ਲੁੱਟਾਂ-ਖੋਹਾਂ ਵਧਣ ਖ਼ਿਲਾਫ਼ ਡਟੇ ਲੁਧਿਆਣਾ ਵਾਸੀ
ਗਗਨਦੀਪ ਅਰੋੜਾ
ਲੁਧਿਆਣਾ, 12 ਫਰਵਰੀ
ਚੀਮਾ ਚੌਕ ਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰੋਜ਼ਾਨਾਂ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਹੋ ਕੇ ਅੱਜ ਲੋਕਾਂ ਨੇ ਚੀਮਾ ਚੌਕ ਹੀ ਜਾਮ ਕਰ ਦਿੱਤਾ। ਮੰਗਲਵਾਰ ਦੇਰ ਰਾਤ ਇਸ ਇਲਾਕੇ ਵਿੱਚ ਇੱਕ ਮਜ਼ਦੂਰ ਨੂੰ ਲੁੱਟਿਆ ਗਿਆ ਸੀ, ਇਸ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕਰਨ ਵਿੱਚ ਆਨਾਕਾਨੀ ਕੀਤੀ, ਜਿਸ ਤੋਂ ਬਾਅਦ ਅੱਜ ਲੋਕਾਂ ਨੇ ਰੋਸ ਪ੍ਰਗਟ ਕੀਤਾ। ਲੋਕ ਵੱਡੀ ਗਿਣਤੀ ਵਿੱਚ ਚੀਮਾ ਚੌਕ ਪੁੱਜੇ ਤੇ ਉਥੇ ਧਰਨਾ ਲਗਾ ਦਿੱਤਾ। ਲੋਕਾਂ ਦੀ ਗਿਣਤੀ ਵੱਧ ਹੋਣ ਕਾਰਨ ਕੁੱਝ ਹੀ ਸਮੇਂ ਵਿੱਚ ਦੋਵੇਂ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ। ਇਹ ਸੜਕ ਸਿੱਧੇ ਬੱਸ ਸਟੈਂਡ ਤੇ ਸਮਰਾਲਾ ਚੌਂਕ ਨੂੰ ਜੋੜਦੀ ਹੈ, ਜਿਸ ਕਰਕੇ ਦੇਖਦੇ ਹੀ ਦੇਖਦੇ ਸੜਕਾਂ ’ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਲੋਕਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਚੀਮਾ ਚੌਕ ਪੁਲ ਦੇ ਹੇਠਾਂ ਸਾਈਕਲ ’ਤੇ ਘਰ ਜਾ ਰਹੇ ਇੱਕ ਪਰਵਾਸੀ ਮਜ਼ਦੂਰ ਨੂੰ ਲੁਟੇਰਿਆਂ ਨੇ ਘੇਰ ਲਿਆ ਅਤੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਦੇ ਪੈਸੇ ਅਤੇ ਮੋਬਾਈਲ ਫੋਨ ਖੋਹ ਲਿਆ। ਜਨਕਪੁਰੀ ਦੇ ਰਹਿਣ ਵਾਲੇ ਸ਼ਾਹਨਵਾਜ਼ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਦੋਂ ਲੋਕਾਂ ਨੇ ਇਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਤਾਂ ਪੁਲੀਸ ਨੇ ਕਦੇ ਥਾਣਾ ਡਿਵੀਜ਼ਨ ਨੰਬਰ ਦੋ ਦਾ ਇਲਾਕਾ ਦੱਸਿਆ ਅਤੇ ਕਦੇ ਮੋਤੀ ਨਗਰ ਦਾ। ਪੁਲੀਸ ਕਾਫ਼ੀ ਸਮੇਂ ਤੱਕ ਲੋਕਾਂ ਨੂੰ ਇਸੇ ਤਰ੍ਹਾਂ ਉਲਝਾਉਂਦੀ ਰਹੀ। ਜਦੋਂ ਸਵੇਰੇ ਕੋਈ ਕਾਰਵਾਈ ਨਹੀਂ ਹੋਈ ਤਾਂ ਚੀਮਾ ਚੌਕ ਦੇ ਆਲੇ-ਦੁਆਲੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਚੀਮਾ ਚੌਕ ਨੂੰ ਘੇਰ ਲਿਆ ਅਤੇ ਪੁਲੀਸ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸਾਰੀਆਂ ਸੜਕਾਂ ’ਤੇ ਟਰੈਫਿਕ ਜਾਮ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਥਾਂ ਕਰੀਬ ਦੋ ਘੰਟੇ ਟਰੈਫਿਕ ਜਾਮ ਲੱਗਿਆ ਰਿਹਾ। ਲੋਕ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਇਧਰ-ਉਧਰ ਜਾਣ ਦੀ ਕੋਸ਼ਿਸ਼ ਕਰਦੇ ਰਹੇ। ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤੇ ਪੁਲੀਸ ਨੇ ਧਰਨਾ ਦੇਣ ਵਾਲਿਆਂ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਪਰਵਾਸੀ ਮਜ਼ਦੂਰ ਕਾਰਵਾਈ ਕਰਨ ’ਤੇ ਅੜੇ ਰਹੇ ਅਤੇ ਮੰਗ ਕੀਤੀ ਕਿ ਇਲਾਕੇ ਵਿੱਚ ਪੁਲੀਸ ਦੀ ਚੌਕਸੀ ਵਧਾਈ ਜਾਵੇ ਤਾਂ ਜੋ ਇਲਾਕੇ ਵਿੱਚ ਅਪਰਾਧ ਘੱਟ ਹੋਣ ਜਿਸ ’ਤੇ ਪੁਲੀਸ ਅਧਿਕਾਰੀਆਂ ਨੇ ਪਰਵਾਸੀ ਮਜ਼ਦੂਰਾਂ ਨੂੰ ਤੁਰੰਤ ਕੇਸ ਦਰਜ ਕਰਨ ਅਤੇ ਇਲਾਕੇ ਵਿੱਚ ਗਸ਼ਤ ਵਧਾਉਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਜਾਮ ਖੋਲ੍ਹ ਦਿੱਤਾ। ਮੋਤੀ ਨਗਰ ਥਾਣੇ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤ ਕਰਨ ਦੇ ਬਾਵਜੂਦ ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼਼
ਜ਼ਖਮੀ ਹੋਏ ਸ਼ਾਹਬਾਜ਼ ਨੇ ਦੱਸਿਆ ਕਿ ਉਹ ਇੱਕ ਹੌਜ਼ਰੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਹ ਸਾਈਕਲ ’ਤੇ ਫੈਕਟਰੀ ਆਉਂਦਾ-ਜਾਂਦਾ ਰਹਿੰਦਾ ਹੈ। ਉਹ ਮੰਗਲਵਾਰ ਰਾਤ ਨੂੰ ਕੰਮ ਤੋਂ ਘਰ ਪਰਤ ਰਿਹਾ ਸੀ। ਜਦੋਂ ਉਹ ਚੀਮਾ ਚੌਕ ਪੁਲ ਹੇਠੋਂ ਲੰਘਣ ਲੱਗਾ ਤਾਂ ਬਾਈਕ ’ਤੇ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਉਸ ਕੋਲ ਰੱਖੇ ਪੈਸੇ ਅਤੇ ਮੋਬਾਈਲ ਫੋਨ ਲੁੱਟ ਲਿਆ ਅਤੇ ਫਰਾਰ ਹੋ ਗਏ। ਉਸਦੀ ਫੈਕਟਰੀ ਦੇ ਕੁਝ ਕਾਮੇ ਕੰਮ ਤੋਂ ਵਾਪਸ ਆ ਰਹੇ ਸਨ ਅਤੇ ਉਹ ਉਸਨੂੰ ਇਲਾਜ ਲਈ ਹਸਪਤਾਲ ਲੈ ਗਏ। ਪ੍ਰਦਰਸ਼ਨਕਾਰੀ ਮਜ਼ਦੂਰਾਂ ਨੇ ਕਿਹਾ ਕਿ ਇਲਾਕੇ ਵਿੱਚ ਹਰ ਰੋਜ਼ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਰ ਵਾਰ, ਕਿਸੇ ਨਾ ਕਿਸੇ ਪਰਵਾਸੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜਦੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ, ਤਾਂ ਪੁਲੀਸ ਸ਼ਿਕਾਇਤ ਤੱਕ ਦਰਜ ਨਹੀਂ ਕਰਦੀ ਜਿਸ ਕਾਰਨ ਮਜ਼ਦੂਰਾਂ ਨੇ ਧਰਨਾ ਦਿੱਤਾ। ਮੋਤੀ ਨਗਰ ਥਾਣੇ ਦੇ ਐਸਐਚਓ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।