ਹੁੰਮਸ ਵਾਲੇ ਮੌਸਮ ਤੋਂ ਲੁਧਿਆਣਵੀ ਹੋਏ ਪ੍ਰੇਸ਼ਾਨ
ਸਤਵਿੰਦਰ ਬਸਰਾ
ਲੁਧਿਆਣਾ, 24 ਜੂਨ
ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਕਾਰਨ ਅੱਜ ਵੀ ਸਾਰਾ ਦਿਨ ਲੋਕ ਤ੍ਰਾਹ ਤ੍ਰਾਹ ਕਰਦੇ ਦੇਖੇ ਗਏ। ਲੋਕ ਮੂੰਹ ‘ਤੇ ਕੱਪੜੇ ਬੰਨ੍ਹ ਕੇ ਜਾਂ ਛਤਰੀਆਂ ਲੈ ਕੇ ਗਰਮੀ ਤੋਂ ਬਚਦੇ ਨਜ਼ਰ ਆਏ। ਪਿਛਲੇ ਕੁਝ ਸਮੇਂ ਤੋਂ ਮੌਸਮ ਵਿੱਚ ਲਗਤਾਰ ਬਦਲਾਅ ਆ ਰਹੇ ਹਨ। ਇਸ ਵਾਰ ਮਈ ਮਹੀਨੇ ਔਸਤ ਨਾਲੋਂ ਵੱਧ ਮੀਂਹ ਪੈਣ ਕਰ ਕੇ ਮੌਨਸੂਨ ਸੀਜ਼ਨ ਦੇਰੀ ਨਾਲ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਪਰ ਹੁਣ ਇਹ ਮੌਨਸੂਨ ਕਰੀਬ ਡੇਢ ਹਫਤਾ ਪਹਿਲਾਂ ਆ ਰਹੀ ਹੈ।
ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਆਉਂਦੀ 25, 26 ਅਤੇ 27 ਜੂਨ ਨੂੰ ਤਿੰਨ ਦਿਨ ਲਗਾਤਾਰ ਮੀਂਹ ਆ ਸਕਦਾ ਹੈ। ਪਿਛਲੇ ਸਾਲਾਂ ਦੌਰਾਨ ਜੂਨ ਵਿੱਚ ਔਸਤਨ ਮੀਂਹ 70 ਐਮਐਮ ਦੇ ਕਰੀਬ ਪਿਆ ਜੋ ਇਸ ਵਾਰ 24 ਜੂਨ ਤੱਕ 50 ਐਮਐਮ ਦੇ ਕਰੀਬ ਰਿਹਾ ਜਦਕਿ ਇਸ ਮਹੀਨੇ ਦੇ ਅਜੇ ਵੀ ਛੇ ਦਿਨ ਬਾਕੀ ਹਨ। ਇਨ੍ਹਾਂ ਦਿਨਾਂ ਵਿੱਚੋਂ 25, 26 ਅਤੇ 27 ਜੂਨ ਨੂੰ ਲਗਾਤਰ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮੌਸਮ ਮਾਹਿਰ ਦੀ ਮੰਨੀਏ ਤਾਂ ਜੂਨ ਦੇ ਆਖਰੀ ਹਫ਼ਤੇ ਪ੍ਰੀ-ਮੌਨਸੂਨ ਆ ਜਾਂਦੀ ਹੈ ਪਰ ਇਸ ਵਾਰ ਮੌਸਮ ਵਿੱਚ ਇੱਕਦਮ ਆਏ ਬਦਲਾਅ ਕਾਰਨ ਮੌਨਸੂਨ ਕਰੀਬ ਡੇਢ ਹਫਤਾ ਪਹਿਲਾਂ 25 ਜੂਨ ਤੋਂ ਸ਼ੁਰੂ ਹੋ ਰਹੀ ਹੈ। ਮੌਸਮ ਦੀ ਅਗੇਤੀ ਆਮਦ ਝੋਨੇ ਦੀ ਫਸਲ ਲਈ ਵੀ ਲਾਹੇਵੰਦ ਹੈ।
ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਭਾਵੇਂ ਜ਼ਿਲ੍ਹੇ ਵਿੱਚ ਤਾਪਮਾਨ ਘੱਟ ਰਿਹਾ ਪਰ ਹੁੰਮਸ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਲੋਕ ਇਸ ਹੁੰਮਸ ਤੋਂ ਬਚਾਅ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਵੀ ਦੇਖੇ ਗਏ। ਸ਼ਹਿਰ ਵਿੱਚ ਕਈ ਥਾਵਾਂ ‘ਤੇ ਸਮਾਜ ਸੇਵੀ ਜਥੇਬੰਦੀਆਂ ਨੇ ਠੰਢੇ ਪਾਣੀ ਦੀਆਂ ਛਬੀਲਾਂ ਤੱਕ ਵੀ ਲਾਈਆਂ ਹੋਈਆਂ ਸਨ। ਪੀਏਯੂ ਦੀ ਸੀਨੀਅਰ ਵਿਗਿਆਨੀ ਡਾ. ਕੇ ਕੇ ਗਿੱਲ ਨੇ ਕਿਹਾ ਕਿ ਪਹਿਲਾਂ ਮੌਨਸੂਨ 15 ਜੁਲਾਈ ਤੱਕ ਆਉਣ ਦੀ ਸੰਭਾਵਨਾ ਸੀ ਪਰ ਮੌਸਮ ਵਿੱਚ ਆਏ ਬਦਲਾਅ ਕਰ ਕੇ ਇਹ ਮੌਨਸੂਨ ਹੁਣ 25 ਜੂਨ ਤੋਂ ਹੀ ਸ਼ੁਰੂ ਹੋ ਰਹੀ ਹੈ। ਅੱਜ ਭਾਵੇਂ ਵੱਧ ਤੋਂ ਵੱਧ ਤਾਪਮਾਨ ਸਿਰਫ 30 ਡਿਗਰੀ ਸੈਲਸੀਅਸ ਸੀ ਪਰ ਹੁੰਮਸ ਬਹੁਤ ਜ਼ਿਆਦਾ ਸੀ, ਜਿਸ ਕਰਕੇ ਲੋਕਾਂ ਨੇ ਵੱਧ ਗਰਮੀ ਮਹਿਸੂਸ ਕੀਤੀ ਹੈ।