ਲੁਧਿਆਣਾ-ਤਲਵੰਡੀ ਭਾਈ ਮਾਰਗ ’ਤੇ ਮੁਰੰਮਤ ਦੇ ਬਾਵਜੂਦ ਪੁਲ ਮੁੜ ਧਸਿਆ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 30 ਜੁਲਾਈ
ਲੁਧਿਆਣਾ-ਤਲਵੰਡੀ ਭਾਈ ਕੌਮੀ ਮਾਰਗ ’ਤੇ ਬਣੇ ਪੁਲ ਖਸਤਾ ਹਾਲ ਤੋਂ ਵੀ ਅਗਲੇ ਪੜਾਅ ’ਚ ਪਹੁੰਚ ਗਏ ਹਨ। ਕੇਂਦਰ ਅਤੇ ਸੂਬਾ ਸਰਕਾਰ ਸਮੇਤ ਪ੍ਰਸ਼ਾਸਨ ਸਰਵਿਸ ਸੜਕਾਂ, ਪੁਲਾਂ ਅਤੇ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਤੋਂ ਭਲੀਭਾਂਤ ਜਾਣੂ ਹੈ। ਹਰ ਵਰ੍ਹੇ ਇਸ ਬਰਸਾਤ ਦੇ ਮੌਸਮ ਵਿੱਚ ਖਸਤਾਹਾਲ ਪੁਲਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਤੇ ਮੀਂਹ ਪੈਣ ਮਗਰੋਂ ਪੁਲ ਧਸਣ ਕਾਰਨ ਮਿੱਟੀ ਵਹਿ ਕੇ ਸਰਵਿਸ ਸੜਕਾਂ ’ਤੇ ਆ ਜਾਂਦੀ ਹੈ ਤੇ ਪੁਲ ਖੋਖਲੇ ਹੋ ਜਾਂਦੇ ਹਨ। ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਹਾਲਾਂਕਿ ਪੁਲਾਂ ਦਾ ਨਿਰੀਖਣ ਕਰਦੇ ਹਨ, ਨੈਸ਼ਨਲ ਹਾਈਵੇਅ ਅਥਾਰਿਟੀ ਰਾਹੀਂ ਸਬੰਧਤ ਠੇਕੇਦਾਰ ਅਤੇ ਟੌਲ ਉਗਰਾਹੁਣ ਵਾਲੀ ਕੰਪਨੀ ਨੂੰ ਹਦਾਇਤਾਂ ਕਰਦੇ ਹਨ। ਜਦੋਂ ਤੋਂ ਇਹ ਮਾਰਗ ਬਣਿਆ ਹੈ, ਉਦੋਂ ਤੋਂ ਹੀ ਇਹ ਸਿਲਸਲਾ ਜਾਰੀ ਹੈ। ਕੰਪਨੀ ਦੇ ਕਾਮੇ ਮਿੱਟੀ ਦੀਆਂ ਬੋਰੀਆਂ ਭਰ ਕੇ ਪਏ ਪਾੜ ਪੂਰ ਦਿੰਦੇ ਹਨ, ਉਪਰੋਂ ਸੀਮਿੰਟ ਬੱਜਰੀ ਪਾ ਕੇ ਲੀਪਾ-ਪੋਚੀ ਕਰ ਦਿੱਤੀ ਜਾਂਦੀ ਹੈ। ਇਸੇ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਪਹਿਲੀਆਂ ਬਾਰਸ਼ਾਂ ’ਚ ਹੀ ਸ਼ੇਰਪੁਰ ਚੌਕ, ਬੱਸ ਟਰਮੀਨਲ ਚੌਕ, ਅਲੀਗੜ੍ਹ ਬਾਈ ਪਾਸ ਆਦਿ ਪੁੱਲਾਂ ’ਚ ਡੂੰਘੀਆਂ ਖਾਰਾਂ ਪੈ ਗਈਆਂ। ਮਾਮਲਾ ਭਖਣ ’ਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਉਪ-ਮੰਡਲ ਮੈਜਿਸਟਰੇਟ ਗੁਰਵੀਰ ਸਿੰਘ ਕੋਹਲੀ ਨੇ ਮੌਕੇ ਦਾ ਦੌਰਾ ਕੀਤਾ ਅਤੇ ਕੰਪਨੀ ਨੂੰ ਤੁਰੰਤ ਮੁਰੰਮਤ ਦੀਆਂ ਹਦਾਇਤਾਂ ਕਰ ਕੇ ਪਾੜ ਪੂਰਨ ਦਾ ਕੰਮ ਕਰਵਾ ਦਿੱਤਾ। ਦੋ ਹਫ਼ਤੇ ਬਾਅਦ ਹੀ ਦੁਬਾਰਾ ਪਏ ਮੀਂਹ ਕਾਰਨ ਪੁਲਾਂ ’ਚੋਂ ਮਿੱਟੀ ਵਹਿਣ ਕਾਰਨ ਪੁਲ ਧੱਸਣ ਗਿਆ ਹੈ। ਇਸ ਸਬੰਧੀ ਉਪ-ਮੰਡਲ ਮੈਜਿਸਟਰੇਟ ਗੁਰਵੀਰ ਸਿੰਘ ਕੋਹਲੀ ਨੇ ਆਖਿਆ ਕਿ ਵਾਰ-ਵਾਰ ਸਾਹਮਣੇ ਆ ਰਹੀਆਂ ਕਮੀਆਂ ਦੇ ਮੱਦੇਨਜ਼ਰ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ। ਸਮਾਜ ਸੇਵੀ ਗੁਰਮਿੰਦਰ ਸਿੰਘ, ਗੁਰਮੁਖ ਸਿੰਘ, ਕੁਲਦੀਪ ਸਿੰਘ ਰੰਧਾਵਾ, ਅੰਮ੍ਰਿਤ ਸਿੰਘ ਥਿੰਦ, ਦਲਜੀਤ ਸਿੰਘ ਨੇ ਸਰਕਾਰ ਦੀ ਅਣਦੇਖੀ ’ਤੇ ਸਵਾਲ ਚੁੱਕਦਿਆਂ ਆਖਿਆ ਕਿ ਸਰਕਾਰਾਂ ਲੋਕਾਂ ਦਾ ਇਮਤਿਹਾਨ ਲੈ ਰਹੀਆਂ ਹਨ, ਯੂਪੀ ਵਾਂਗ ਕਿਸੇ ਸਮੇਂ ਵੀ ਖਸਤਾ ਹਾਲ ਪੁਲਾਂ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਕਾਮਰੇਡ ਕੰਵਲਜੀਤ ਖੰਨਾ ਨੇ ਆਖਿਆ ਮਾਰਗ ’ਤੇ ਬਣੇ ਪੁਲਾਂ ਦਾ ਮੁੜ ਨਿਰਮਾਣ ਹੋਣਾ ਚਾਹੀਦਾ ਹੈ ਅਤੇ ਸਾਰੇ ਪੁਲ ਸੁਰੱਖਿਆ ਮਾਪਦੰਡਾਂ ਅਨੁਸਾਰ ਪਿੱਲਰਾਂ ’ਤੇ ਬਣਨੇ ਚਾਹੀਦੇ ਹਨ।