ਮੀਂਹ ਕਾਰਨ ਲੁਧਿਆਣਾ ਦੀਆਂ ਸੜਕਾਂ ’ਤੇ ਪਾਣੀ ਭਰਿਆ
ਗਗਨਦੀਪ ਅਰੋੜਾ
ਲੁਧਿਆਣਾ, 19 ਜੁਲਾਈ
ਸਨਅਤੀ ਸ਼ਹਿਰ ਵਿੱਚ ਬੁੱਧਵਾਰ ਸਵੇਰ ਤੋਂ ਸ਼ੁਰੂ ਹੋਏ ਮੀਂਹ ਨੇ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ। ਹਾਲਾਂਕਿ, ਮੀਂਹ ਜ਼ਿਆਦਾ ਤੇਜ਼ ਨਹੀਂ ਪਿਆ ਕਈ ਘੰਟੇ ਮੀਂਹ ਪੈਣ ਕਰ ਕੇ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰਨ ਤੇ ਅੰਦਰੂਨੀ ਇਲਾਕਿਆਂ ਵਿੱਚ ਚਿੱਕੜ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਮੀਂਹ ਸਵੇਰੇ ਸਾਢੇ 9 ਵਜੇ ਸ਼ੁਰੂ ਹੋ ਗਿਆ ਸੀ ਤੇ ਦੁਪਹਿਰ 2 ਵਜੇ ਤੱਕ ਵਰ੍ਹਦਾ ਰਿਹਾ। ਮੀਂਹ ਦੇ ਪਾਣੀ ਕਾਰਨ ਕਈ ਸੜਕਾਂ ’ਤੇ ਆਵਾਜਾਈ ਜਾਮ ਵੀ ਲੱਗੇ ਰਹੇ। ਸ਼ਹਿਰ ਵਿੱਚ ਕਈ ਥਾਵਾਂ ’ਤੇ ਫਲਾਈਓਵਰ ਤੇ ਹੋਰ ਵਿਕਾਸ ਕਾਰਜ ਚੱਲ ਰਹੇ ਹਨ ਜਿਸ ਕਰ ਕੇ ਇਨ੍ਹਾਂ ਥਾਵਾਂ ’ਤੇ ਲੋਕਾਂ ਨੂੰ ਵੱਧ ਪ੍ਰੇਸ਼ਾਨੀ ਝੱਲਣੀ ਪਈ।
ਮੀਂਹ ਨੇ ਸਵੇਰੇ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਦੇ ਦਿੱਤੀ ਪਰ ਦਨਿ ਭਰ ਪ੍ਰੇਸ਼ਾਨੀਆਂ ਵੀ ਝੱਲਣੀਆਂ ਪਈਆਂ। ਮੀਂਹ ਕਾਰਨ ਜਾਮ ਲੱਗਣ ਕਰ ਕੇ ਕੁਝ ਲੋਕ ਜਾਮ ਵਿੱਚ ਫਸੇ ਰਹੇ। ਕਈ ਘੰਟੇ ਮੀਂਹ ਪੈਣ ਕਾਰਨ ਸ਼ਹਿਰ ਦੇ ਇਲਾਕੇ ਹੈਬੋਵਾਲ, ਜਵਾਲਾ ਸਿੰਘ ਚੌਕ, ਸਰਾਭਾ ਨਗਰ, ਗੁਰਦੇਵ ਨਗਰ, ਮਾਡਲ ਟਾਊਨ, ਮਾਡਲ ਗ੍ਰਾਮ, ਦੁੱਗਰੀ, ਟਿੱਬਾ ਰੋਡ, ਸ਼ਕਤੀ ਨਗਰ, ਚੰਡੀਗੜ੍ਹ ਰੋਡ, ਜੱਸੀਆਂ, ਬਾਲ ਸਿੰਘ ਨਗਰ, ਬਸਤੀ ਜੋਧੇਵਾਲ, ਕੈਲਾਸ਼ ਨਗਰ ਆਦਿ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ। ਇਸ ਤੋਂ ਇਲਾਵਾ ਕਈ ਇਲਾਕੇ ਅਜਿਹੇ ਸਨ ਜਿੱਥੇ ਪਾਣੀ ਤਾਂ ਜ਼ਿਆਦਾ ਨਹੀਂ ਖੜ੍ਹਾ ਹੋਇਆ ਪਰ ਚਿਕੜ ਹੋਣ ਕਰ ਕੇ ਪੈਦਲ ਚੱਲਣ ਵਾਲੇ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਦਿੱਕਤਾਂ ਆਈਆਂ।
ਇੱਥੇ ਫ਼ਿਰੋਜ਼ਪੁਰ ਰੋਡ, ਮਾਡਲ ਟਾਊਨ ਨੇੜੇ ਤੇ ਭਾਰਤ ਨਗਰ ਚੌਕ ਨੇੜੇ ਵਿਕਾਸ ਕਾਰਜ ਚਲਦੇ ਹੋਣ ਕਾਰਨ ਜ਼ਿਆਦਾ ਸਮੱਸਿਆਵਾਂ ਆਈਆਂ।