ਲੁਧਿਆਣਾ: ਸਤਲੁਜ ਦਰਿਆ ਤੇ ਬੁੱਢੇ ਨਾਲੇ ਨੇੜੇ ਹੜ੍ਹ ਦਾ ਖਤਰਾ
ਗਗਨਦੀਪ ਅਰੋੜਾ
ਲੁਧਿਆਣਾ, 9 ਜੁਲਾਈ
ਸ਼ਹਿਰ ’ਚ ਪਿਛਲੇ ਤਿੰਨ ਦਨਿਾਂ ਤੋਂ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ ਤੇ ਬੁੱਢੇ ਨਾਲੇ ਨੇੜੇ ਹੜ੍ਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਅਨੁਸਾਰ ਸ਼ਨਿੱਚਰਵਾਰ ਤੇ ਐਤਵਾਰ ਤੱਕ 43 ਐੱਮਐੱਮ ਮੀਂਹ ਪੈ ਚੁੱਕਿਆ ਹੈ। ਮੌਸਮ ਵਿਭਾਗ ਅਨੁਸਾਰ ਬੀਤੇ ਇੱਕ ਮਹੀਨੇ ’ਚ ਹੁਣ ਤੱਕ 180 ਐੱਮਐੱਮ ਦੇ ਕਰੀਬ ਮੀਂਹ ਰਿਕਾਰਡ ਹੋ ਚੁੱਕਿਆ ਹੈ, ਜੋ ਆਮ ਦੇ ਮੁਕਾਬਲੇ ਕਰੀਬ 60 ਫੀਸਦੀ ਜ਼ਿਆਦਾ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਦਨਿਾਂ ’ਚ ਹੋਰ ਮੀਂਹ ਪੈਣ ਦਾ ਅਨੁਮਾਨ ਹੈ। ਮੀਂਹ ਕਾਰਨ ਸਤਲੁਜ ਵਿੱਚ ਵਧੇ ਪਾਣੀ ਕਾਰਨ ਦਰਿਆ ਦੇ ਕਈ ਕਨਿਾਰੇ ਟੁੱਟ ਗਏ ਹਨ, ਜਿਸ ਕਾਰਨ ਖੇਤਾਂ ’ਚ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਨੇੜੇ ਪਿੰਡਾਂ ਵਿੱਚ ਹੜ੍ਹ ਬਚਾਓ ਸਾਮਾਨ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਪਾਸੇ ਪਾਣੀ ਦਾ ਪੱਧਰ ਜ਼ਿਆਦਾ ਵਧਿਆ ਹੈ, ਉੱਥੇ ਲੋਕਾਂ ਨੂੰ ਬਚਾਉਣ ਲਈ ਵਿਸ਼ੇਸ਼ ਕਿਸ਼ਤੀਆਂ ਵੀ ਭੇਜ ਦਿੱਤੀਆਂ ਗਈਆਂ ਹਨ।
ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਦਾ ਕਹਿਣਾ ਹੈ ਕਿ ਸਤਲੁਜ ਵਿੱਚ ਰੋਪੜ ਵੱਲੋਂ ਛੱਡਿਆ ਗਿਆ ਪਾਣੀ ਪੁੱਜਿਆ ਹੈ। ਇਸ ਕਾਰਨ ਕਈ ਥਾਵਾਂ ’ਤੇ ਪ੍ਰਸ਼ਾਸਨ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ ਤੇ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਹੈ। ਖਾਸ ਕਰ ਕੇ ਰਾਤ ਨੂੰ ਅਫ਼ਸਰਾਂ ਨੂੰ ਪਿੰਡਾਂ ਨੇੜੇ ਡਿਊਟੀ ਦੇਣ ਲਈ ਕਿਹਾ ਗਿਆ ਹੈ। ਨਾਲ ਹੀ ਲੋਕਾਂ ਨੂੰ ਬਨਿਾਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਦਰਿਆ ਦੇ ਨੇੜੇ ਜਾਣ ਤੋਂ ਵਰਜਿਆ ਗਿਆ ਹੈ। ਦੂਸਰੇ ਪਾਸੇ ਸ਼ਹਿਰ ਦੇ ਬੁੱਢੇ ਨਾਲੇ ’ਚ ਵੀ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਨਾਲ ਤਾਜਪੁਰ ਰੋਡ, ਹੈਬੋਵਾਲ ’ਚ ਨਾਲੇ ਕੋਲ ਬਣੀਆਂ ਝੁੱਗੀਆਂ ਡੁੱਬ ਗਈਆਂ। ਇੱਥੋਂ ਦੇ ਲੋਕਾਂ ਨੂੰ ਬਚਾਅ ਕੇ ਧਰਮਸ਼ਾਲਾ ’ਚ ਠਹਿਰਾਅ ਦਿੱਤਾ ਗਿਆ ਹੈ। ਉੱਥੇ ਖਾਣ-ਪੀਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਹੀ ਨਹੀਂ ਮੀਂਹ ਦੇ ਵਿੱਚ ਬੁੱਢੇ ਨਾਲੇ ਦੀ ਸੜਕ ਦੇ ਕਨਿਾਰੇ ਪਾਣੀ ਕਾਰਨ ਟੁੱਟਣ ਲੱਗੇ ਹਨ। ਇਸ ਕਾਰਨ ਨਿਊ ਕੁੰਦਨਪੁਰੀ ਇਲਾਕੇ ਕੋਲ ਕਈ ਥਾਵਾਂ ’ਤੇ ਫੈਂਸਿੰਗ ਨਾਲੇ ’ਚ ਡਿੱਗ ਗਈ। ਸੂਚਨਾ ਮਿਲਣ ਤੋਂ ਬਾਅਦ ਨਿਗਮ ਦੇ ਅਫ਼ਸਰਾਂ ਨੇ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਤੇ ਹਾਦਸਾਗ੍ਰਸਤ ਕਨਿਾਰਿਆਂ ਦੇ ਹਿੱਸਿਆਂ ਦੀ ਮੁਰੰਮਤ ਲਈ ਕਰਮਚਾਰੀ ਲਾਏ ਹਨ।