ਲੁਧਿਆਣਾ: ਪਾਕਿਸਤਾਨੀ ਬੱਚੇ ਦੀ ਵਾਪਸੀ ਦਾ ਰਾਹ ਪੱਧਰਾ ਹੋਇਆ
ਗਗਨਦੀਪ ਅਰੋੜਾ
ਲੁਧਿਆਣਾ, 27 ਅਗਸਤ
ਪਾਕਿਸਤਾਨ ਦੇ ਐਬਟਾਬਾਦ ਤੋਂ ਇੱਕ ਸਾਲ ਪਹਿਲਾਂ ਲਾਪਤਾ ਹੋਇਆ ਬੱਚਾ ਲੁਧਿਆਣਾ ਦੇ ਅਬਰਜ਼ਵੇਸ਼ਨ ਹੋਮ ’ਚੋਂ ਮਿਲ ਗਿਆ ਹੈ। ਇਸ ਗੱਲ ਦਾ ਖੁਲਾਸਾ ਉਸੇ ਵੇਲੇ ਹੋਇਆ ਜਦੋਂ ਬੱਚੇ ਦੀ ਸਜ਼ਾ ਪੂਰੀ ਹੋਣ ’ਤੇ ਅਦਾਲਤ ਨੂੰ ਇਸ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਪਾਕਿਸਤਾਨ ਦੂਤਾਵਾਸ ਨਾਲ ਗੱਲਬਾਤ ਕਰਕੇ ਬੱਚੇ ਦੀ ਮਾਪਿਆਂ ਨਾਲ ਵੀਡੀਓ ਕਾਲ ਕਰਵਾਈ ਗਈ। ਹੁਣ ਮਾਮਲੇ ਸਬੰਧੀ ਸਾਰੇ ਦਸਤਾਵੇਜ਼ ਤਿਆਰ ਕਰ ਕੇ ਅਲੀ ਨੂੰ ਛੇਤੀ ਹੀ ਪਾਕਿਸਤਾਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਹੰਮਦ ਅਲੀ ਦੇ ਪਿਤਾ ਮੁਹੰਮਦ ਬਨਾਰਸ ਦੀ ਰਾਵਲਪਿੰਡੀ ’ਚ ਪ੍ਰਿੰਟਿੰਗ ਪ੍ਰੈੱਸ ਹੈ। 7 ਅਗਸਤ 2023 ਨੂੰ ਮੁਹੰਮਦ ਅਲੀ ਆਪਣੇ ਪਿਤਾ ਨੂੰ ਮਿਲਣ ਰਾਵਲਪਿੰਡੀ ਜਾਣ ਲਈ ਐਬਟਾਬਾਦ ਸਥਿਤ ਆਪਣੇ ਘਰ ਤੋਂ ਬੱਸ ’ਚ ਸਵਾਰ ਹੋਇਆ ਸੀ। ਜਦੋਂ ਉਹ ਰਾਵਲਪਿੰਡੀ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਇਲਾਕਾ ਪੁਲੀਸ ਨੂੰ ਦਿੱਤੀ ਗਈ ਤਾਂ ਪਤਾ ਲੱਗਾ ਕਿ ਮੁਹੰਮਦ ਅਲੀ ਦਾ ਬੱਸ ਸਟੈਂਡ ਨੇੜੇ ਕੁਝ ਪਤਾ ਨਹੀਂ ਲੱਗਿਆ। ਪਰਿਵਾਰ ਨੇ ਕਾਫ਼ੀ ਭਾਲ ਕਰਨ ਮਗਰੋਂ ਮੁਹੰਮਦ ਅਲੀ ਦੇ ਵਾਪਸ ਆਉਣ ਦੀ ਸਾਰੀ ਉਮੀਦ ਛੱਡ ਦਿੱਤੀ ਸੀ। ਜਾਣਕਾਰੀ ਅਨੁਸਾਰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤੀ ਏਜੰਸੀਆਂ ਵੱਲੋਂ ਇਸ ਗੱਲ ਦੀ ਪੂਰੀ ਜਾਂਚ ਕੀਤੀ ਗਈ ਕਿ ਬੱਚਾ ਸਰਹੱਦ ਪਾਰ ਕਰ ਕੇ ਭਾਰਤ ’ਚ ਕਿਸ ਤਰ੍ਹਾਂ ਆਇਆ।
ਮਾਮਲੇ ਦੀ ਪੜਤਾਲ ਮਗਰੋਂ ਭਾਰਤੀ ਏਜੰਸੀਆਂ ਨੇ ਪਾਕਿਸਤਾਨ ਦੂਤਘਰ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਜਦੋਂ ਦੂਤਘਰ ਦੇ ਅਧਿਕਾਰੀ ਸ਼ਿਮਲਾਪੁਰੀ ਸਥਿਤ ਅਬਜ਼ਰਵੇਸ਼ਨ ਹੋਮ ਪਹੁੰਚੇ ਤਾਂ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਪਰਿਵਾਰ ਨਾਲ ਗੱਲ ਕੀਤੀ ਤੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਭਾਰਤ ਦੀ ਜੇਲ੍ਹ ’ਚ ਬੰਦ ਹੈ।
ਇਸ ਮਗਰੋਂ ਉਨ੍ਹਾਂ ਆਪਣੇ ਪੁੱਤਰ ਦੀ ਰਿਹਾਈ ਲਈ ਪਾਕਿਸਤਾਨ ਸਰਕਾਰ ਰਾਹੀਂ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਜਿਸ ਤੋਂ ਬਾਅਦ ਭਾਰਤ ਦੇ ਗ੍ਰਹਿ ਵਿਭਾਗ ਨੇ ਮਾਮਲੇ ਦੀ ਪੜਤਾਲ ਕਰਕੇ ਪਾਕਿਸਤਾਨ ਦੇ ਦੂਤਘਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਕਰੀਬ 9 ਮਹੀਨਿਆਂ ਮਗਰੋਂ ਭਾਰਤ ਸਰਕਾਰ ਨੇ ਪੀੜਤ ਪਰਿਵਾਰ ਦੀ ਫਰਿਆਦ ਸੁਣ ਕੇ ਉਸ ਨੂੰ ਪਾਕਿਸਤਾਨ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਅਬਜ਼ਰਵੇਸ਼ਨ ਹੋਮ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਨਾਬਾਲਗ ਹੋਣ ਕਾਰਨ ਬੱਚੇ ਤੋਂ ਬਹੁਤੀ ਪੁੱਛ-ਪੜਤਾਲ ਨਹੀਂ ਕਰ ਸਕਦੇ ਪਰ ਬੱਚੇ ਨੇ ਇਹ ਜ਼ਰੂਰ ਦੱਸਿਆ ਸੀ ਕਿ ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ।
ਭਾਰਤੀ ਸਰਹੱਦ ’ਚ ਦਾਖ਼ਲ ਹੋਇਆ ਨਾਗਰਿਕ ਪਾਕਿਸਤਾਨੀ ਰੇਂਜਰਾਂ ਨੂੰ ਸੌਂਪਿਆ
ਅੰਮ੍ਰਿਤਸਰ (ਟਨਸ):
ਭੁਲੇਖੇ ਨਾਲ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਅੱਜ ਬੀਐੱਸਐੱਫ ਨੇ ਪਾਕਿਸਤਾਨੀ ਰੇਂਜਰਾਂ ਨਾਲ ਫਲੈਗ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਹਵਾਲੇ ਕਰ ਕੇ ਵਾਪਸ ਪਾਕਿਸਤਾਨ ਭੇਜ ਦਿੱਤਾ ਹੈ। ਬੀਐੱਸਐੱਫ ਵੱਲੋਂ ਇਹ ਫੈਸਲਾ ਮਨੁੱਖੀ ਆਧਾਰ ’ਤੇ ਸਦਭਾਵਨਾ ਵਜੋਂ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਲੰਘੇ ਕੱਲ੍ਹ ਲਗਪਗ 2 ਵਜੇ ਡਿਊਟੀ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਸਰਹੱਦ ’ਤੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ, ਜੋ ਕੌਮਾਂਤਰੀ ਸੀਮਾ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਨੇ ਇਸ ਵਿਅਕਤੀ ਨੂੰ ਸਰਹੱਦੀ ਪਿੰਡ ਭਰੋਪਾਲ ਨੇੜੇ ਕਾਬੂ ਕੀਤਾ ਸੀ। ਪਾਕਿਸਤਾਨੀ ਨਾਗਰਿਕ ਕੋਲੋਂ ਬੀਐੱਸਐੱਫ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਪੁੱਛ-ਪੜਤਾਲ ਤੋਂ ਪਤਾ ਲੱਗਾ ਕਿ ਇਹ ਵਿਅਕਤੀ ਸਰਹੱਦ ਬਾਰੇ ਅਣਜਾਣ ਸੀ। ਉਹ ਭੁਲੇਖੇ ਨਾਲ ਭਾਰਤੀ ਸਰਹੱਦੀ ਖੇਤਰ ਵਿੱਚ ਦਾਖਲ ਹੋ ਗਿਆ।