ਲੁਧਿਆਣਾ ਵਾਸੀਆਂ ਨੂੰ ਆਵਾਜਾਈ ਸਮੱਸਿਆ ਤੋਂ ਨਿਜਾਤ ਮਿਲਣ ਦੀ ਆਸ ਬੱਝੀ
ਗਗਨਦੀਪ ਅਰੋੜਾ
ਲੁਧਿਆਣਾ, 10 ਅਗਸਤ
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਦੀ ਟੀਮ ਨੇ ਅੱਜ ਇੱਥੇ ਨੈਸ਼ਨਲ ਹਾਈਵੇਅ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਹਲਕਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਸੰਸਦ ਮੈਂਬਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ।
ਇਸ ਦੌਰਾਨ ਉਨ੍ਹਾਂ ਹਲਕਾ ਪੂਰਬੀ ਤੇ ਹਲਕਾ ਉੱਤਰੀ ਦੇ ਇਲਾਕਿਆਂ ਵਿੱਚ ਓਵਰਬ੍ਰਿਜ ਅੰਡਰ ਪਾਸ ਬਣਾਉਣ ਦੀ ਮੰਗ ਰੱਖੀ ਸੀ। ਇਸ ਮੰਗ ਨੂੰ ਜਾਇਜ਼ ਠਹਿਰਾਉਂਦਿਆਂ ਕੇਂਦਰੀ ਮੰਤਰੀ ਨੇ ਅੱਜ ਐੱਨਐੱਚਏਆਈ ਦੀ ਟੀਮ ਨੂੰ ਮੁਆਇਨਾ ਕਰਨ ਲਈ ਭੇਜਿਆ। ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਵਿਧਾਇਕ ਮਦਨ ਲਾਲ ਬੱਗਾ ਨੇ ਐੱਨਐੱਚਏਆਈ ਦੀ ਟੀਮ ਨੂੰ ਕੌਮੀ ਮਾਰਗ ’ਤੇ ਦਰਪੇਸ਼ ਆਵਾਜਾਈ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਮੌਕੇ ਟੀਮ ਨਾਲ ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟ ਮੈਨੇਜਰ ਵੀ ਮੌਜੂਦ ਸਨ। ਹਾਈਵੇਅ ਦੇ ਆਸ-ਪਾਸ ਰਹਿੰਦੇ ਲੋਕਾਂ ਨੂੰ ਟਰੈਫਿਕ ਸਬੰਧੀ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਹੀ ਇਸ ਟੀਮ ਦੇ ਦੌਰੇ ਦਾ ਮੁੱਖ ਮਕਸਦ ਸੀ। ਦੋਵੇਂ ਵਿਧਾਇਕਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਦੇ ਸਮਰਾਲਾ ਚੌਕ ਤੋਂ ਲੈ ਕੇ ਸ਼ਕਤੀ ਨਗਰ, ਕਾਕੋਵਲ ਰੋਡ, ਕਾਲੀ ਸੜਕ, ਜੱਸੀਆਂ ਰੋਡ ਅਤੇ ਹੋਰ ਕਈ ਥਾਵਾਂ ’ਤੇ ਕਿਸੇ ਵੀ ਕੱਟ ਦੇ ਨਾ ਹੋਣ ਕਾਰਨ ਆਮ ਲੋਕਾਂ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਸੜਕ ਪਾਰ ਕਰਦੇ ਹਨ। ਐੱਨਐੱਚਏਆਈ ਦੀ ਟੀਮ ਅਤੇ ਵਿਧਾਇਕਾਂ ਨੇ ਨੈਸ਼ਨਲ ਹਾਈਵੇ ਦੇ ਪ੍ਰਾਜੈਕਟ ਮੈਨੇਜਰ ਨਾਲ ਅੱਜ ਉਨ੍ਹਾਂ ਪੁਆਇੰਟਾਂ ਦੀ ਭਾਲ ਕੀਤੀ, ਜਿੱਥੇ ਕੱਟ ਬਣਾਏ ਜਾ ਸਕਦੇ ਹਨ। ਦੋਵਾਂ ਵਿਧਾਇਕਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਮੀਟਿੰਗ ਦੌਰਾਨ ਦਿੱਤੇ ਭਰੋਸੇ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗੜਕਰੀ ਵੱਲੋਂ ਅੱਜ ਇੱਕ ਟੀਮ ਵਿਸ਼ੇਸ਼ ਤੌਰ ’ਤੇ ਹਾਈਵੇਅ ਦਾ ਦੌਰਾ ਕਰਨ ਲਈ ਭੇਜੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਐੱਨਐੱਚਏਆਈ ਵੱਲੋਂ ਇਨ੍ਹਾਂ ਪੁਆਇੰਟਾਂ ’ਤੇ ਓਵਰਬ੍ਰਿਜ/ਅੰਡਰ ਪਾਸ ਬਣਾਉਣ ਦੀ ਮੋਹਰ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦੇ ਸ਼ੁਰੂ ਹੋਣ ਨਾਲ ਹਾਈਵੇਅ ਦੇ ਨਾਲ ਲੱਗਦੇ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਨਗਰ ਨਿਗਮ ਦੇ ਐਕਸੀਅਨ ਪਰਸ਼ੋਤਮ ਲਾਲ, ‘ਆਪ’ ਦੇ ਸੀਨੀਅਰ ਆਗੂ ਦਲਵਿੰਦਰ ਸਿੰਘ, ਅਨੁਜ ਚੌਧਰੀ, ਜਸਵਿੰਦਰ ਸਿੰਘ ਸੰਧੂ, ਲਖਵਿੰਦਰ ਚੌਧਰੀ, ਹਰਸ਼ਰਨ ਸਿਫ਼ਤੀ, ਗੱਗੀ ਸ਼ਰਮਾ, ਭੂਸ਼ਨ ਸ਼ਰਮਾ, ਚਰਨਜੀਤ ਸਿੰਘ ਚੰਨੀ ਅਮਰੀਕ ਸਿੰਘ ਸੈਣੀ ਤੋਂ ਇਲਾਵਾ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਵੀ ਹਾਜ਼ਰ ਸਨ।