For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ: ਇਤਿਹਾਸ ਦੇ ਝਰੋਖੇ ’ਚੋਂ

09:42 PM Jun 29, 2023 IST
ਲੁਧਿਆਣਾ  ਇਤਿਹਾਸ ਦੇ ਝਰੋਖੇ ’ਚੋਂ
Advertisement

ਸੁਭਾਸ਼ ਪਰਿਹਾਰ

Advertisement

ਬਾਦੀ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਪੁਰਾਤਨਤਾ ਪੱਖੋਂ ਵੀ ਘੱਟ ਮਹੱਤਵਪੂਰਨ ਨਹੀਂ ਹੈ। ਤੇਰ੍ਹਵੀਂ ਸਦੀ ਦੇ ਮੰਗੋਲ ਹਮਲਿਆਂ ਕਾਰਨ ਲਾਹੌਰ ਦੇ ਤਬਾਹ ਹੋ ਜਾਣ ਮਗਰੋਂ ਹਿੰਦੋਸਤਾਨ ਦਾ ਬਾਹਰੀ ਦੁਨੀਆਂ ਨਾਲ ਜ਼ਮੀਨੀ ਰਾਬਤਾ ਮੁਲਤਾਨ ਵਿਚਦੀ ਹੋ ਗਿਆ ਸੀ। ਅਗਲੀ ਡੇਢ ਸਦੀ ਤੀਕ ਦਿੱਲੀ ਤੋਂ ਮੁਲਤਾਨ ਜਾਣ ਵਾਲਾ ਰਾਹ ਰੋਹਤਕ, ਹਾਂਸੀ, ਸਿਰਸਾ, ਅਬੋਹਰ ਵਿਚਦੀ ਹੋ ਕੇ ਜਾਂਦਾ ਸੀ। ਸੁਲਤਾਨ ਮੁਹੰਮਦ ਬਿਨ ਤੁਗ਼ਲਕ ਦੇ ਰਾਜਕਾਲ ਦੌਰਾਨ 1333-34 ਵਿਚ ਵਿਦਵਾਨ ਮੋਰੋੱਕਨ ਸੈਲਾਨੀ ਇਬਨ ਬਤੂਤਾ ਇਸੇ ਰਾਹ ਹੋ ਕੇ ਦਿੱਲੀ ਆਇਆ ਸੀ। ਭਾਵੇਂ ਹੌਲੀ-ਹੌਲੀ ਰਾਜਪੁਤਾਨੇ ਦਾ ਫੈਲ ਰਿਹਾ ਰੇਗਿਸਤਾਨ ਇਸ ਰਾਹ ਨੂੰ ਦੁਸ਼ਵਾਰ ਬਣਾ ਰਿਹਾ ਸੀ, ਪਰ 1398 ਵਿੱਚ ਸਮਰਕੰਦ ਦੇ ਅਮੀਰ ਤੈਮੂਰ ਦੀਆਂ ਫ਼ੌਜਾਂ ਤਬਾਹੀ ਮਚਾਉਂਦੀਆਂ ਇਸੇ ਰਾਹ ਦਿੱਲੀ ਪੁੱਜੀਆਂ ਸਨ। ਇਸ ਹਮਲੇ ਦੌਰਾਨ ਤੈਮੂਰ ਨੇ ਇਸ ਰਾਹ ਦੇ ਸਾਰੇ ਪ੍ਰਮੁੱਖ ਸ਼ਹਿਰ ਤਬਾਹ ਕਰ ਦਿੱਤੇ ਤਾਂ ਇਹ ਰਾਹ ਉੱਤਰ ਵੱਲ ਨੂੰ ਖਿਸਕ ਗਿਆ। ਨਵਾਂ ਰਾਹ ਦਿੱਲੀ ਤੋਂ ਸੋਨੀਪਤ, ਪਾਣੀਪਤ, ਕਰਨਾਲ, ਥਾਨੇਸਰ, ਅੰਬਾਲਾ, ਸਰਹਿੰਦ ਹੁੰਦਾ ਹੋਇਆ ਲਾਹੌਰ ਪੁੱਜਦਾ ਸੀ। ਇਸ ਰਾਹ ਵਿਚ ਸਤਲੁਜ ਅਤੇ ਬਿਆਸ ਦਰਿਆ ਲੰਘਣੇ ਪੈਂਦੇ ਸਨ। ਸਤਲੁਜ ਆਮ ਤੌਰ ‘ਤੇ ਮਾਛੀਵਾੜੇ ਜਾਂ ਇਸ ਦੇ ਹੋਰ ਪੱਛਮ ਵੱਲ ਪਾਰ ਕੀਤਾ ਜਾਂਦਾ ਸੀ। ਅਜਿਹੇ ਹੀ ਇੱਕ ਪੱਤਣ ‘ਤੇ ਲੁਧਿਆਣਾ ਵੱਸ ਗਿਆ। 1785 ਦੇ ਲਗਭਗ ਸਤਲੁਜ ਦਾ ਵਹਿਣ ਕੁਝ ਕਿਲੋਮੀਟਰ ਉੱਤਰ ਵੱਲ ਖਿਸਕ ਗਿਆ, ਪੁਰਾਣੇ ਵਹਿਣ ਵਿਚ ਹੁਣ ਬੁੱਢਾ ਨਾਲ਼ਾ ਵਗਦਾ ਹੈ।

ਲੁਧਿਆਣੇ ਬਾਰੇ ਆਮ ਵਿਸ਼ਵਾਸ ਹੈ ਕਿ ਇਹ ਸ਼ਹਿਰ ਦਿੱਲੀ ਦੇ ਲੋਧੀ ਸੁਲਤਾਨਾਂ (1451-1526) ਨੇ ਵਸਾਇਆ ਸੀ ਅਤੇ ਇਸ ਦਾ ਅਸਲ ਨਾਂ ‘ਲੋਧੀਆਣਾ’ ਸੀ। ਉੱਨੀਵੀਂ ਸਦੀ ਦੇ ਇਤਿਹਾਸਕਾਰ ਗ਼ੁਲਾਮ ਮੁਹੀਉੱਦੀਨ ਉਰਫ਼ ਬੂਟੇ ਸ਼ਾਹ ਦਾ ਮੰਨਣਾ ਹੈ ਕਿ ਮੌਜੂਦਾ ਥਾਂ ‘ਤੇ ਪਹਿਲਾਂ ਮੀਰ ਹੋਤਾ ਨਾਮ ਦਾ ਇੱਕ ਪਿੰਡ ਸੀ ਅਤੇ ਇਸ ਦਾ ਨਵਾਂ ਨਾਂ ਲੋਧੀ ਸੁਲਤਾਨ ਸਿਕੰਦਰ ਦੇ ਰਾਜਕਾਲ ਦੌਰਾਨ ਉਸ ਦੇ ਸਰਦਾਰ ਨਿਹੰਗ ਖ਼ਾਨ ਨੇ ਰੱਖਿਆ ਸੀ। ਪਰ ਇਹ ਜਾਣਕਾਰੀ ਠੀਕ ਨਹੀਂ ਜਾਪਦੀ ਕਿਉਂਕਿ ਲੁਧਿਆਣੇ ਦਾ ਜ਼ਿਕਰ ਲੋਧੀ ਸੁਲਤਾਨਾਂ ਤੋਂ ਪਹਿਲਾਂ ਸੱਯਦ ਸੁਲਤਾਨਾਂ ਦੇ ਸਮੇਂ ਵੀ ਮਿਲਦਾ ਹੈ।

ਮੱਧਕਾਲੀ ਲਿਖਤਾਂ ਵਿਚ ਲੁਧਿਆਣੇ ਦਾ ਪਹਿਲਾ ਹਵਾਲਾ 1420 ਵਿਚ ਮਿਲਦਾ ਹੈ ਜਦੋਂ ਦਿੱਲੀ ਦੇ ਸੁਲਤਾਨ ਖ਼ਿਜ਼ਰ ਖ਼ਾਨ ਦੇ ਰਾਜਕਾਲ ਦੌਰਾਨ ਤੁਗ਼ਾਨ ਰਈਸ ਨਾਂ ਦਾ ਵਿਦਰੋਹੀ ਮੰਸੂਰਪੁਰ (ਛੀਟਾਂਵਾਲੀ) ਤੇ ਪਾਇਲ ਦੇ ਇਲਾਕੇ ਵਿਚ ਲੁੱਟਮਾਰ ਕਰਨ ਲੱਗਾ। ਬਗ਼ਾਵਤ ਦਬਾਉਣ ਲਈ ਭੇਜੀ ਗਈ ਸ਼ਾਹੀ ਫ਼ੌਜ ਤੋਂ ਡਰ ਕੇ ਉਹ ਲੁਧਿਆਣੇ ਨੇੜਿਓਂ ਸਤਲੁਜ ਲੰਘ ਕੇ ਨੱਠ ਗਿਆ। ਅਗਲੇ ਸਾਲ ਖ਼ਿਜ਼ਰ ਖ਼ਾਨ ਦੀ ਮੌਤ ਹੋ ਗਈ ਅਤੇ ਉਸ ਦੇ ਪੁੱਤਰ ਮੁਬਾਰਕ ਸ਼ਾਹ ਸੱਯਦ ਨੇ ਗੱਦੀ ਸਾਂਭ ਲਈ। ਉਸ ਦੇ ਰਾਜ ਦੌਰਾਨ ਦਿੱਲੀ ‘ਤੇ ਹਕੂਮਤ ਕਰਨ ਦਾ ਸੁਫ਼ਨਾ ਲੈਣ ਵਾਲੇ ਜਸਰਤ ਨਾਂ ਦੇ ਖੋਖਰ ਸਰਦਾਰ ਨੇ ਲੁਧਿਆਣੇ ਤੋਂ ਰੋਪੜ ਤੀਕ ਦੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਉਸ ਨੇ ਜਲੰਧਰ ਕਿਲ੍ਹੇ ਦੇ ਇੰਚਾਰਜ ਜ਼ੀਰਕ ਖ਼ਾਨ ਨੂੰ ਕੈਦ ਕਰ ਕੇ ਲੁਧਿਆਣੇ ਹੀ ਰੱਖਿਆ ਸੀ। ਲੁਧਿਆਣੇ ਨੂੰ ਆਧਾਰ (ਬੇਸ) ਬਣਾ ਕੇ ਹੀ ਉਸ ਨੇ ਸਰਹਿੰਦ ਦੇ ਕਿਲ੍ਹੇ ਨੂੰ ਘੇਰਾ ਪਾਇਆ, ਪਰ ਸ਼ਾਹੀ ਫ਼ੌਜਾਂ ਦੇ ਆ ਜਾਣ ‘ਤੇ ਜਸਰਤ ਖੋਖਰ ਭੱਜ ਗਿਆ।

1451 ਵਿਚ ਸੱਯਦ ਵੰਸ਼ ਦੇ ਆਖ਼ਰੀ ਸੁਲਤਾਨ ਅਲਾਉੱਦੀਨ ਸ਼ਾਹ ਦੇ ਦਿੱਲੀ ਛੱਡ ਕੇ ਪੱਕੇ ਤੌਰ ‘ਤੇ ਬਦਾਯੂੰ ਜਾ ਵੱਸਣ ਕਰਕੇ ਰਾਜਸੱਤਾ ਸੱਯਦਾਂ ਤੋਂ ਲੋਧੀ ਰਾਜਵੰਸ਼ ਦੇ ਹੱਥ ਚਲੀ ਗਈ ਜਿਸ ਦਾ ਪਹਿਲਾ ਸੁਲਤਾਨ ਬਹਿਲੋਲ ਸ਼ਾਹ ਸੀ। ਬੂਟੇ ਸ਼ਾਹ ਲਿਖਦਾ ਹੈ ਕਿ ਬਹਿਲੋਲ ਲੋਧੀ ਦੇ ਪੁੱਤਰ ਸਿਕੰਦਰ ਦੇ ਰਾਜ ਵਿੱਚ ਬਲੋਚ ਲੁਟੇਰੇ ਲੁਧਿਆਣੇ ਦੇ ਆਲੇ-ਦੁਆਲੇ ਦੇ ਲੋਕਾਂ ‘ਤੇ ਜ਼ੁਲਮ ਕਰ ਰਹੇ ਸਨ। ਉਨ੍ਹਾਂ ਨੇ ਸੁਲਤਾਨ ਸਿਕੰਦਰ ਨੂੰ ਮਦਦ ਲਈ ਬੇਨਤੀ ਕੀਤੀ। ਸੁਲਤਾਨ ਨੇ ਯੂਸਫ਼ ਖ਼ਾਨ ਅਤੇ ਨਿਹੰਗ ਖ਼ਾਨ ਨਾਂ ਦੇ ਆਪਣੇ ਦੋ ਲੋਧੀ ਸਰਦਾਰਾਂ ਦੀ ਅਗਵਾਈ ਵਿਚ ਫ਼ੌਜ ਭੇਜ ਦਿੱਤੀ। ਇਨ੍ਹਾਂ ਸਰਦਾਰਾਂ ਨੇ ਇਲਾਕੇ ਵਿੱਚ ਕਾਨੂੰਨ ਵਿਵਸਥਾ ਬਹਾਲ ਕਰ ਦਿੱਤੀ। ਬਾਅਦ ਵਿਚ ਨਿਹੰਗ ਖ਼ਾਨ ਦੇ ਪੋਤਰੇ ਜਲਾਲ ਖ਼ਾਨ ਨੇ ਲੁਧਿਆਣੇ ਵਿਚ ਕਿਲ੍ਹੇ ਦੀ ਉਸਾਰੀ ਵੀ ਕਰਵਾਈ ਜਿਸ ਦਾ ਹਵਾਲਾ ਅਕਬਰ ਸਮੇਂ ਦੇ ਮੁਗ਼ਲ ਸਾਮਰਾਜ ਦੇ ਗਜ਼ਟੀਅਰ ਆਇਨ-ਏ-ਅਕਬਰੀ ਵਿਚ ਵੀ ਮਿਲਦਾ ਹੈ। ਅਜਿਹੀ ਸੈਨਿਕ ਮਹੱਤਵ ਵਾਲੀ ਥਾਂ ‘ਤੇ ਕਿਲ੍ਹਾ ਹੋਣਾ ਜ਼ਰੂਰੀ ਵੀ ਸੀ।

ਭਾਵੇਂ ਲੁਧਿਆਣਾ ਨਾਂ ਵਾਲਾ ਸ਼ਹਿਰ ਮੱਧਕਾਲ ਵਿਚ ਮੁਸਲਿਮ ਸੁਲਤਾਨਾਂ ਦੇ ਕਾਲ ‘ਚ ਹੀ ਵੱਸਿਆ ਪਰ ਇਸ ਥਾਂ ‘ਤੇ ਵਸੋਂ ਇਸ ਤੋਂ ਵੀ ਸੈਂਕੜੇ ਸਾਲ ਪਹਿਲਾਂ ਮੌਜੂਦ ਸੀ। ਇਸ ਦਾ ਇਕ ਪੁਖ਼ਤਾ ਸਬੂਤ ਹੈ ਕਿਲ੍ਹੇ ਦੇ ਛੇ ਕੁ ਕਿਲੋਮੀਟਰ ਦੱਖਣ-ਪੱਛਮ ਵੱਲ ਪਿੰਡ ਸੁਨੇਤ (ਵਰਤਮਾਨ ਭਾਈ ਰਣਧੀਰ ਸਿੰਘ ਨਗਰ) ਵਿਚਲੀ ਪੁਰਾਤੱਤਵੀ ਥੇਹ ਜਿਸ ਦੇ ਬਹੁਤੇ ਹਿੱਸੇ ‘ਤੇ ਲੋਕਾਂ ਨੇ ਕਬਜ਼ਾ ਕਰਕੇ ਮਕਾਨ ਉਸਾਰ ਲਏ ਹਨ। ਹੁਣ ਸਿਰਫ਼ ਸਾਢੇ ਬਾਰਾਂ ਏਕੜ ਹਿੱਸਾ ਹੀ ਬਚਿਆ ਹੈ ਜੋ ਕੇਂਦਰੀ ਭਾਰਤੀ ਪੁਰਾਤੱਤਵ ਵਿਭਾਗ ਦੇ ਅਧੀਨ ਹੈ। ਇਸ ਇਤਿਹਾਸਕ ਥੇਹ ਦਾ ਮਹੱਤਵ ਸਭ ਤੋਂ ਪਹਿਲਾਂ 1878-79 ਵਿਚ ਭਾਰਤੀ ਪੁਰਾਤੱਤਵੀ ਸਰਵੇਖਣ ਵਿਭਾਗ ਦੇ ਪਹਿਲੇ ਸਰਵੇਅਰ ਅਲੈਗਜ਼ੈਂਡਰ ਕਨਿੰਘਮ ਨੇ ਪਛਾਣਿਆ ਸੀ। ਉਸ ਨੂੰ ਥੇਹ ਦੀ ਉਪਰਲੀ ਸਤ੍ਵਾ ਤੋਂ ਹੀ ਹਜ਼ਾਰ ਤੋਂ ਵੱਧ ਸਿੱਕੇ ਮਿਲੇ ਸਨ ਜਿਨ੍ਹਾਂ ਵਿਚੋਂ ਕਈ ਕਬੀਲਾਈ ਗਣਤੰਤਰਾਂ ਵੱਲੋਂ ਜਾਰੀ ਕੀਤੇ ਹੋਏ ਸਨ। ਇੱਥੋਂ ਦੇ ਵਪਾਰੀਆਂ ਦੀਆਂ ਮੋਹਰਾਂ ਦਾ ਇਕ ਵੱਡਾ ਸੰਗ੍ਰਹਿ ਕੰਪੂਚੀਆ (ਕੰਬੋਡੀਆ) ਵਿਚ ਓਸੀਓ ਨਾਮੀਂ ਥਾਂ ਤੋਂ ਮਿਲਿਆ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਸੁਨੇਤ ਦੇ ਵਪਾਰੀ ਬਹੁਤ ਹੀ ਵਧੀਆ ਕਿਸਮ ਦਾ ਸੂਤੀ ਕੱਪੜਾ ਦੂਰ ਦੇਸ਼ਾਂ ਤੀਕ ਭੇਜਦੇ ਸਨ। ਸੁਨੇਤ ਤੋਂ ਹੀ ਪ੍ਰਾਪਤ ਦੂਜੀ ਸਦੀ ਦੀਆਂ ਕਈ ਮੋਹਰਾਂ ‘ਤੇ ਬਿਲਕੁਲ ਉਹੋ ਜਿਹਾ ਖੰਡੇ ਦਾ ਨਿਸ਼ਾਨ ਮਿਲਦਾ ਹੈ ਜਿਸ ਤਰ੍ਹਾਂ ਦਾ ਹੁਣ ਸਿੱਖਾਂ ਵਿਚ ਪ੍ਰਚਲਿਤ ਹੈ। ਹੁਣ ਤੀਕ ਇਸ ਥੇਹ ਦੀ ਵਿਧੀਵਤ ਖੁਦਾਈ ਨਹੀਂ ਹੋਈ। ਫਿਰ ਵੀ ਇੰਨਾ ਕੁ ਸਪਸ਼ਟ ਹੈ ਕਿ ਇਹ 2000 ਸਾਲ ਨਾਲੋਂ ਵੀ ਵੱਧ ਪੁਰਾਣਾ ਹੈ।

1862 ਵਿਚ ਲੁਧਿਆਣੇ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਟੀ.ਡਬਲਯੂ. ਟਾੱਲਬਾੱਰਟ ਦਾ ਮੰਨਣਾ ਸੀ ਕਿ ਪੁਰਾਤਨ ਸਮਿਆਂ ਵਿਚ ਇਲਾਕਾ ਮਗਧ ਰਾਜ ਦਾ ਹਿੱਸਾ ਸੀ। ਉਹ ਸ਼ਹਿਰ ਦੇ ਪੱਛਮ ਵੱਲ ਪੰਜ ਪੁਰਾਤਨ ਖੂਹਾਂ ਦਾ ਜ਼ਿਕਰ ਵੀ ਕਰਦਾ ਹੈ। ਬਾਅਦ ਵਿਚ ਇਹ ਇਲਾਕਾ ਇਰਾਨੀ ਮੂਲ ਦੇ ਸ਼ੱਕ ਹਾਕਮਾਂ ਅਤੇ ਉਨ੍ਹਾਂ ਦੇ ਜਾਂਨਸ਼ੀਨਾਂ ਅਧੀਨ ਰਿਹਾ। ਇਹ ਨੌਵੀਂ ਸਦੀ ਦੇ ਪੰਜਾਬ ਅਤੇ ਕਾਬੁਲ ਦੇ ਹਿੰਦੂਸ਼ਾਹੀ ਰਾਜਾ ਸਾਮੰਤ ਦੇਵ ਦੇ ਸਮੇਂ ਤੀਕ ਹੋਂਦ ਵਿਚ ਰਿਹਾ ਪਰ ਦਿੱਲੀ ਦੇ ਤੋਮਰ ਰਾਜਿਆਂ ਅਤੇ ਮੁੱਢਲੇ ਮੁਸਲਿਮ ਸੁਲਤਾਨਾਂ ਦੇ ਸਿੱਕਿਆਂ ਦੀ ਗ਼ੈਰਹਾਜ਼ਰੀ ਤੋਂ ਲਗਦਾ ਹੈ ਕਿ ਇਹ ਥਾਂ ਬਾਅਦ ਵਿਚ ਲੰਮਾ ਅਰਸਾ ਬੇਆਬਾਦ ਰਿਹਾ। ਟਾੱਲਬਾੱਰਟ ਦਾ ਕਿਆਸ ਸੀ ਕਿ ਸੁਨੇਤ ਦੇ ਉੱਜੜਨ ਦਾ ਕਾਰਨ ਕੋਈ ਭੁਚਾਲ਼ ਵੀ ਹੋ ਸਕਦਾ ਹੈ।

ਸਰਕਾਰਾਂ ਦੀ ਲਾਪਰਵਾਹੀ ਕਾਰਨ ਪਿਛਲੇ ਡੇਢ ਸੌ ਸਾਲਾਂ ਤੋਂ ਲੈ ਕੇ ਕੁਝ ਦਹਾਕੇ ਪਹਿਲਾਂ ਤੀਕ ਲੋਕ ਇਸ ਥੇਹ ਦੇ ਪੁਰਾਤੱਤਵੀ ਅਵਸ਼ੇਸ਼ ਲੁੱਟਦੇ ਰਹੇ। ਕਹਿੰਦੇ ਹਨ ਕਿ ਰੋਹਤਕ ਦਾ ਇੱਕ ਸੰਗ੍ਰਹਿਕ ਇੱਥੋਂ ਦੋ ਕੁਇੰਟਲ ਸਿੱਕੇ, ਸਾਂਚੇ ਅਤੇ ਮੋਹਰਾਂ ਲੈ ਗਿਆ ਸੀ। ਅੱਜ ਸੁਨੇਤ ਦੇ ਅਵਸ਼ੇਸ਼ ਪਤਾ ਨਹੀਂ ਕਿਨ੍ਹਾਂ ਕਿਨ੍ਹਾਂ ਦੇ ਡਰਾਇੰਗ ਰੂਮਾਂ ਦੀ ਸ਼ੋਭਾ ਵਧਾ ਰਹੇ ਹਨ ਜਾਂ ਰਣਧੀਰ ਸਿੰਘ ਨਗਰ ਦੀਆਂ ਕਿਹੜੀਆਂ ਕਿਹੜੀਆਂ ਕੋਠੀਆਂ ਦੇ ਫ਼ਰਸ਼ਾਂ ਹੇਠ ਦੱਬੇ ਹੋਏ ਹਨ। ਇਨ੍ਹਾਂ ਸਾਰੇ ਅਵਸ਼ੇਸ਼ਾਂ ਨੂੰ ਇੱਕਠਾ ਕਰਨਾ ਸ਼ਾਇਦ ਕਦੇ ਵੀ ਸੰਭਵ ਨਾ ਹੋਵੇ।

ਹੁਣ ਅਸੀਂ ਵਾਪਸ ਸੋਲ੍ਹਵੀਂ ਸਦੀ ਵੱਲ ਮੁੜਦੇ ਹਾਂ। 1526 ਵਿਚ ਪਾਣੀਪਤ ਦੀ ਪਹਿਲੀ ਲੜਾਈ ਵਿਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਹਰਾ ਕੇ ਮੁਗ਼ਲ ਸਾਮਰਾਜ ਦੀ ਨੀਂਹ ਰੱਖੀ। ਨਵੀਂ ਹਕੂਮਤ ਆਉਣ ਨਾਲ ਲੁਧਿਆਣੇ ਦੇ ਲੋਧੀ ਸਰਦਾਰਾਂ ਦਾ ਪੁਰਾਣਾ ਰੁਤਬਾ ਜਾਂਦਾ ਰਿਹਾ ਅਤੇ ਉਹ ਆਮ ਪਰਜਾ ਬਣ ਕੇ ਰਹਿ ਗਏ। ਬੂਟੇ ਸ਼ਾਹ ਮੁਤਾਬਿਕ ਉਨ੍ਹਾਂ ਸਰਦਾਰਾਂ ਦੀ ਆਲ-ਔਲਾਦ ਕਈ ਪੀੜ੍ਹੀਆਂ ਤੀਕ ਕਿਲ੍ਹੇ ਨੇੜੇ ਰਹਿੰਦੀ ਰਹੀ ਸੀ ਅਤੇ ਉਸ ਦੇ ਇਤਿਹਾਸ ਲਿਖਣ ਤੋਂ ਕੁਝ ਸਾਲ ਪਹਿਲੇ ਤੀਕ ਉੱਥੇ ਨਿਹੰਗ ਖ਼ਾਨ ਤੇ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਕਬਰਾਂ ਮੌਜੂਦ ਸਨ।

ਬਾਦਸ਼ਾਹ ਅਕਬਰ ਦੇ ਰਾਜ (1556-1605) ਸਮੇਂ ਲੁਧਿਆਣਾ ਦਿੱਲੀ ਸੂਬੇ ਦੀ ਸਰਹਿੰਦ ਸਰਕਾਰ (ਜ਼ਿਲ੍ਹੇ ਵਰਗੀ ਪ੍ਰਸ਼ਾਸਨਿਕ ਇਕਾਈ) ਅਧੀਨ ਆਉਂਦਾ ਸੀ। ਲੁਧਿਆਣੇ ਦੀ ਕੁੱਲ ਜ਼ਮੀਨ 43469 ਵਿੱਘੇ ਸੀ ਜਿਸ ਤੋਂ 22 ਲੱਖ 94 ਹਜ਼ਾਰ, 633 ਦਾਮ (57,365 ਰੁਪਏ) ਮਾਲ਼ੀਆ ਪ੍ਰਾਪਤ ਹੁੰਦਾ ਸੀ। ਇੱਥੋਂ ਦੇ ਪ੍ਰਬੰਧਕ ਸਰਦਾਰ ਅਧੀਨ 100 ਘੁੜਸਵਾਰ ਅਤੇ 700 ਪੈਦਲ ਫ਼ੌਜ ਸੀ। ਉਸ ਸਮੇਂ ਇੱਥੇ ਅਵਾਣ, ਖੌਰੀ ਅਤੇ ਰੰਘੜ ਜਾਤਾਂ ਦੇ ਲੋਕ ਵਸਦੇ ਸਨ।

ਅਕਬਰ ਦੇ ਸਮੇਂ ਦੀ ਇੱਕ ਮਸਜਿਦ ਅਤੇ ਮਕਬਰਾ ਅਜੇ ਵੀ ਦਰੇਸੀ ਗਰਾਉਂਡ ਨੇੜੇ ਛੱਤੀ ਗਲ਼ੀ ਵਿਚ ਮੌਜੂਦ ਹਨ। ਇਨ੍ਹਾਂ ਨੂੰ ਸੱਯਦ ਅਲੀ ਸਰਮਸਤ ਦੀ ਮਸਜਿਦ ਅਤੇ ਮਕਬਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਸਜਿਦ ਉੱਪਰ ਉੱਕਰੀ ਇਕ ਲਿਖਤ ਵੀ ਹੈ ਜਿਸ ਦੇ ਕੁਝ ਅੱਖਰ ਸਾਫ਼ ਨਹੀਂ ਹਨ। ਇਸ ਵਿਚ ਦਰਜ ਹੈ ਕਿ ਇਸ ਦੀ ਉਸਾਰੀ ਕਿਸੇ ਅਮੀਰ ਜਾਨ ਅਲੀ ਚਿਸ਼ਤੀ ਨਾਂ ਦੇ ਬੰਦੇ ਨੇ ਹਿਜਰੀ ਸਾਲ 978 ਦੇ ਮਹੀਨੇ ਰਬੀ ਅਲ-ਆਖ਼ਿਰ ਵਿਚ ਕਰਵਾਈ ਸੀ ਜੋ ਸਾਂਝੇ ਕੈਲੰਡਰ ਮੁਤਾਬਿਕ ਸਤੰਬਰ 1570 ਬਣਦਾ ਹੈ।

ਉਂਜ ਮੁਗ਼ਲ ਇਤਿਹਾਸ ਵਿਚ ਲੁਧਿਆਣੇ ਦਾ ਜ਼ਿਕਰ ਘੱਟ ਹੀ ਆਉਂਦਾ ਹੈ। ਇਹ ਜ਼ਰੂਰ ਦਰਜ ਹੈ ਕਿ ਲਾਹੌਰ ਤੋਂ ਦਿੱਲੀ ਜਾਂਦਾ ਹੋਇਆ ਜਹਾਂਗੀਰ ਬਾਦਸ਼ਾਹ ਫਰਵਰੀ 1622 ਵਿਚ ਇੱਥੇ ਠਹਿਰਿਆ ਸੀ ਅਤੇ ਕਈ ਅਹੁਦੇਦਾਰਾਂ ਨੂੰ ਤਰੱਕੀਆਂ ਬਖ਼ਸ਼ੀਆਂ ਸਨ।

1739 ਵਿਚ ਇਰਾਨੀ ਹਮਲਾਵਰ ਨਾਦਰ ਸ਼ਾਹ ਅਫ਼ਸ਼ਾਰ ਦੀਆਂ ਫ਼ੌਜਾਂ ਨੇ ਸਤਲੁਜ ਦਰਿਆ ਲੁਧਿਆਣੇ ਨੇੜਿਓਂ ਹੀ ਪਾਰ ਕੀਤਾ ਸੀ।

1806 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਨਾਭੇ ਅਤੇ ਪਟਿਆਲੇ ਦੇ ਰਾਜਿਆਂ ਵਿਚਕਾਰ ਝਗੜਾ ਨਿਪਟਾਉਣ ਲਈ ਸਤਲੁਜ ਦਰਿਆ ਪਾਰ ਕੀਤਾ ਤਾਂ ਲੁਧਿਆਣੇ ‘ਤੇ ਕਬਜ਼ਾ ਕਰਕੇ ਇਹ ਇਲਾਕਾ ਆਪਣੇ ਮਾਮੇ ਭਾਗ ਸਿੰਘ ਜੀਂਦ ਵਾਲੇ ਨੂੰ ਸੌਂਪ ਦਿੱਤਾ। ਪਰ 1809 ਦੀ ਸੰਧੀ ਮੁਤਾਬਿਕ ਰਣਜੀਤ ਸਿੰਘ ਨੂੰ ਲੁਧਿਆਣੇ ਸਮੇਤ ਸਤਲੁਜ-ਉਰਾਰ ਦੇ ਸਾਰੇ ਇਲਾਕੇ ‘ਤੇ ਕਬਜ਼ਾ ਛੱਡਣਾ ਪਿਆ। 18 ਫਰਵਰੀ 1809 ਨੂੰ ਇੱਥੇ ਬ੍ਰਿਟਿਸ਼ ਕੰਪਨੀ ਦੀ ਫ਼ੌਜ ਤਾਇਨਾਤ ਕਰ ਦਿੱਤੀ ਗਈ। ਸਥਾਨਕ ਕਿਲ੍ਹੇ ਨੂੰ ਮਜ਼ਬੂਤ ਕੀਤਾ ਗਿਆ ਕਿਉਂਕਿ ਹੁਣ ਇਹ ਦੋ ਰਾਜਾਂ ਦੀ ਸੀਮਾ ‘ਤੇ ਸੀ। ਸਤਲੁਜ ਦੇ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਫਿਲੌਰ ਦੀ ਮੁਗ਼ਲ ਸਰਾਂ ਨੂੰ ਕਿਲ੍ਹੇ ਦਾ ਰੂਪ ਦੇ ਦਿੱਤਾ।

ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਸ਼ੁਜਾ ਨੇ ਆਪਣੇ ਭਰਾਵਾਂ ਨਾਲ ਲੜਾਈ ਵਿਚ ਅਸਫ਼ਲ ਹੋ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਸ਼ਰਨ ਲੈ ਲਈ ਤਾਂ ਮਹਾਰਾਜੇ ਨੇ ਉਸ ਤੋਂ ਕੋਹਿਨੂਰ ਹੀਰਾ ਪ੍ਰਾਪਤ ਕਰ ਲਿਆ। 1815 ਵਿਚ ਸ਼ਾਹ ਸ਼ੁਜਾ ਲਾਹੌਰ ਤੋਂ ਭੱਜ ਕੇ ਲੁਧਿਆਣੇ ਬ੍ਰਿਟਿਸ਼ ਕੰਪਨੀ ਦੀ ਸੁਰੱਖਿਆ ਵਿਚ ਚਲਿਆ ਗਿਆ। ਅੰਗਰੇਜ਼ਾਂ ਨੇ ਉਸ ਨਾਲ ਵਧੀਆ ਸਲੂਕ ਕੀਤਾ, ਛਾਉਣੀ ਵਿਚ ਠਹਿਰਾਇਆ ਅਤੇ 4000 ਰੁਪਏ ਮਹੀਨਾ ਪੈਨਸ਼ਨ ਲਾ ਦਿੱਤੀ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਘੇਰਾ ਪਾਉਣ ਦੀ ਈਸਟ ਇੰਡੀਆ ਕੰਪਨੀ ਦੀ ਯੋਜਨਾ ਹੌਲੀ-ਹੌਲੀ ਬਣ ਰਹੀ ਸੀ ਜਿਸ ਵਿਚ 1839 ‘ਚ ਮਹਾਰਾਜੇ ਦੇ ਦੇਹਾਂਤ ਮਗਰੋਂ ਤੇਜ਼ੀ ਆ ਗਈ। ਹੁਣ ਫ਼ਿਰੋਜ਼ਪੁਰ ਦਾ ਮਹੱਤਵ ਵਧ ਗਿਆ ਕਿਉਂਕਿ ਇਹ ਲਾਹੌਰ ਤੋਂ ਸਿਰਫ਼ 46 ਮੀਲ ਦੀ ਦੂਰੀ ‘ਤੇ ਸੀ ਜਦੋਂਕਿ ਲੁਧਿਆਣਾ 122 ਮੀਲ ਦੂਰ ਸੀ। 1845-46 ਦੇ ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਸਾਰੀਆਂ ਲੜਾਈਆਂ ਫ਼ਿਰੋਜਪੁਰ-ਲੁਧਿਆਣਾ ਇਲਾਕੇ ਵਿਚ ਲੜੀਆਂ ਗਈਆ। ਆਖ਼ਰ 1849 ਵਿਚ ਕੰਪਨੀ ਨੇ ਆਪਣੀ ਯੋਜਨਾ ਸਿਰੇ ਚਾੜ੍ਹ ਲਈ ਅਤੇ ਸਾਰੇ ਲਾਹੌਰ ਸਾਮਰਾਜ ‘ਤੇ ਕਬਜ਼ਾ ਕਰ ਲਿਆ। 1854 ਵਿਚ ਲੁਧਿਆਣਾ ਛਾਉਣੀ ਬੰਦ ਕਰ ਦਿੱਤੀ (ਪਰ ਕਿਲ੍ਹੇ ਵਿਚ ਫ਼ੌਜ 1903 ਤੀਕ ਰਹੀ)।

ਨਵੀਂ ਬਰਤਾਨਵੀ ਹਕੂਮਤ ਨੇ ਪੰਜਾਬ ਨੂੰ ਮੱਧਕਾਲ ਵਿਚੋਂ ਕੱਢ ਕੇ ਇਸ ਨੂੰ ਆਧੁਨਿਕੀਕਰਨ ਦੀ ਰਾਹ ‘ਤੇ ਪਾਇਆ। ਇਸ ਦੇ ਦੂਰ-ਦੁਰਾਡੇ ਇਲਾਕਿਆਂ ਨੂੰ ਪੱਕੀਆਂ ਸੜਕਾਂ ਅਤੇ ਰੇਲਵੇ ਨਾਲ ਜੋੜ ਦਿੱਤਾ। 1854-55 ਵਿਚ ਬਣਵਾਈ ਜੀ.ਟੀ. ਰੋਡ ਰਾਹੀਂ ਲੁਧਿਆਣਾ ਇੱਕ ਪਾਸੇ ਦਿੱਲੀ ਅਤੇ ਦੂਜੇ ਪਾਸੇ ਕਾਬੁਲ ਨਾਲ ਜੁੜ ਗਿਆ। ਰੇਲ ਰਾਹੀਂ 1869-70 ਵਿਚ ਲੁਧਿਆਣੇ ਨੂੰ ਗਾਜ਼ੀਆਬਾਦ, ਮੇਰਠ, ਅੰਬਾਲਾ ਵਿਚਦੀ ਦਿੱਲੀ ਨਾਲ, 1904 ਵਿਚ ਧੂਰੀ ਤੇ ਜਾਖ਼ਲ ਨਾਲ ਅਤੇ ਅਗਲੇ ਹੀ ਸਾਲ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਨਾਲ ਜੋੜ ਦਿੱਤਾ।

1857 ਵਿਚ ਪਹਿਲੀ ਟੈਲੀਗ੍ਰਾਫ਼ ਸਰਵਿਸ ਦੀ ਸੁਵਿਧਾ ਦਿੱਤੀ। 1882 ਵਿਚ ਸਰਹਿੰਦ ਨਹਿਰ ਦੀ ਉਸਾਰੀ ਪੂਰੀ ਕੀਤੀ ਜਿਸ ਦੀ ਇੱਕ ਬਰਾਂਚ ਹੁਣ ਵੀ ਲੁਧਿਆਣੇ ਵਿਚਦੀ ਲੰਘਦਿਆਂ ਹਜ਼ਾਰਾਂ ਏਕੜ ਜ਼ਮੀਨ ਨੂੰ ਸਿੰਜਦੀ ਹੈ। ਇਸ ਨਹਿਰ ਨੇ ਇਲਾਕੇ ਨੂੰ ਅਕਸਰ ਪੈਣ ਵਾਲੇ ਅਕਾਲਾਂ ਤੋਂ ਮੁਕਤ ਕਰ ਦਿੱਤਾ। ਇਸ ਦੀ ਵਰਤੋਂ ਫ਼ਿਰੋਜ਼ਪੁਰ ਵੱਲ ਸਾਮਾਨ ਭੇਜਣ ਲਈ ਵੀ ਕੀਤੀ ਜਾਂਦੀ ਸੀ।

ਆਵਾਜਾਈ ਦੇ ਸਾਧਨਾਂ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਹੋਣ ਨਾਲ ਲੁਧਿਆਣਾ ਵਪਾਰ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ। ਕਾਫ਼ੀ ਲੰਮੇ ਸਮੇਂ ਤੋਂ ਲੁਧਿਆਣੇ ਵਿਚ 8-10 ਕਸ਼ਮੀਰੀ ਪਰਿਵਾਰ ਰਹੇ ਹਨ ਪਰ 1833 ਦੇ ਕਸ਼ਮੀਰ ਦੇ ਅਕਾਲ ਦੌਰਾਨ ਲਗਭਗ 1500-2000 ਹੋਰ ਪਰਿਵਾਰ ਇੱਥੇ ਆ ਕੇ ਵਸ ਗਏ। ਉਸ ਇਲਾਕੇ ਦਾ ਨਾਂ ਹੀ ਕਸ਼ਮੀਰ ਕਾਲੋਨੀ ਪੈ ਗਿਆ ਜੋ ਹੁਣ ਤੀਕ ਆਬਾਦ ਹੈ।

1834 ਵਿਚ ਅਮਰੀਕੀ ਪਰਸਬੀਟੇਰੀਅਨ ਚਰਚ ਨੇ ਭਾਰਤ ਵਿਚ ਇਸਾਈ ਧਰਮ ਫੈਲਾਉਣ ਲਈ ਪਹਿਲੀਆਂ ਸਰਗਰਮੀਆਂ ਲੁਧਿਆਣੇ ਤੋਂ ਹੀ ਸ਼ੁਰੂ ਕੀਤੀਆਂ ਸਨ। ਸ਼ਹਿਰ ਵਿਚ 1837 ਵਿਚ ਪਹਿਲੀ ਚਰਚ ਦੀ ਸਥਾਪਨਾ ਕੀਤੀ। ਇਸੇ ਚਰਚ ਨੇ ਪੰਜਾਬੀ ਭਾਸ਼ਾ ਦੀ ਪਹਿਲੀ ਡਿਕਸ਼ਨਰੀ 1841 ਵਿਚ ਤਿਆਰ ਕਰਵਾਈ ਸੀ ਜੋ 1854 ਵਿਚ ਛਪੀ। ਬਾਅਦ ਵਿਚ ਇਸੇ ਡਿਕਸ਼ਨਰੀ ਨੂੰ ਭਾਈ ਮਾਇਆ ਸਿੰਘ ਨੇ ਸੋਧ ਕੇ ਵੱਡਾ ਕੀਤਾ ਅਤੇ 1895 ਵਿਚ ਲਾਹੌਰ ਤੋਂ ਪ੍ਰਕਾਸ਼ਿਤ ਕਰਵਾਇਆ। ਲੁਧਿਆਣੇ ਵਿਚ ਪਹਿਲੀ ਮਿਸ਼ਨ ਪ੍ਰੈਸ ਵੀ ਅਮਰੀਕੀ ਮਿਸ਼ਨ ਵਾਲਿਆਂ ਨੇ ਹੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਹੀ ਸ਼ਹਿਰ ਵਿਚ ਸਿਵਿਲ ਐਂਡ ਮਿਲਟਰੀ ਨਿਊਜ਼ ਪ੍ਰੈਸ, ਅਹਿਮਦੀ ਪ੍ਰੈਸ, ਕੈਸਰ-ਏ-ਹਿੰਦ ਪ੍ਰੈਸ, ਹੱਕਾਨੀ ਪ੍ਰੈਸ ਹੋਂਦ ਵਿਚ ਆਈਆਂ। 1873 ਤੋਂ 1894 ਤੀਕ ਚਰਚ ਵੱਲੋਂ ਹੀ ਲੁਧਿਆਣੇ ਤੋਂ ਹਫ਼ਤਾਵਾਰੀ ਅੱਠ-ਵਰਕੀ ਉਰਦੂ ਅਖ਼ਬਾਰ ‘ਨੂਰ-ਏ ਅਫ਼ਸ਼ਾਂ’ ਛਪਦਾ ਰਿਹਾ ਸੀ।

ਬਰਤਾਨਵੀ ਹਕੂਮਤ ਨੇ ਲੁਧਿਆਣੇ ਅਨੇਕਾਂ ਸਿੱਖਿਆ ਸੰਸਥਾਵਾਂ ਸਥਾਪਿਤ ਕੀਤੀਆਂ। 1864 ਵਿਚ ਸਰਕਾਰੀ ਹਾਈ ਸਕੂਲ ਬਣਾਇਆ ਜਿਸ ਵਿਚ 1875 ਵਿਚ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਕੀਤੀ। 1887 ਵਿਚ ਲਾਹੌਰ ਦਾ ਕ੍ਰਿਸਚਨ ਬੌਇਜ਼ ਬੋਰਡਿੰਗ ਸਕੂਲ ਵੀ ਲੁਧਿਆਣੇ ਤਬਦੀਲ ਕਰ ਦਿੱਤਾ। 1896 ‘ਚ ਟੈਕਨੀਕਲ ਐਂਗਲੋ-ਵਰਨਾਕੁਲਰ ਸਕੂਲ ਇਸੇ ਆਧੁਨਿਕੀਕਰਨ ਦੀ ਲੜੀ ਦਾ ਹਿੱਸਾ ਸੀ। 1920 ਵਿਚ ਇੰਪੀਰੀਅਲ ਕਾਲਜ ਸਥਾਪਿਤ ਕੀਤਾ ਜੋ ਬਾਅਦ ਵਿਚ ਸਰਕਾਰੀ ਕਾਲਜ ਬਣ ਗਿਆ। ਇਸੇ ਕਾਲਜ ਦੇ ਵਿਦਿਆਰਥੀ ਰਹੇ ਭਾਰਤੀ ਪੁਲਾੜ ਵਿਗਿਆਨੀ ਅਤੇ ਗਣਿਤ ਵਿਦਵਾਨ ਸਤੀਸ਼ ਚੰਦਰ ਧਵਨ (1920-2002) ਦੀ ਯਾਦ ਵਿਚ ਕੁਝ ਸਾਲ ਪਹਿਲਾਂ ਲੁਧਿਆਣੇ ਦੇ ਸਰਕਾਰੀ ਕਾਲਜ ਦਾ ਨਾਂ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਕਰ ਦਿੱਤਾ ਗਿਆ (ਸ੍ਰੀ ਧਵਨ ਇੰਡੀਅਨ ਸਪੇਸ ਰਿਸਰਚ ਓਰਗੇਨਾਈਜੇਸ਼ਨ ਭਾਵ ਇਸਰੋ ਦੇ ਚੇਅਰਮੈਨ ਵੀ ਰਹੇ ਸਨ)। ਉਰਦੂ ਜ਼ਬਾਨ ਦੇ ਪ੍ਰਸਿੱਧ ਸ਼ਾਇਰ ਸਾਹਿਰ ਲੁਧਿਆਣਵੀ (1921-80) ਅਤੇ ਆਧੁਨਿਕ ਚਿੱਤਰਕਾਰ ਹਰਕਿਸ਼ਨ ਲਾਲ (1921-2000) ਵੀ ਇਸੇ ਕਾਲਜ ਵਿਚ ਪੜ੍ਹੇ ਸਨ। 1947 ਮਗਰੋਂ ਵੀ ਸ਼ਹਿਰ ਦੀ ਵਿਦਿਅਕ ਤਰੱਕੀ ਜਾਰੀ ਰਹੀ। 1956 ਵਿਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਬਣਾਇਆ ਗਿਆ ਅਤੇ 1962 ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਹੋਈ।

ਇੰਜ ਤਰੱਕੀ ਦੀ ਰਾਹ ‘ਤੇ ਚਲਦਾ ਚਲਦਾ ਲੁਧਿਆਣਾ ਵਰਤਮਾਨ ਭਾਰਤੀ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਬਣ ਗਿਆ।

ਸੰਪਰਕ: 98728-22417

Advertisement
Tags :
Advertisement
Advertisement
×