ਲੁਧਿਆਣਾ ਪੁਲੀਸ ਵੱਲੋਂ ਗੈਂਗਸਟਰ ਜਿੰਦੀ ਸਾਥੀ ਸਣੇ ਕਾਬੂ
ਗਗਨਦੀਪ ਅਰੋੜਾ
ਲੁਧਿਆਣਾ, 31 ਜੁਲਾਈ
ਲੁਧਿਆਣਾ ਪੁਲੀਸ ਨੇ ਅੱਜ ਗੈਂਗਸਟਰ ਜਤਿੰਦਰ ਸਿੰਘ ਉਰਫ਼ ਜਿੰਦੀ ਅਤੇ ਉਸ ਦੇ ਸਾਥੀ ਗੈਂਗਸਟਰ ਪੁਨੀਤ ਬੈਂਸ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੈਂਗਸਟਰ ਜਿੰਦੀ ਦੇ ਕਬਜ਼ੇ ਵਿੱਚੋਂ 6 ਰਿਵਾਲਵਰ ਤੇ ਪਿਸਤੌਲਾਂ ਅਤੇ ਇੱਕ ਦੇਸੀ ਕੱਟਾ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਗੈਂਗਸਟਰ ਪੁਨੀਤ ਬੈਂਸ ਦੇ ਕਬਜ਼ੇ ’ਚੋਂ ਪੁਲੀਸ ਨੇ ਦੋ ਹਥਿਆਰ, ਪੰਜ ਕਾਰਤੂਸ ਅਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਉਕਤ ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਪੁਲੀਸ ਨੂੰ ਚਕਮਾ ਦਿੰਦੇ ਆ ਰਹੇ ਸਨ। ਪੁਲੀਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਹਥਿਆਰਾਂ ਦਾ ਕਾਰੋਬਾਰ ਕਰਨ ਦੇ ਨਾਲ ਨਾਲ ਇਲਾਕੇ ਵਿੱਚ ਕਈ ਥਾਈਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਹੋਰਨਾਂ ਨੂੰ ਵੀ ਹਥਿਆਰ ਮੁਹੱਈਆ ਕਰਵਾਉਂਦੇ ਸਨ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਜਿੰਦੀ ਬੀ-ਕੈਟਾਗਿਰੀ ਦਾ ਗੈਂਗਸਟਰ ਹੈ ਤੇ ਉਸ ਖ਼ਿਲਾਫ਼ ਲੁਧਿਆਣਾ ਤੇ ਜਲੰਧਰ ਦੇ ਥਾਣਿਆਂ ’ਚ ਕਰੀਬ 18 ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਿਆਸੀ ਪਹੁੰਚ ਦਾ ਫਾਇਦਾ ਲੈ ਕੇ ਪਿਛਲੇ ਪੰਜ ਸਾਲਾਂ ਤੋਂ ਘੁੰਮਦਾ ਆ ਰਿਹਾ ਹੈ। ਇਸ ਦੌਰਾਨ ਉਸ ਨੇ ਆਪਣੇ ਸਾਥੀ ਪੁਨੀਤ ਬੈਂਸ ਨਾਲ ਮਿਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ’ਚ ਹੋਈਆਂ ਗੈਂਗਵਾਰ ਦੀਆਂ ਵਾਰਦਾਤਾਂ ’ਚ ਸ਼ਾਮਲ ਪੁਨੀਤ ਬੈਂਸ ਵੀ ਹੁਣ ਤੱਕ ਫਰਾਰ ਸੀ। ਉਸ ਖਿਲ਼ਾਫ਼ ਵੀ ਕਤਲ ਦੀ ਕੋਸ਼ਿਸ਼ ਸਣੇ ਕਈ ਧਾਰਾਵਾਂ ਤਹਿਤ 12 ਕੇਸ ਦਰਜ ਹਨ।ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗੈਂਗਸਟਰ ਜਿੰਦੀ ਤੇ ਪੁਨੀਤ ਬੈਂਸ ਦੋਵੇਂ ਰਲ ਕੇ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਕਰਦੇ ਸਨ।