ਕੇ ਈ ਮੁੜਿਆ ਜਾਊ। ਪਤਾ ਨਹੀਂ ਪੁੱਤ ਦੇ ਵਿਛੋੜੇ ਦਾ ਦਰਦ ਜਾਂ ਕੋਈ ਹੋਰ ਮਰਜ਼, ਡਾਕਟਰਾਂ ਦੇ ਹੱਥਾਂ ਵਿੱਚ ਹੀ ਕਰਮ ਕੌਰ ਦੀ ਰੂਹ ਨੇ ਰੱਬ ਵੱਲ ਉਡਾਰੀ ਭਰ ਲਈ। ਇੰਦਰ ਸਿੰਘ ਨੇ ਕਈ ਦਿਨ ਤਾਂ ਕਰਮਜੀਤ ਨੂੰ ਇਸ ਬਾਰੇ ਨਾ ਦੱਸਿਆ। ਉਹ ਨਿੱਕੀ ਜਿਹੀ ਗੱਲ ਕਰਕੇ ਕਿਸੇ ਕੰਮ ਦਾ ਬਹਾਨਾ ਲਾ ਕੇ ਪੁੱਤ ਦਾ ਫੋਨ ਕੱਟ ਦਿੰਦਾ। ਅਸਲ ਵਿੱਚ ਗੱਲ ਕਰਦਿਆਂ ਉਸ ਦਾ ਆਪਣਾ ਗੱਚ ਭਰ ਜਾਂਦਾ ਸੀ ਤੇ ਉਹ ਨਹੀਂ ਸੀ ਚਾਹੁੰਦਾ ਕਿ ਪੁੱਤ ਨੂੰ ਮਾਂ ਦੇ ਚਲਾਣੇ ਦੀ ਭਿਣਕ ਲੱਗੇ।
ਥੋੜ੍ਹੇ ਦਿਨਾਂ ਬਾਅਦ ਕਰਮਜੀਤ ਨੂੰ ਲੱਗਣ ਲੱਗ ਪਿਆ ਕਿ ਪਹਿਲਾਂ ਤਾਂ ਬਾਪੂ ਆਪੇ ਈ ਆਖ ਦਿਆ ਕਰਦਾ ਸੀ, ਹੁਣ ਆਪਣੀ ਮਾਂ ਨਾਲ ਗੱਲ ਕਰ ਲੈ ਪਰ ਕਈ ਦਿਨ ਹੋ ਗਏ, ਉਹ ਇੱਕ-ਦੋ ਮਿੰਟ ਬਾਅਦ ਫੋਨ ਕੱਟ ਜਾਂਦਾ ਹੈ। “ਕੋਈ ਗੱਲ ਤਾਂ ਜ਼ਰੂਰ ਹੈ, ਜਿਸਦਾ ਮੈਥੋਂ ਲੁਕੋ ਰੱਖਿਆ ਜਾ ਰਿਹੈ।’’ ਆਪਣੇ ਆਪ ਨੂੰ ਕੀਤੇ ਸਵਾਲ ਦੀ ਕਸ਼ਮਕਸ਼ ਵਿੱਚ ਕਰਮਜੀਤ ਕਾਫ਼ੀ ਦੇਰ ਉਲਝਿਆ ਰਹਿੰਦਾ। ਕਿਸੇ ਵੀ ਦਲੀਲ ਨਾਲ ਉਸ ਦੀ ਤਸੱਲੀ ਨਾ ਹੁੰਦੀ। ਬੇਸ਼ੱਕ ਉਹ ਆਂਦਰਾਂ ਦੀ ਟੁੱਟ ਗਈ ਸਾਂਝ ਤੋਂ ਅਣਜਾਣ ਸੀ ਪਰ ਉਹ ਟੱਸ ਟੱਸ ਉਸ ਦੇ ਮਨ ’ਚ ਫੁੱਟਣ ਲੱਗ ਪਈ ਸੀ।
ਉਸ ਦਿਨ ਕਰਮ ਕੌਰ ਦੀ ਅੰਤਿਮ ਅਰਦਾਸ ਹੋ ਗਈ ਸੀ। ਦੂਰ ਦੇ ਸਫ਼ਰ ਲਈ ਦੇਰ ਹੋਣ ਕਰਕੇ ਕਰਮ ਕੌਰ ਦੇ ਦੋਵੇਂ ਭਰਾ ਤੇ ਭਾਬੀਆਂ ਰਾਤ ਉੱਥੇ ਠਹਿਰ ਗਏ। ਅਮਰੀਕਾ ਵਿੱਚ ਉਸ ਵੇਲੇ ਰਾਤ ਹੋਣ ਕਰਕੇ ਕਰਮਜੀਤ ਨੇ ਸਾਰੀ ਰਾਤ ਪਾਸੇ ਮਾਰਦਿਆਂ ਕੱਟੀ। ਅਜੇ ਸਵੇਰੇ ਤਾਂ ਬਾਪੂ ਨਾਲ ਗੱਲ ਕੀਤੀ ਹੈ, ਬਾਰੇ ਸੋਚ ਕੇ ਉਸ ਨੇ ਦੁਬਾਰਾ ਫੋਨ ਨਾ ਲਾਇਆ ਪਰ ਉਸ ਦੇ ਮਨ ਨੂੰ ਵਾਰ ਵਾਰ ਡੋਬੂ ਪੈ ਰਹੇ ਸੀ। ਸੁੱਤੇ ਪਿਆਂ ਪਾਸਾ ਲੈਣਾ ਭੁੱਲਣ ਵਾਲਾ ਕਰਮਜੀਤ ਘੰਟੇ ਘੰਟੇ ਬਾਅਦ ਉੱਠ ਕੇ ਪਾਣੀ ਦੇ ਗਲਾਸ ਪੀਂਦਾ ਰਿਹਾ। ਰਾਤ ਭਰ ਉਸ ਨੂੰ ਬੁਰੇ ਬੁਰੇ ਖ਼ਿਆਲ ਸਤਾਉਂਦੇ ਰਹੇ। ਸਵੇਰੇ ਕੰਮ ’ਤੇ ਜਾਣ ਬਾਰੇ ਸੋਚ ਕੇ ਘੜੀ ਅੱਖ ਲਾ ਲੈਣ ਦੇ ਯਤਨ ਫੇਲ੍ਹ ਹੁੰਦੇ ਰਹੇ। ਤੜਕਾ ਹੋਇਆ ਤਾਂ ਫੋਨ ਹੱਥ ਵਿੱਚ ਲੈਂਦੇ ਹੀ ਬਾਪੂ ਦਾ ਫੋਨ ਡਾਇਲ ਹੋ ਗਿਆ। ਅੱਧਾ ਕੁ ਮਿੰਟ ਉਹ ਹੈਲੋ ਹੈਲੋ ਕਰਦਾ ਰਿਹਾ ਪਰ ਮੂਹਰਿਓਂ ਜਵਾਬ ਨਹੀਂ ਸੀ ਆ ਰਿਹਾ। ਸਮਝ ਇੰਦਰ ਸਿੰਘ ਵੀ ਗਿਆ ਸੀ ਕਿ ਜ਼ਰੂਰ ਪੁੱਤ ਦੀ ਆਂਦਰਾਂ ਵਾਲੀ ਤਾਰ ਖੜਕ ਪਈ ਹੋਊ, ਨਹੀਂ ਤਾਂ ਐਸ ਵੇਲੇ ਉਹ ਕਦੇ ਫੋਨ ਨਹੀਂ ਕਰਦਾ ਹੁੰਦਾ। ਉਸ ਤੋਂ ਹੈਲੋ ਕਹਿਣ ਦਾ ਹੌਸਲਾ ਨਹੀਂ ਸੀ ਪੈ ਰਿਹਾ। ਕੰਬਦੇ ਹੱਥ ’ਚੋਂ ਤਿਲ੍ਹਕ ਰਿਹਾ ਫੋਨ ਉਸ ਦੇ ਸਾਲੇ ਨੇ ਫੜ ਲਿਆ ਤੇ ਹੈਲੋ ਬੋਲਿਆ। ਆਵਾਜ਼ ਕਰਮਜੀਤ ਨੂੰ ਜਾਣੀ ਪਹਿਚਾਣੀ ਲੱਗੀ। ਕੌਣ ਹੋ ਸਕਦਾ, ਬਾਰੇ ਅਜੇ ਸੋਚ ਈ ਰਿਹਾ ਸੀ ਕਿ ਆਵਾਜ਼ ਕੰਨੀ ਪਈ, ‘‘ਕੰਮੇ ਮੈਂ ਤੇਰਾ ਮਾਮਾ ਬੋਲਦਾਂ ਜਗੀਰ ਸਿੰਘ। ਪੁੱਤ ਭੈਣ ਤੈਨੂੰ ਬੜਾ ਉਡੀਕਦੀ ਉਡੀਕਦੀ ਬਸ...। ਤੇ ਅੱਗੋਂ ਉਸ ਦੀ ਭੁੱਬ ਨਿਕਲ ਗਈ। ਪਾਸੇ ਰੱਖਿਆ ਚਾਲੂ ਫੋਨ ਸਾਰੀਆਂ ਆਵਾਜ਼ਾਂ ਕਰਮਜੀਤ ਦੇ ਕੰਨਾਂ ਤੱਕ ਪਹੁੰਚਾਉਂਦਾ ਰਿਹਾ। ਕਦੇ ਉਸ ਦੇ ਨਿੱਕੇ ਮਾਮੇ ਦੀ ਆਵਾਜ਼ ਆਉਂਦੀ, ਭਾਈ ਇੰਜ ਕੀਤਿਆਂ ਕਿਹੜਾ ਭੈਣ ਨੇ ਮੁੜ ਆਉਣਾ ਤੇ ਕਦੇ ਭਰੇ ਹੋਏ ਗੱਚ ’ਚੋਂ ਨਿਕਲਦੇ ਮਾਮੀ ਦੇ ਬੋਲ ਕਰਮਜੀਤ ਦੇ ਕੰਨੀ ਪੈਂਦੇ। ਉਸ ਨੂੰ ਸਮਝ ਲੱਗ ਗਈ ਕਿ ਮਾਂ ਦੀ ਲੋਰੀਆਂ ਵਾਲੀ ਮਿਠਾਸ ਹੁਣ ਕਦੇ ਵੀ ਉਸ ਦੇ ਕੰਨਾਂ ਵਿੱਚ ਨਹੀਂ ਘੁਲਣੀ ਤੇ ਨਾ ਹੁਣ ਕਿਸੇ ਨੇ ਕੰਮੇ ਪੁੱਤ ਕਹਿ ਕੇ ਆਵਾਜ਼ ਮਾਰਨੀ ਆ। ਕਿਸੇ ਦੀਆਂ ਝਿੜਕਾਂ ’ਚੋਂ ਵੀ ਪਿਆਰ ਨਹੀਂ ਝਲਕਣਾ। ਮਮਤਾ ਵਾਲੀਆਂ ਗੱਲਾਂ ਯਾਦਾਂ ਬਣ ਕੇ ਰਹਿ ਜਾਣੀਆਂ ਹਨ। ਕਿੰਨੇ ਕੁਝ ਹੋਰ ਦਾ ਕਿਆਸ ਕਰ ਕੇ ਉਸ ਨੂੰ ਅਮਰੀਕਾ ਆਉਣ ’ਤੇ ਪਛਤਾਵਾ ਹੋਣ ਲੱਗਾ। ਉਸ ਦਾ ਮਨ ਕਰੇ ਕੰਧ ਨਾਲ ਸਿਰ ਮਾਰ ਕੇ ਰੋਏ ਪਰ ਅੱਖਾਂ ’ਚੋਂ ਸਿੱਲ ਗਾਇਬ ਹੋ ਗਈ ਸੀ। ਘੰਟੇ ਕੁ ਬਾਅਦ ਮਨ ਤਕੜਾ ਕਰਕੇ ਉਸ ਨੇ ਫਿਰ ਫੋਨ ਲਾਇਆ, ਇਸ ਵਾਰ ਮੂਹਰਿਓਂ ਉਸ ਦਾ ਚਾਚਾ ਬੋਲ ਰਿਹਾ ਸੀ। ਉਸ ਨੇ ਸਾਰੇ ਹਾਲਾਤ ਭਤੀਜੇ ਨਾਲ ਸਾਂਝੇ ਕੀਤੇ। ਉਸ ਨੇ ਦੱਸਿਆ ਕਿ ਆਖਰੀ ਸਾਹ ਲੈਣ ਤੋਂ ਪਹਿਲਾਂ ਭਾਬੀ ਦੇ ਮੂੰਹੋਂ ਨਿਕਲਿਆ ਸੀ, “ਲੈ ਅਹੁ ਆ ਗਿਆ ਮੇਰਾ ਪੁੱਤ ਕੰਮਾ।’’
“ਚਾਚਾ ਉਸ ਦੇ ਨਾਲ ਗੱਲ ਕਰ ਹੀ ਰਿਹਾ ਸੀ ਕਿ ਚਾਚੀ ਨੇ ਪਤੀ ਦੇ ਹੱਥੋਂ ਫੋਨ ਫੜ ਲਿਆ ਤੇ ਆਪ ਗੱਲ ਕਰਨ ਲੱਗੀ। ਕੰਮੇ ਪੁੱਤ ਹੁਣ ਤੇ ਸਾਨੂੰ ਰੱਬ ਦਾ ਭਾਣਾ ਮੰਨਣਾ ਪੈਣਾ ਪਰ ਤੂੰ ਮਨ ਹੌਲਾ ਨਾ ਕਰੀਂ, ਮੈਂ ਹੈਗੀ ਆਂ ਅਜੇ, ਤੁਹਾਡੀ ਮਾਂ ਦੀ ਘਾਟ ਪੂਰੀ ਕਰਿਆ ਕਰੂੰਗੀ। ਮੇਰਾ ਪੁੱਤ ਜਦ ਵੀ ਤੇਰੇ ਕਾਗਜ਼ ਬਣ ਜਾਣ ਆ ਕੇ ਮਿਲ ਜਾਈਂ। ਸੁੱਖ ਨਾਲ ਹੁਣ ਤੇ ਜੀਤਾ ਵੀ ਜਵਾਨ ਹੋ ਗਿਆ, ਤੈਨੂੰ ਬੜਾ ਯਾਦ ਕਰਦਾ, ਕਹਿੰਦਾ ਮੈਂ ਵੀ ਵੀਰੇ ਕੋਲ ਈ ਮਰੀਕਾ ਜਾਣਾ।’’ ਹਮਦਰਦੀ ਦੇ ਪ੍ਰਗਟਾਵੇ ’ਚੋਂ ਚਾਚੀ ਨੇ ਪੁੱਤ ਨੂੰ ਬਾਹਰ ਭੇਜਣ ਵਾਲੀ ਸਵਾਰਥੀ ਝਲਕ ਵੀ ਵਿਖਾ ਦਿੱਤੀ।
ਫੋਨ ਬੰਦ ਕਰਕੇ ਉਹ ਮੰਜੇ ’ਤੇ ਲੇਟ ਗਿਆ, ਸਾਹਮਣੇ ਕੰਧ ’ਤੇ ਲੱਗੇ ਟੀਵੀ ’ਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲਾਈਵ ਕੀਰਤਨ ਚੱਲ ਰਿਹਾ ਸੀ। ਉਹ ਮਨ ਨੂੰ ਗੁਰਬਾਣੀ ’ਚ ਲੀਨ ਕਰਨ ਦੇ ਯਤਨ ਕਰਨ ਲੱਗਾ। ਉਸ ਦਾ ਮਨ: ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।। ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ।। ’ਤੇ ਅਟਕ ਕੇ ਰਹਿ ਗਿਆ। ਵਾਰ ਵਾਰ ਇਹੀ ਤੁਕ ਉਸ ਦੇ ਹਿਰਦੇ ਵਿੱਚ ਵੱਜਦੀ ਰਹੀ। ਕਦ ਨੀਂਦ ਆ ਗਈ ਉਸ ਨੂੰ ਪਤਾ ਨਾ ਲੱਗਾ, ਜਦੋਂ ਜਾਗ ਆਈ ਤਾਂ ਦੁਪਹਿਰ ਢਲ ਰਹੀ ਸੀ। ਘੜੀ ਵੇਖੀ ਤਾਂ ਯਾਦ ਆਇਆ ਕਿ ਟਰਾਲੇ ’ਚ ਲੱਦਿਆ ਮਾਲ ਅੱਧੀ ਰਾਤ ਤੋਂ ਪਹਿਲਾਂ ਡਲਿਵਰ ਕਰਨਾ ਜ਼ਰੂਰੀ ਹੈ ਤੇ ਪੈਂਡਾ ਉੱਥੋਂ 8 ਘੰਟੇ ਦਾ ਸੀ। ਮਿੰਟਾਂ ਵਿੱਚ ਨਹਾ ਧੋ ਕੇ ਉਸ ਨੇ ਕੱਪੜੇ ਪਾਏ। ਪਾਰਕਿੰਗ ਪਹੁੰਚ ਕੇ ਟਰਾਲਾ ਸਟਾਰਟ ਕੀਤਾ ਤੇ ਲਾਸ ਵੇਗਾਸ ਜਾਂਦੇ ਹਾਈਵੇਅ ’ਤੇ ਚੜ੍ਹ ਗਿਆ।
ਮਾਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਕਰਮਜੀਤ ਨੇ ਕੰਮ ਨਾ ਖੁੰਝਾਇਆ ਪਰ ਖਾਣ ਪੀਣ ਦੀ ਸੁੱਧ ਭੁੱਲ ਗਿਆ। ਰੈਸਟ ਵਾਲੀ ਥਾਂ ਆਉਂਦੀ ਤਾਂ ਉਹ ਟਰਾਲਾ ਤਾਂ ਰੋਕ ਲੈਂਦਾ ਪਰ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਯਾਦ ਆਉਂਦੀਆਂ ਤਾਂ ਖਾਣਾ ਪੀਣਾ ਭੁੱਲ ਜਾਂਦਾ। ਉਸ ਦਾ ਜੀਅ ਕਰਦਾ ਸਾਰਾ ਕੁਝ ਛੱਡ ਕੇ ਪਿੰਡ ਪਹੁੰਚ ਜਾਵੇ ਪਰ ਮਜਬੂਰੀਆਂ ਉਸ ਦਾ ਰਾਹ ਰੋਕ ਲੈਂਦੀਆਂ। ਪੱਕੇ ਹੋਣ ਦਾ ਖ਼ਿਆਲ ਆਉਂਦੇ ਹੀ ਉਹ ਵਕੀਲ ਨੂੰ ਫੋਨ ਕਰਦਾ। ਵਕੀਲ ਆਪਣੀ ਆਦਤ ਅਨੁਸਾਰ ਉਸ ਨੂੰ ਇੱਕ ਦੋ ਮਹੀਨਿਆਂ ਵਿੱਚ ਕੰਮ ਹੋ ਜਾਣ ਦਾ ਭਰੋਸਾ ਦੇ ਕੇ ਹੌਸਲਾ ਵਧਾ ਦਿੰਦਾ। ਹਾਲਾਂਕਿ ਵਕੀਲ ਦੇ ਭਰੋਸੇ ਉਹ ਚਾਰ ਸਾਲਾਂ ਤੋਂ ਸੁਣਦਾ ਆ ਰਿਹਾ ਸੀ ਪਰ ਉਸ ਨੂੰ ਵਕੀਲ ਦੀ ਗੱਲ ’ਤੇ ਇਤਬਾਰ ਹੋਣ ਲੱਗਦਾ। ਕਈ ਘੰਟਿਆਂ ਤੋਂ ਭੁੱਖਾ ਉਸ ਦਾ ਪੇਟ ਅਗਲੇ ਸਟਾਪ ’ਤੇ ਬਰੇਕ ਮਾਰਨ ਲਈ ਮਜਬੂਰ ਕਰ ਦਿੰਦਾ ਤੇ ਉਹ ਆਰਡਰ ਕਰਨ ਲਈ ਕਤਾਰ ’ਚ ਜਾ ਖੜੋਂਦਾ।
ਦਿਨ, ਹਫ਼ਤੇ ਤੇ ਮਹੀਨੇ ਲੰਘਦੇ ਗਏ ਪਰ ਕਰਮਜੀਤ ਦੇ ਮਨ ’ਚੋਂ ਮਾਂ ਦੇ ਵਿਛੋੜੇ ਦੀ ਚੀਸ ਹਲਕੀ ਨਾ ਹੋਈ। ਛੁੱਟੀ ਵਾਲੇ ਦਿਨ ਉਹ ਦੋਸਤਾਂ ਨਾਲ ਘੁੰਮਣ ਫਿਰਨ ਦੀ ਥਾਂ ਘਰੇ ਟੀਵੀ ਵੇਖਦਿਆਂ ਗੁਜ਼ਾਰ ਦਿੰਦਾ। ਬਚਪਨ ’ਚ ਹੋਸ਼ ਸੰਭਾਲਣ ਤੋਂ ਲੈ ਕੇ ਵਿਦੇਸ਼ ਆਉਣ ਤੱਕ ਦੇ ਹਰ ਦਿਨ ਦੀ ਕੋਈ ਨਾ ਕੋਈ ਘਟਨਾ ਉਸ ਦੇ ਚੇਤਿਆਂ ’ਚੋਂ ਉੱਭਰ ਆਉਂਦੀ ਤੇ ਮਾਂ ਅੱਖਾਂ ਮੂਹਰੇ ਖੜ੍ਹੀ ਦਿਸਦੀ। ਕਿਸੇ ਗ਼ਲਤੀ ਕਾਰਨ ਮਾਂ ਤੋਂ ਪਈ ਚਪੇੜ ਦਾ ਉਦੋਂ ਹੋਇਆ ਦਰਦ, ਉਸ ਨੂੰ ਨਿੱਘ ਦੇਣ ਲੱਗ ਪੈਂਦਾ। ਉਸ ਨੂੰ ਛੋਟੇ ਭੈਣ-ਭਰਾ ਆਪਣੇ ਤੋਂ ਚੰਗੇ ਲੱਗਣ ਲੱਗਦੇ ਜੋ ਮਾਂ ਦੇ ਜਾਣ ਮੌਕੇ ਉਸ ਦੇ ਕੋਲ ਸਨ। ਚਾਚੇ ਵੱਲੋਂ ਦੱਸੀ ਗੱਲ ਉਸ ਦੇ ਚੇਤੇ ’ਚੋਂ ਉੱਭਰ ਆਉਂਦੀ ਤਾਂ ਖ਼ਿਆਲ ਕਰਦਾ ਕਿ ਪਤਾ ਨਹੀਂ ਮਾਂ ਦੀ ਰੂਹ ਨੂੰ ਕਿੰਨਾ ਵੱਡਾ ਜੇਰਾ ਕਰਕੇ ਸਰੀਰ ਛੱਡਣਾ ਪਿਆ ਹੋਊ। ਸੋਚਾਂ ਦੀ ਲੜੀ ਦੇ ਨਾਲ ਨਾਲ ਤੁਰਦੇ ਨੂੰ ਪਤਾ ਨਾ ਲੱਗਦਾ ਕਦ ਉਸ ਦੀ ਅੱਖ ਲੱਗ ਗਈ। ਜਾਗ ਆਉਂਦੀ ਤਾਂ ਵੇਖਦਾ ਕਿ ਕੰਬਲ ਤਾਂ ਪਾਸੇ ਪਿਆ ਹੋਇਐ, ਉਸ ਨੂੰ ਨਿੱਘ ਕਿੱਥੋਂ ਆ ਰਿਹਾ ਸੀ। ਫਿਰ ਯਾਦ ਕਰਦਾ ਕਿ ਉਹ ਨਿੱਘ ਤਾਂ ਸੁਪਨੇ ਵਿੱਚ ਆਈ ਮਾਂ ਦੀਆਂ ਲੋਰੀਆਂ ਦਾ ਸੀ। ਉਹ ਕੰਬਲ ਦੀਆਂ ਤਹਿਆਂ ਖੋਲ੍ਹਦਾ ਤੇ ਉੱਪਰ ਤਾਣ ਲੈਂਦਾ ਪਰ ਘੰਟਾ ਪਹਿਲਾਂ ਆਏ ਨਿੱਘ ਵਰਗਾ ਅਹਿਸਾਸ ਉਸ ਨੂੰ ਨਾ ਹੁੰਦਾ ਤੇ ਉਹ ਆਪਣੇ ਆਪ ਨੂੰ ਕੰਬਲ ਵਿੱਚ ਵਲੇਟ ਕੇ ਨਿੱਘੇ ਹੋਣ ਦੇ ਯਤਨ ਕਰਨ ਲੱਗ ਪੈਂਦਾ। ਦੋ-ਤਿੰਨ ਸਾਲ ਹੋਰ ਲੰਘ ਗਏ ਪਰ ਕਰਮਜੀਤ ਮਾਂ ਦੇ ਵਿਛੋੜੇ ’ਚੋਂ ਉੱਭਰ ਨਾ ਸਕਿਆ। ਕਈ ਵਾਰ ਲੰਮੀ ਵਾਟ ਤੈਅ ਕਰਦਿਆਂ ਉਸ ਨੂੰ ਕੰਨਾਂ ’ਚ ਮਾਂ ਦੀਆਂ ਲੋਰੀਆਂ ਦੀ ਆਵਾਜ਼ ਪੈਂਦੀ ਲੱਗਦੀ। ਕਈ ਵਾਰ ਉਸ ਨੂੰ ਲੱਗਦਾ ਮਾਂ ਉਸ ਦੇ ਨਾਲ ਵਾਲੀ ਸੀਟ ’ਤੇ ਬੈਠੀ ਹੋਈ ਹੈ।
ਅਮਰੀਕਾ ’ਚ ਉਸ ਨੇ ਮਨ ਲਾ ਕੇ ਮਿਹਨਤ ਕੀਤੀ। ਨਾ ਉਸ ਨੇ ਦਿਨ ਦੀ ਪਰਵਾਹ ਕੀਤੀ ਤੇ ਨਾ ਰਾਤ ਦੀ। ਬੇਸ਼ੱਕ ਉਸ ਦੀ ਕਮਾਈ ਦਾ ਕਾਫ਼ੀ ਹਿੱਸਾ ਵਕੀਲਾਂ ਦੀ ਝੋਲੀ ਪੈਂਦਾ ਰਿਹਾ ਪਰ ਬਾਪੂ ਨੂੰ ਜਦ ਵੀ ਲੋੜ ਪੈਂਦੀ, ਉਹ ਕਦੇ ਨਾ ਪੁੱਛਦਾ ਕਿ ਕਿੱਥੇ ਵਰਤਣੇ ਨੇ। ਅਗਲੇ ਦਿਨ ਉਹ ਬੈਂਕ ਜਾਂਦਾ ਤੇ ਰਕਮ ਤੋਰਦੀ ਕਰ ਦਿੰਦਾ। ਇੱਕ ਦਿਨ ਉਹ ਨਿਊਯਾਰਕ ਵੱਲੋਂ ਵਾਪਸ ਜਾ ਰਿਹਾ ਸੀ। ਉਸ ਨੂੰ ਵਕੀਲ ਦਾ ਫੋਨ ਆਇਆ। ਪਹਿਲਾਂ ਤਾਂ ਉਸ ਨੂੰ ਲੱਗਿਆ ਪੈਸੇ ਦੀ ਮੰਗ ਕਰੂ, ਉਸ ਨੇ ਟਾਲਣ ਦਾ ਯਤਨ ਕੀਤਾ ਪਰ ਵਕੀਲ ਨੇ ਫੋਨ ਕੱਟਣ ਦੀ ਥਾਂ ਫਾਈਲ ਅਪਰੂਵਲ ਦੀ ਵਧਾਈ ਦਿੰਦੇ ਹੋਏ ਸਿੱਧਾ ਉਸ ਕੋਲ ਪਹੁੰਚਣ ਲਈ ਕਿਹਾ। ਰਹਿੰਦਾ ਸਫ਼ਰ ਤਿੰਨ ਦਿਨਾਂ ’ਚ ਪੂਰਾ ਹੋਣਾ ਸੀ। ਉਸ ਦਾ ਜੀਅ ਕਰੇ ਟਰੱਕ ਉੱਥੇ ਛੱਡ ਕੇ ਉਹ ਉੱਡ ਕੇ ਵਕੀਲ ਕੋਲ ਜਾ ਪਹੁੰਚੇ। ਚੌਥੇ ਦਿਨ ਟਰੱਕ ਤੋਂ ਵਿਹਲਾ ਹੋ ਕੇ ਉਹ ਘਰ ਜਾਣ ਦੀ ਥਾਂ ਵਕੀਲ ਦੇ ਦਫ਼ਤਰ ਪਹੁੰਚਿਆ। ਖ਼ੁਸ਼ੀ ’ਚ ਖੀਵੇ ਹੋਏ ਨੇ ਕਿੰਨੇ ਸਾਰੇ ਨੋਟ ਵਕੀਲ ਦੀ ਮੇਜ਼ ’ਤੇ ਖਿਲਾਰ ਦਿੱਤੇ। ਵਕੀਲ ਨੇ ਵੀ ਲਾਲਚ ਤਿਆਗ ਕੇ ਅਪਰੂਵਲ ਵਾਲੀ ਚਿੱਠੀ ਉਸ ਦੇ ਹੱਥ ਫੜਾ ਦਿੱਤੀ। ਥੋੜ੍ਹੇ ਦਿਨ ਲੰਘੇ ਤਾਂ ਕਰਮਜੀਤ ਦਾ ਗਰੀਨ ਕਾਰਡ ਡਾਕ ਰਾਹੀਂ ਉਸ ਕੋਲ ਪਹੁੰਚ ਗਿਆ। ਉਸ ਨੇ ਉਸੇ ਵੇਲੇ ਦੋਸਤ ਤਾਰੇ ਨੂੰ ਫੋਨ ਕਰਕੇ ਇੰਡੀਆ ਦੀ ਟਿਕਟ ਬੁੱਕ ਕਰਾਉਣ ਦੀ ਜਾਣਕਾਰੀ ਲਈ। ਤਾਰੇ ਨੇ ਉਸ ਨੂੰ ਆਪਣੇ ਜਾਣਕਾਰ ਟਰੈਵਲ ਏਜੰਟ ਦਾ ਫੋਨ ਨੰਬਰ ਦੇ ਕੇ ਗੱਲ ਕਰਨ ਲਈ ਕਿਹਾ। ਕਰਮਜੀਤ ਦੇ ਪੈਰ ਭੁੰਜੇ ਨਹੀਂ ਸੀ ਲੱਗ ਰਹੇ। ਉਸ ਨੇ ਫੋਨ ਕਰਨ ਨੂੰ ਮਿੰਟ ਨਾ ਲਾਇਆ। ਮੂਹਰਿਓਂ ਸਵਾਲ ਤਾਂ ਜਾਣ ਆਉਣ ਦੀ ਤਰੀਕ ਦਾ ਪੁੱਛਿਆ ਜਾ ਰਿਹਾ ਸੀ ਪਰ ਕਰਮਜੀਤ ਜਿਹੜੀ ਛੇਤੀ ਪਹੁੰਚਾ ਦੇਵੇ ਬੋਲੀ ਜਾ ਰਿਹਾ ਸੀ। ਟਰੈਵਲ ਏਜੰਟ ਉਸ ਦੀ ਬੇਸਬਰੀ ਸਮਝ ਗਿਆ। ਉਸ ਨੇ ਰੇਟ ਦੱਸਿਆ ਤੇ ਕਰਮਜੀਤ ਤੋਂ ਹੋਰ ਜਾਣਕਾਰੀ ਲੈ ਕੇ ਟਿਕਟ ਰਿਜ਼ਰਵ ਕਰ ਦਿੱਤੀ। ਸ਼ਾਮ ਨੂੰ ਤਿੰਨ ਦਿਨ ਬਾਅਦ ਦੀ ਟਿਕਟ ਕਰਮਜੀਤ ਦੇ ਹੱਥ ’ਚ ਸੀ। ਇੰਡੀਆ ’ਚ ਸਵੇਰੇ ਹੁੰਦੇ ਹੀ ਉਸ ਨੇ ਬਾਪੂ ਨੂੰ ਫੋਨ ਲਾ ਕੇ ਆਪਣੇ ਆਉਣ ਬਾਰੇ ਦੱਸਿਆ।
ਦਿੱਲੀ ਪਹੁੰਚ ਕੇ ਟੈਕਸੀ ਕੀਤੀ ਤੇ ਪਿੰਡ ਲਈ ਚੱਲ ਪਿਆ। 11 ਸਾਲਾਂ ਵਿੱਚ ਭਾਰਤ ਦੀਆਂ ਸੜਕਾਂ ਦੇ ਹੋਏ ਸੁਧਾਰ ਨੂੰ ਵੇਖ ਕੇ ਤਾਂ ਉਹ ਖ਼ੁਸ਼ ਹੋਇਆ ਪਰ ਵਾਹਨਾਂ ਦੀ ਭੀੜ ਕਾਰਨ ਟੈਕਸੀ ਹੌਲੀ ਹੁੰਦੀ ਤਾਂ ਉਸ ਨੂੰ ਗੁੱਸਾ ਆਉਂਦਾ। ਪਿੰਡ ਪਹੁੰਚਣ ਤੱਕ ਤਾਂ ਉਹ ਬੜੇ ਚਾਅ ’ਚ ਰਿਹਾ ਪਰ ਬਾਰ ਲੰਘਦੇ ਹੀ ਉਸ ਦੀ ਭੁੱਬ ਨਿਕਲ ਗਈ। ਮਾਂ ਬਿਨਾਂ ਉਸ ਨੂੰ ਘਰ ਖਾਲੀ ਖਾਲੀ ਲੱਗਿਆ। ਉਸ ਦਾ ਬਿਸਤਰਾ ਉਸ ਦੇ ਪੈਸਿਆਂ ਨਾਲ ਬਣੀ ਕੋਠੀ ਵਿੱਚ ਲੱਗੇ ਏਸੀ ਵਾਲੇ ਕਮਰੇ ਵਿੱਚ ਲਾਇਆ ਗਿਆ। ਦੇਰ ਰਾਤ ਤੱਕ ਉਸ ਦੇ ਭੈਣ-ਭਰਾ ਉਸ ਕੋਲ ਬੈਠ ਕੇ ਗੱਲਾਂ ਕਰਦੇ ਰਹੇ। ਜਹਾਜ਼ ਦੀ ਉਡਾਣ ਦੌਰਾਨ ਝਾਕਿਆ ਉਨੀਂਦਰਾ ਵੀ ਉਸ ਦੀ ਅੱਖ ਲਾ ਸਕਣ ’ਚ ਅਸਫਲ ਰਿਹਾ। ਅਗਲੇ ਦਿਨ ਉਸ ਨੇ ਆਪਣਾ ਬਿਸਤਰਾ ਉਸੇ ਪੁਰਾਣੇ ਕਮਰੇ ਵਿੱਚ ਲੁਆ ਲਿਆ, ਜਿੱਥੇ ਉਹ ਮਾਂ ਦੇ ਨਾਲ ਵਾਲੇ ਮੰਜੇ ’ਤੇ ਸੌਂਦਾ ਹੁੰਦਾ ਸੀ। ਪੈਂਦੇ ਸਾਰ ਹੀ ਉਸ ਨੂੰ ਨੀਂਦ ਨੇ ਦਬੋਚ ਲਿਆ ਪਰ ਅਚੇਤ ਮਨ ਮਾਂ ਦੀਆਂ ਯਾਦਾਂ ਵਿੱਚ ਉਲਝ ਗਿਆ। ਮਾਂ ਦੀਆਂ ਲੋਰੀਆਂ ਉਸ ਦੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ ਤੇ ਉਹ ਆਪਣੇ ਆਪ ਨੂੰ ਮਾਂ ਦੀ ਜੱਫੀ ਵਿੱਚ ਘੁੱਟਿਆ ਮਹਿਸੂਸ ਕਰਦਾ ਰਿਹਾ। ਅਗਲੀ ਸਵੇਰੇ ਉੱਠਿਆ ਤਾਂ ਉਸ ਨੂੰ ਘਰ ਦੀ ਹਰ ਸ਼ੈਅ ’ਚੋਂ ਮਾਂ ਦੀ ਮਮਤਾ ਝਲਕਦੀ ਲੱਗ ਰਹੀ ਸੀ। ਕੰਨਾਂ ’ਚ ਲੋਰੀਆਂ ਦੀ ਮਿਠਾਸ ਘੁਲਦੀ ਲੱਗਦੀ ਸੀ। ਉਹ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਰ ਰਿਹਾ ਸੀ। ਘਰ ਦੀ ਹਰ ਸ਼ੈਅ ’ਚੋਂ ਉਸ ਨੂੰ ਮਾਂ ਦਿਸ ਰਹੀ ਸੀ। ਉਸ ਦੇ ਬਾਪੂ ਤੇ ਭੈਣ-ਭਰਾਵਾਂ ਨੇ ਵੇਖਿਆ ਕਿ ਕੱਲ੍ਹ ਵਾਲੇ ਤੇ ਅੱਜ ਵਾਲੇ ਕਰਮਜੀਤ ਵਿੱਚ ਧਰਤੀ ਤੇ ਆਕਾਸ਼ ਵਰਗਾ ਵੱਡਾ ਫ਼ਰਕ ਸੀ।
ਸੰਪਰਕ: +16044427676