ਦੀਵਾਲੀ ਤੋਂ ਪਹਿਲਾਂ ਲੁਧਿਆਣਾ ਦੇ ‘ਬਿਜਲੀ ਬਾਜ਼ਾਰ’ ਵਿੱਚ ਰੌਣਕ
ਸਤਵਿੰਦਰ ਬਸਰਾ
ਲੁਧਿਆਣਾ, 27 ਅਕਤੂਬਰ
ਦੀਵਾਲੀ ਮੌਕੇ ਲੁਧਿਆਣਾ ਦਾ ਬਿਜਲੀ ਬਾਜ਼ਾਰ ਅੱਜਕੱਲ੍ਹ ਰੌਸ਼ਨੀ ਨਾਲ ਜਗਮਗਾ ਰਿਹਾ ਹੈ। ਭਾਵੇਂ ਬਾਜ਼ਾਰ ਵਿੱਚ ਦੇਸੀ ਬੱਲਬਾਂ ਦੀਆਂ ਲੜੀਆਂ ਵੀ ਰੱਖੀਆਂ ਹੋਈਆਂ ਹਨ, ਪਰ ਚੀਨੀ ਬਿਜਲਈ ਸਾਮਾਨ ਦੀ ਵੀ ਭਰਮਾਰ ਹੈ। ਮਹਿੰਗਾਈ ਕਾਰਨ ਇਸ ਵਾਰ ਮਿੱਟੀ ਦੀ ਥਾਂ ਪਾਣੀ ਨਾਲ ਜਗਣ ਵਾਲੇ ਦੀਵਿਆਂ ਦੀ ਮੰਗ ਵਧਦੀ ਜਾਪ ਰਹੀ ਹੈ। ਦੀਵਾਲੀ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਲੁਧਿਆਣਾ ਦਾ ਬਿਜਲੀ ਬਾਜ਼ਾਰ ਵੀ ਅੱਜ-ਕੱਲ੍ਹ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਰਿਹਾ ਹੈ। ਇਸ ਬਾਜ਼ਾਰ ਵਿੱਚੋਂ ਨਾ ਸਿਰਫ਼ ਲੁਧਿਆਣਾ ਦੇ ਲੋਕ ਖ਼ਰੀਦਦਾਰੀ ਕਰਦੇ ਹਨ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਲੋਕ ਖ਼ਰੀਦਦਾਰੀ ਕਰਨ ਆਉਂਦੇ ਹਨ। ਦੀਵਾਲੀ ਮੌਕੇ ਇੱਥੇ ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੈ। ਇਸ ਵਾਰ ਵੀ ਬਾਜ਼ਾਰ ਵਿੱਚ ਭਾਂਤ-ਭਾਂਤ ਦੀਆਂ ਬਿਜਲਈ ਲੜੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਬਾਜ਼ਾਰ ਦੀ ਖਾਸੀਅਤ ਇਹ ਹੈ ਕਿ ਇੱਥੋਂ ਹਰ ਵਰਗ ਦਾ ਵਿਅਕਤੀ ਆਪਣੀ ਪਸੰਦ ਅਨੁਸਾਰ ਮਹਿੰਗਾ ਅਤੇ ਸਸਤਾ ਸਾਮਾਨ ਖ਼ਰੀਦ ਸਕਦਾ ਹੈ। ਇਸ ਵਾਰ ਮਹਿੰਗਾਈ ਵੱਧ ਹੋਣ ਕਰਕੇ ਲੋਕਾਂ ਵੱਲੋਂ ਮਿੱਟੀ ਦੇ ਦੀਵਿਆਂ ਦੀ ਥਾਂ ਪਲਾਸਟਿਕ ਦੇ ਪਾਣੀ ਨਾਲ ਜਗਣ ਵਾਲੇ ਦੀਵੇ ਵੱਧ ਖ਼ਰੀਦੇ ਜਾ ਰਹੇ ਹਨ। ਮਿੱਟੀ ਦੇ ਦੀਵੇ ਭਾਵੇਂ ਸਿਰਫ਼ 50 ਤੋਂ 75 ਰੁਪਏ ਦਰਜਨ ਵਿਕ ਰਹੇ ਹਨ ਪਰ ਇਨ੍ਹਾਂ ਵਿੱਚ ਪੈਣ ਵਾਲਾ ਸਰ੍ਹੋਂ ਦਾ ਤੇਲ ਅਤੇ ਰੂੰ ਬਹੁਤ ਮਹਿੰਗਾ ਹੈ। ਪਾਣੀ ਨਾਲ ਚੱਲਣ ਵਾਲੇ ਦੀਵੇ 70-80 ਰੁਪਏ ਦੇ ਛੇ ਮਿਲ ਜਾਂਦੇ ਹਨ, ਭਾਰ ਵਿੱਚ ਹਲਕੇ ਵੀ ਹਨ। ਇਹੋ ਵਜ੍ਹਾ ਹੈ ਕਿ ਅੱਜਕੱਲ੍ਹ ਇਹ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ।