For the best experience, open
https://m.punjabitribuneonline.com
on your mobile browser.
Advertisement

ਸਿਆਸੀ ਬਹਿਸ ਨੇ ਵਾਹਣੀਂ ਪਾਏ ਲੁਧਿਆਣਵੀ

06:53 AM Nov 02, 2023 IST
ਸਿਆਸੀ ਬਹਿਸ ਨੇ ਵਾਹਣੀਂ ਪਾਏ ਲੁਧਿਆਣਵੀ
ਲੁਧਿਆਣਾ ਵਿੱਚ ਬੁੱਧਵਾਰ ਨੂੰ ਲੱਗੇ ਟਰੈਫਿਕ ਜਾਮ ਦੀ ਝਲਕ। ਫੋਟੋ: ਹਿਮਾਂਸ਼ੂ
Advertisement

ਗਗਨਦੀਪ ਅਰੋੜਾ
ਲੁਧਿਆਣਾ, 1 ਨਵੰਬਰ
ਪੀਏਯੂ ਵਿੱਚ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ‘ਮੈਂ ਪੰਜਾਬ ਬੋਲਦਾ ਹਾਂ’ ਬੈਨਰ ਹੇਠ ਰੱਖੀ ਗਈ ਖੁੱਲ੍ਹੀ ਬਹਿਸ ਕਾਰਨ ਲੋਕ ਸਵੇਰ ਤੋਂ ਦੁਪਹਿਰ ਤੱਕ ਪ੍ਰੇਸ਼ਾਨ ਹੁੰਦੇ ਰਹੇ। ਸ਼ਹਿਰ ਵਿੱਚ ਟਰੈਫਿਕ ਜਾਮ ਲੱਗਿਆ ਰਿਹਾ। ਪੀਏਯੂ ’ਚ ਜਾਣ ਵਾਲੀ ਵਿਦਿਆਰਥੀਆਂ ਨੂੰ ਵੀ ਦੋ-ਚਾਰ ਹੋਣਾ ਪਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੀਏਯੂ ਵਿੱਚ ਖੁੱਲ੍ਹੀ ਬਹਿਸ ਵਿੱਚ ਸ਼ਾਮਲ ਹੋਣ ਲਈ ਹੈਲੀਕਾਪਟਰ ਰਾਹੀਂ ਪੀਏਯੂ ਵਿੱਚ ਆਏ ਪਰ ਇਸ ਦੇ ਬਾਵਜੂਦ ਪੁਲੀਸ ਨੇ ਫਿਰੋਜ਼ਪੁਰ ਰੋਡ ਤੋਂ ਪੀਏਯੂ ਵੱਲ ਆਉਂਦੀ ਰੋਡ ਨੂੰ ਬੰਦ ਰੱਖਿਆ। ਇਸ ਕਾਰਨ ਇੱਥੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਪੀਏਯੂ ਵਿੱਚ ਆਉਣ ਵਾਲੇ ਲੋਕਾਂ ਨੂੰ ਖੁੱਲ੍ਹੀ ਬਹਿਸ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ ਕਿਉਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਿਸੇ ਨੂੰ ਵੀ ਪੀਏਯੂ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਪੀਏਯੂ ਸਿਰਫ਼ ਖੁੱਲ੍ਹੀ ਬਹਿਸ ਵਿੱਚ ਸੱਦਾ ਹੋਣ ਵਾਲੇ ਲੋਕਾਂ ਨੂੰ ਹੀ ਜਾਣ ਦਿੱਤਾ ਗਿਆ।
ਪੀਏਯੂ ਵਿੱਚ ਸੁਰੱਖਿਆ ਜ਼ਿਆਦਾ ਹੋਣ ਕਾਰਨ ਵਿਦਿਆਰਥੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਗੇਟ ਨੰਬਰ 2 ਦੇ ਬਾਹਰ ਕਈ ਵਿਦਿਆਰਥੀ ਖੜ੍ਹੇ ਰਹੇ ਜਿਨ੍ਹਾਂ ਨੂੰ ਬਾਅਦ ਵਿੱਚ ਮੁਲਾਜ਼ਮਾਂ ਨੇ ਗੇਟ ਨੰਬਰ 4 ਰਾਹੀਂ ਜਾਣ ਲਈ ਕਿਹਾ ਪਰ ਉਥੇ ਵੀ ਕਿਸੇ ਨੂੰ ਐਂਟਰੀ ਨਹੀਂ ਮਿਲੀ। ਸ਼ਹਿਰ ਵਿੱਚ ਕਈ ਥਾਵਾਂ ’ਤੇ ਟਰੈਫਿਕ ਜਾਮ ਵਰਗੇ ਹਾਲਾਤ ਬਣੇ ਰਹੇ। ਸ਼ਹਿਰ ਵਿੱਚ ਨਾਕਾਬੰਦੀ ਤੇ ਬੈਰੀਕੇਟਿੰਗ ਕੀਤੀ ਗਈ ਸੀ ਜਿਸ ਕਾਰਨ ਕਈ ਇਲਾਕਿਆਂ ਵਿੱਚ ਟਰੈਫਿਕ ਜਾਮ ਵਰਗੇ ਹਾਲਾਤ ਬਣੇ ਰਹੇ। ਫਿਰੋਜ਼ਪੁਰ ਰੋਡ ਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਕਾਫ਼ੀ ਟਰੈਫਿਕ ਜਾਮ ਲੱਗਿਆ ਰਿਹਾ। ਪੰਜਾਬ ਪੁਲੀਸ ਨੇ ਆਡਟੋਰੀਅਮ ਤੇ ਉਸ ਦੇ ਆਸ-ਪਾਸ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਨਾਲ ਹੀ ਪੀਏਯੂ ਦੇ ਅੰਦਰ ਚੱਪੇ ਚੱਪੇ ’ਤੇ ਪੁਲੀਸ ਕਰਮੀ ਤਾਇਨਾਤ ਸਨ ਅਤੇ ਸੀਨੀਅਰ ਅਧਿਕਾਰੀ ਇਸ ਦੀ ਅਗਵਾਈ ਕਰ ਰਹੇ ਸਨ।

Advertisement

ਸਾਰਸ ਮੇਲੇ ਦੇਖਣ ਆਏ ਲੋਕ ਵੀ ਬੇਰੰਗ ਮੁੜੇ

ਪੀਏਯੂ ਵਿੱਚ ਦਾਖ਼ਲਾ ਨਾ ਮਿਲਣ ਕਾਰਨ ਵਾਪਸ ਮੁੜਦੀਆਂ ਹੋਈਆਂ ਔਰਤਾਂ ਤੇ ਇਕ ਬੱਚੀ। ਫੋਟੋ: ਹਿਮਾਂਸ਼ੂ

ਲੁਧਿਆਣਾ (ਗੁਰਿੰਦਰ ਸਿੰਘ/ ਸਤਵਿੰਦਰ ਸਿੰਘ ਬਸਰਾ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਸਾਰਸ ਮੇਲਾ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਪਰ ਅੱਜ ਮੁੱਖ ਮੰਤਰੀ ਵੱਲੋਂ ਰੱਖੇ ‘ਮੈਂ ਪੰਜਾਬ ਬੋਲਦਾ ਹਾਂ’ ਪ੍ਰੋਗਰਾਮ ਤਹਤਿ ਲਗਾਈਆਂ ਪਾਬੰਦੀਆਂ ਕਾਰਨ ਮੇਲਾ ਦੇਖਣ ਆਏ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਮੇਲੇ ਦੀ ਹਾਜ਼ਰੀ ਕਾਫ਼ੀ ਪ੍ਰਭਾਵਤਿ ਹੋਈ। ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਲੋਕ ਸਵੇਰੇ ਹੀ ਮੇਲੇ ਵਾਲੀ ਥਾਂ ਤੇ ਪੁੱਜ ਗਏ ਸਨ ਪਰ ਪੁਲੀਸ ਪ੍ਰਸ਼ਾਸਨ ਵੱਲੋਂ ਲਗਾਈਆਂ ਰੋਕਾਂ ਕਾਰਨ ਉਹ ਮੇਲੇ ਵਿੱਚ ਨਹੀਂ ਪੁੱਜ ਸਕੇ। ਬਾਅਦ ਦੁਪਹਿਰ ਮੁੱਖ ਮੰਤਰੀ ਦਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਹੀ ਲੋਕਾਂ ਨੇ ਮੇਲੇ ਵਿੱਚ ਸ਼ਮੂਲੀਅਤ ਕੀਤੀ। ਮੇਲੇ ਦੌਰਾਨ ਵੱਖ-ਵੱਖ ਰਾਜਾਂ ਤੋਂ ਆਈਆਂ ਵਿਰਾਸਤੀ ਝਲਕੀਆਂ ਅਤੇ ਕਲਾ ਕਿਰਤਾਂ ਵਿੱਚ ਲੋਕਾਂ ਵੱਲੋਂ ਭਾਰੀ ਦਿਲਚਸਪੀ ਦਿਖਾਈ ਗਈ।

ਸਮਾਗਮ ਵਾਲੀ ਥਾਂ ਤੋਂ ਪਹਿਲਾਂ ਹੀ ਮੁੜ ਗਏ ਸਾਬਕਾ ਵਿਧਾਇਕ ਬੈਂਸ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੀਏਯੂ ਦੇ ਕੋਲ ਨਹਿਰ ਨੇੜੇ ਪੁੱਜੇ ਤੇ ਫੋਟੋ ਖਿਚਵਾ ਕੇ ਵਾਪਸ ਚਲੇ ਗਏ। ਸ੍ਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਸੱਦਾ ਨਹੀਂ ਮਿਲਿਆ। ਉਨ੍ਹਾਂ ਮੁੱਖ ਮੰਤਰੀ ਦਫ਼ਤਰ ਨਾਲ ਬਹਿਸ ਵਿੱਚ ਜਾਣ ਲਈ ਸੱਦੇ ਸਬੰਧੀ ਗੱਲ ਕੀਤੀ ਸੀ ਤਾਂ ਕਿ ਉਹ ਵੀ ਆਪਣੀ ਪਾਰਟੀ ਦੀ ਗੱਲ ਰੱਖ ਸਕਣ, ਪਰ ਉਨ੍ਹਾਂ ਨੂੰ ਨਾ ਤਾਂ ਕੋਈ ਜਵਾਬ ਆਇਆ ਅਤੇ ਨਾ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਸੱਦਿਆ ਗਿਆ। ਸਾਬਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ਤੋਂ ਸਰਕਾਰ ਭੱਜ ਰਹੀ ਹੈ, ਜੇ ਉਹ ਬਹਿਸ ਵਿੱਚ ਸ਼ਾਮਲ ਹੁੰਦੇ ਤਾਂ ਪਾਣੀ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਕਾਨੂੰਨ ਵਿਵਸਥਾ ਦਾ ਮੁੱਦਾ ਸਰਕਾਰ ਅੱਗੇ ਜ਼ਰੂਰ ਚੁੱਕਦੇ।

ਬਰਖ਼ਾਸਤ ਡੀਐੱਸਪੀ ਸੇਖੋਂ ਵੀ ਸਾਥੀਆਂ ਸਣੇ ਪੁੱਜੇ

ਬਰਖਾਸਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਇੱਕ ਵਾਰ ਫਿਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਲਈ ਪੁੱਜ ਗਏ। ਇਸ ਵਾਰ ਉਹ ਨਸ਼ੇ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਲਈ ਪੁੱਜੇ। ਪੰਜਾਬ ਨਸ਼ਾ ਵਿਰੋਧੀ ਮੰਚ ਦੇ ਝੰਡੇ ਥੱਲੇ ਸਾਬਕਾ ਵਿਧਾਇਕ ਕਾ. ਤਰਸੇਮ ਸਿੰਘ ਜੋਧਾਂ ਦੇ ਨਾਲ ਉਨ੍ਹਾਂ ਨੇ ਪੀਏਯੂ ਦੇ ਬਾਹਰ ਪ੍ਰਦਰਸ਼ਨ ਕੀਤਾ। ਸਾਬਕਾ ਵਿਧਾਇਕ ਤਰਸੇਮ ਜੋਧਾਂ ਤੇ ਬਲਵਿੰਦਰ ਸੇਖੋਂ ਨੇ ਦੱਸਿਆ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਪੂਰੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਹੈ, ਪਰ ਹੁਣ ਉਹ ਜਾਣਾ ਚਾਹੁੰਦੇ ਹਨ ਤਾਂ ਪੁਲੀਸ ਉਨ੍ਹਾਂ ਨੂੰ ਅੰਦਰ ਜਾਣ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਸੱਦਿਆ ਹੈ, ਜਿਨ੍ਹਾਂ ਨੇ ਪੰਜਾਬ ਦੇ ਮੁੱਦੇ ਨਹੀਂ ਚੁੱਕਣੇ। ਜੋ ਪੰਜਾਬ ਦੇ ਮੁੱਦੇ ਚੁੱਕਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।

ਐੱਨਐੱਸਯੂਆਈ ਨੇ ਸਿੱਧੂ ਮੂਸੇਵਾਲਾ ਲਈ ਮੰਗਿਆ ਇਨਸਾਫ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਐੱਨਐੱਸਯੂਆਈ ਦੇ ਪੰਜਾਬ ਪ੍ਰਧਾਨ ਇਸ਼ਪ੍ਰੀਤ ਸਿੰਘ ਸਿੱਧੂ ਇੱਥੇ ਪ੍ਰਦਰਸ਼ਨ ਕਰਨ ਲਈ ਪੁੱਜੇ ਸਨ। ਇਸ਼ਪ੍ਰੀਤ ਸਿੰਘ ਸਿੱਧੂ ਆਪਣੇ ਸਮਰਥਕਾਂ ਨਾਲ ਨਹੀਂ ਸਗੋਂ ਇਕੱਲਾ ਹੀ ਪ੍ਰਦਰਸ਼ਨ ਲਈ ਪੁੱਜਿਆ ਸੀ ਤੇ ਅੰਦਰ ਵੀ ਇਕੱਲਾ ਹੀ ਜਾਣਾ ਚਾਹੁੰਦਾ ਸੀ। ਇਸ਼ਪ੍ਰੀਤ ਸਿੰਘ ਸਿੱਧੂ ਨੇ ਹੱਥ ਵਿੱਚ ਪੋਸਟਰ ਫੜ ਕੇ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਦੌਰਾਨ ਉਸ ਨੇ ਖੁੱਲ੍ਹੀ ਬਹਿਸ ’ਚ ਸ਼ਾਮਲ ਹੋ ਕੇ ਮੁੱਖ ਮੰਤਰੀ ਨਾਲ ਗੱਲ ਕਰਨ ਦੀ ਗੱਲ ਕਹੀ, ਪਰ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ। ਇਸ ਦੌਰਾਨ ਇਸ਼ਪ੍ਰੀਤ ਦੀ ਪੁਲੀਸ ਅਧਿਕਾਰੀਆਂ ਨਾਲ ਧੱਕਾਮੁੱਕੀ ਵੀ ਹੋਈ।

Advertisement
Author Image

sukhwinder singh

View all posts

Advertisement
Advertisement
×