For the best experience, open
https://m.punjabitribuneonline.com
on your mobile browser.
Advertisement

ਅਮੇਠੀ ’ਚ ਸਮ੍ਰਿਤੀ ਇਰਾਨੀ ਨੂੰ ਟੱਕਰ ਦੇਵੇਗਾ ਲੁਧਿਆਣਾ ਦਾ ਕਿਸ਼ੋਰੀ ਲਾਲ

09:13 AM May 05, 2024 IST
ਅਮੇਠੀ ’ਚ ਸਮ੍ਰਿਤੀ ਇਰਾਨੀ ਨੂੰ ਟੱਕਰ ਦੇਵੇਗਾ ਲੁਧਿਆਣਾ ਦਾ ਕਿਸ਼ੋਰੀ ਲਾਲ
ਰਾਹੁਲ ਗਾਂਧੀ ਨਾਲ ਕਿਸ਼ੋਰੀ ਲਾਲ ਦੀ ਪੁਰਾਣੀ ਤਸਵੀਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 4 ਮਈ
ਲੁਧਿਆਣਾ ਵਸਨੀਕ ਕਿਸ਼ੋਰੀ ਲਾਲ ਸ਼ਰਮਾ ਹੁਣ ਅਮੇਠੀ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਚੋਣ ਮੈਦਾਨ ਵਿੱਚ ਟੱਕਰ ਦੇਣਗੇ। ਉਹ ਪਿਛਲੇ 25 ਸਾਲਾਂ ਤੋਂ ਲੋਕ ਸਭਾ ਹਲਕਾ ਰਾਏ ਬਰੇਲੀ ਤੇ ਅਮੇਠੀ ਵਿੱਚ ਗਾਂਧੀ ਪਰਿਵਾਰ ਦਾ ਸਾਰਾ ਕੰਮਕਾਜ ਸੰਭਾਲ ਰਹੇ ਹਨ। ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਦੇ ਹਰ ਹਲਕੇ ਤੇ ਗਲੀ ਮੁਹੱਲੇ ਦਾ ਵੀ ਪੂਰਾ ਗਿਆਨ ਹੈ। ਰਾਏ ਬਰੇਲੀ ਤੋਂ ਭਾਵੇਂ ਸੋਨੀਆ ਗਾਂਧੀ ਤੇ ਅਮੇਠੀ ਤੋਂ ਰਾਹੁਲ ਗਾਂਧੀ ਲੋਕ ਸਭਾ ਮੈਂਬਰ ਬਣਦੇ ਰਹੇ ਹਨ ਪਰ ਉਥੇ ਰਹਿ ਕੇ ਕਿਸ਼ੋਰੀ ਲਾਲ ਸ਼ਰਮਾ ਨੇ ਹੀ ਇਨ੍ਹਾਂ ਲੋਕ ਸਭਾ ਮੈਂਬਰਾਂ ਦਾ ਸਾਰਾ ਕੰਮਕਾਜ ਸੰਭਾਲਿਆ ਹੈ। ਗਾਂਧੀ ਪਰਿਵਾਰ ਨਾਲ 35 ਸਾਲਾਂ ਤੋਂ ਜ਼ਿਆਦਾ ਸਮਾਂ ਇਮਾਨਦਾਰੀ ਨਾਲ ਕੰਮ ਕਰਨ ਦਾ ਫਲ ਕਿਸ਼ੋਰੀ ਲਾਲ ਸ਼ਰਮਾ ਨੂੰ ਮਿਲਿਆ ਹੈ।
ਕਿਸ਼ੋਰੀ ਲਾਲ ਸ਼ਰਮਾ ਲੁਧਿਆਣਾ ਦੇ ਸ਼ਿਵਾਜੀ ਨਗਰ ਦੇ ਵਸਨੀਕ ਹੈ। ਇਥੇ ਉਨ੍ਹਾਂ ਨੇ ਕਾਫ਼ੀ ਸਮਾਂ ਬਿਤਾਇਆ। ਕਿਸ਼ੋਰੀ ਲਾਲ ਵਿਦਿਆਰਥੀ ਜੀਵਨ ਦੌਰਾਨ ਪੜ੍ਹਾਈ ਕਰਨ ਲਈ ਦਿੱਲੀ ਗਏ ਸਨ ਤੇ ਯੂਥ ਕਾਂਗਰਸ ਵਿਚ ਰਹਿਣ ਕਾਰਨ ਉਨ੍ਹਾਂ ਦੀਆਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਨਜ਼ਦੀਕੀਆਂ ਵਧ ਗਈਆਂ ਤੇ ਮਗਰੋਂ ਉਹ ਗਾਂਧੀ ਪਰਿਵਾਰ ਦੇ ਮੈਂਬਰਾਂ ਦੇ ਲੋਕ ਸਭਾ ਹਲਕਿਆਂ ਦੀ ਜ਼ਿੰਮੇਵਾਰੀ ਸੰਭਾਲਣ ਲੱਗ ਪਏ। ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਕਿਸ਼ੋਰੀ ਲਾਲ ਹੁਣ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਕਾਫ਼ੀ ਨਜ਼ਦੀਕੀ ਹਨ। ਕਿਸ਼ੋਰੀ ਲਾਲ ਦੀ ਪਤਨੀ ਤੇ ਉਨ੍ਹਾਂ ਦੀ ਇੱਕ ਧੀ ਲੁਧਿਆਣਾ ਵਿੱਚ ਰਹਿੰਦੇ ਹਨ ਤੇ ਇੱਕ ਧੀ ਦਾ ਵਿਆਹ ਦਿੱਲੀ ਹੋਇਆ ਹੈ। ਲੁਧਿਆਣਾ ਵਿੱਚ ਉਨ੍ਹਾਂ ਦਾ ਪੈਟਰੋਲ ਪੰਪ ਸਣੇ ਹੋਰ ਵੀ ਕਾਰੋਬਾਰ ਹੈ। ਲੁਧਿਆਣਾ ਦੇ ਵੱਡੀ ਗਿਣਤੀ ਲੋਕ ਹੁਣ ਕਿਸ਼ੋਰੀ ਲਾਲ ਦਾ ਸਾਥ ਦੇਣ ਲਈ ਅਮੇਠੀ ਜਾ ਰਹੇ ਹਨ। ਕਿਸ਼ੋਰੀ ਲਾਲ ਸ਼ਰਮਾ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਤਾਂ ਅਮੇਠੀ ਵਿੱਚ ਚੋਣ ਪ੍ਰਚਾਰ ਕਰਨ ਲਈ ਰਵਾਨਾ ਹੋ ਗਏ ਹਨ। ਕਿਸ਼ੋਰੀ ਲਾਲ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਵਫ਼ਾਦਾਰੀ ਸਦਕਾ ਗਾਂਧੀ ਪਰਿਵਾਰ ਦਾ ਭਰੋਸਾ ਜਿੱਤਿਆ ਅਤੇ ਕਿਸ਼ੋਰੀ ਲਾਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵਾਂਗ ਹੀ ਹਨ। ਕਿਸ਼ੋਰੀ ਲਾਲ ਕਦੇ ਕਦੇ ਆਪਣੇ ਕਾਰੋਬਾਰ ਦੇ ਸਿਲਸਿਲੇ ’ਚ ਲੁਧਿਆਣਾ ਆਉਂਦੇ ਹਨ ਪਰ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਦਿੱਲੀ, ਅਮੇਠੀ ਅਤੇ ਰਾਏ ਬਰੇਲੀ ’ਚ ਹੀ ਗਾਂਧੀ ਪਰਿਵਾਰ ਦੇ ਕੰਮਕਾਜ ਦੇਖਣ ਤੇ ਲੋਕਾਂ ਨਾਲ ਸੰਪਰਕ ’ਚ ਲੰਘ ਜਾਂਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×