ਤਲਾਸ਼ੀ ਮੁਹਿੰਮ ਬਾਰੇ ਖ਼ੁਦ ਹੀ ਸੂਚਨਾ ਦੇਣ ਮਗਰੋਂ ‘ਅਚਨਚੇਤ ਚੈਕਿੰਗ’ ਲਈ ਪੁੱਜੀ ਲੁਧਿਆਣਾ ਪੁਲੀਸ
ਗਗਨਦੀਪ ਅਰੋੜਾ
ਲੁਧਿਆਣਾ, 9 ਅਕਤੂਬਰ
ਲੁਧਿਆਣਾ ਪੁਲੀਸ ਨੇ ਅੱਜ ਪਹਿਲਾਂ ਖ਼ੁਦ ਹੀ ਤਲਾਸ਼ੀ ਮੁਹਿੰਮ ਸਬੰਧੀ ਸੂਚਨਾ ਦੇਣ ਤੋਂ ਬਾਅਦ ਅਚਨਚੇਤ ਚੈਕਿੰਗ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲੀਸ ਨੇ ਦੋ ਤੋਂ ਢਾਈ ਘੰਟੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਦੁੱਗਰੀ ਦੀ ਸੀ.ਆਰ.ਪੀ.ਐੱਫ ਕਲੋਨੀ ਅਤੇ ਬੱਸ ਸਟੈਂਡ ਦੇ ਆਸ-ਪਾਸ ਦੇ ਇਲਾਕੇ ’ਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ‘ਕਾਸੋ’ ਤਹਿਤ ਪੂਰੇ ਪੰਜਾਬ ਵਿੱਚ ਚਲਾਏ ਗਏ ਅਪਰੇਸ਼ਨ ਤਹਿਤ ਸ਼ਹਿਰ ਵਿੱਚ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਮੁਹਿੰਮ ਦੀ ਅਗਵਾਈ ਕੀਤੀ ਅਤੇ ਸ਼ਹਿਰ ਦੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੀ ਸਮੁੱਚੀ ਟੀਮ ਨਾਲ ਮੌਜੂਦ ਸਨ। ਚੈਕਿੰਗ ਦੌਰਾਨ ਇੱਕ ਵੀ ਵਿਅਕਤੀ ਕੋਲੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਮਿਲਿਆ।
ਅਪਰੇਸ਼ਨ ‘ਕਾਸੋ’ ਤਹਿਤ ਪੂਰੇ ਪੰਜਾਬ ਵਿੱਚ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਲੁਧਿਆਣਾ ਪੁਲੀਸ ਨੇ ਦੁੱਗਰੀ ਦੀ ਸੀਆਰਪੀਐੱਫ ਕਲੋਨੀ ਦੇ ਨਾਲ-ਨਾਲ ਆਸ-ਪਾਸ ਦੇ ਇਲਾਕੇ ਅਤੇ ਬੱਸ ਸਟੈਂਡ ਦੀ ਵੀ ਚੈਕਿੰਗ ਕਰਨੀ ਸੀ। ਇਸ ਅਪਰੇਸ਼ਨ ’ਚ 500 ਤੋਂ ਵੱਧ ਪੁਲੀਸ ਮੁਲਾਜ਼ਮ ਸ਼ਾਮਲ ਹਨ। ਸ਼ਹਿਰ ਵਿੱਚ ਇਸ ਸਾਰੀ ਕਾਰਵਾਈ ਦੀ ਅਗਵਾਈ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕੀਤੀ। ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਾਸੋ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦਾ ਮੁੱਖ ਮੰਤਵ ਲੋਕਾਂ ਨੂੰ ਪੁਲੀਸ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਉਣਾ ਹੈ। ਜਾਣਕਾਰੀ ਮੁਤਾਬਕ ਅੱਜ ਦੋ ਥਾਵਾਂ ’ਤੇ ਚੈਕਿੰਗ ਕਰਵਾਈ ਗਈ। ਹਾਲੇ ਕੁਝ ਮੁਲਾਜ਼ਮ ਪੰਚਾਇਤ ਚੋਣਾਂ ਦੀ ਡਿਊਟੀ ਵਿੱਚ ਲੱਗੇ ਹੋਏ ਹਨ। ਇਸ ਦੌਰਾਨ ਦੁੱਗਰੀ ਏਰੀਆ ਅਤੇ ਬੱਸ ਸਟੈਂਡ ਵਿੱਚ ਚੈਕਿੰਗ ਦੇਰ ਰਾਤ ਤੱਕ ਜਾਰੀ ਰਹੀ।
ਦੱਸਣਯੋਗ ਹੈ ਕਿ ਬੱਸ ਸਟੈਂਡ ਅਤੇ ਹੋਰ ਇਲਾਕਿਆਂ ਨੂੰ ਇਸ ਚੈਕਿੰਗ ਬਾਰੇ ਪਹਿਲਾਂ ਹੀ ਸੂਚਨਾ ਮਿਲ ਗਈ ਸੀ। ਇਸ ਤੋਂ ਇਲਾਵਾ ਸਵੇਰੇ 11 ਵਜੇ ਦੀ ਚੈਕਿੰਗ ਲਈ ਲਗਪਗ 8.30 ਵਜੇ ਹੀ ਪੱਤਰਕਾਰਾਂ ਸਣੇ ਕੁਝ ਹੋਰ ਮੋਹਤਬਰਾਂ ਨੂੰ ਵੀ ਸੁਨੇਹਾ ਮਿਲ ਗਿਆ ਸੀ।
ਪੁਲੀਸ ਦੇ ਪੁੱਜਣ ਤੋਂ ਪਹਿਲਾਂ ਹੀ ਤਸਕਰ ਹੋਏ ‘ਗਾਇਬ’
ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਤਸਕਰ ਵੀ ਗਾਇਬ ਹੋ ਗਏ ਅਤੇ ਨਾ ਹੀ ਕੋਈ ਨਸ਼ਾ ਮਿਲਿਆ। ਪੁਲੀਸ ਦੀ ਟੀਮ ਉਨ੍ਹਾਂ ਇਲਾਕਿਆਂ ਵਿੱਚ ਚੈਕਿੰਗ ਕਰਨ ਵੀ ਪਹੁੰਚ ਗਈ, ਜਿਨ੍ਹਾਂ ਇਲਾਕਿਆਂ ਨੂੰ ਨਸ਼ਾ ਤਸਕਰਾਂ ਦਾ ਗੜ੍ਹ ਕਿਹਾ ਜਾਂਦਾ ਹੈ ਅਤੇ ਇਲਾਕੇ ਦੇ ਕਈ ਵਿਅਕਤੀਆਂ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਕੇਸ ਵੀ ਦਰਜ ਹਨ। ਪੁਲੀਸ ਨੇ ਇੱਕ ਸੂਚੀ ਵੀ ਤਿਆਰ ਕੀਤੀ ਸੀ। ਜਦੋਂ ਪੁਲੀਸ ਉਨ੍ਹਾਂ ਦੇ ਘਰਾਂ ਦੀ ਚੈਕਿੰਗ ਕਰਨ ਲਈ ਪੁੱਜੀ ਤਾਂ ਉੱਥੇ ਜਿਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਸਨ, ਉਹ ਵੀ ਨਹੀਂ ਮਿਲੇ ਅਤੇ ਨਾ ਹੀ ਘਰ ਵਿੱਚ ਚੈਕਿੰਗ ਦੌਰਾਨ ਕੁਝ ਵੀ ਮਿਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੁਲੀਸ ਬਿਨਾਂ ਦੱਸੇ ਚੱਲੀ ਜਾਂਦੀ ਤਾਂ ਪੁਲੀਸ ਨੂੰ ਨਸ਼ਾ ਜਾਂ ਇਤਰਾਜ਼ਯੋਗ ਵਸਤੂ ਮਿਲ ਜਾਣੀ ਸੀ ਪਰ ਪੁਲੀਸ ਪੂਰੀ ਲਸ਼ਕਰ ਨਾਲ ਗਈ, ਪਰ ਉਹ ਵੀ ਸੂਚਨਾ ਦੇ ਕੇ ਅਤੇ ਉਦੋਂ ਤੱਕ ਤਸਕਰਾਂ ਨੂੰ ਆਪਣਾ ਸਾਮਾਨ ਅਤੇ ਖ਼ੁਦ ਪਾਸੇ ਹੋਣ ਦਾ ਮੌਕਾ ਮਿਲ ਗਿਆ।
ਹਵਾਲਾਤੀਆਂ ਤੋਂ ਇਤਰਾਜ਼ਯੋਗ ਸਮੱਗਰੀ ਬਰਾਮਦ
ਲੁਧਿਆਣਾ: ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਅਚਨਚੇਤ ਕੀਤੀ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਮੋਬਾਈਲ, ਜਰਦੇ ਦੀਆਂ ਪੂੜੀਆਂ ਅਤੇ ਸਿਗਰਟਾਂ ਸ਼ਾਮਲ ਹਨ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਹਵਾਲਾਤੀਆਂ ਗਗਨਪ੍ਰੀਤ ਸਿੰਘ, ਲਵ ਕੁਮਾਰ, ਜਸਵਿੰਦਰ ਸਿੰਘ, ਅਸ਼ਵਨੀ ਕੁਮਾਰ, ਹਰਵਿੰਦਰ ਸਿੰਘ, ਚੇਤੂ ਅਤੇ ਜਸਵੀਰ ਸਿੰਘ ਪਾਸੋਂ 9 ਮੋਬਾਈਲ ਫੋਨ, 5 ਜਰਦੇ ਦੀਆਂ ਪੂੜੀਆਂ ਅਤੇ 2 ਸਿਗਰਟਾਂ ਬਰਾਮਦ ਕੀਤੀਆਂ ਗਈਆਂ ਹਨ। ਹੌਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਵੱਲੋਂ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਲੱਖਾਂ ਰੁਪਏ ਦੀ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ
ਲੁਧਿਆਣਾ: ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 6 ਦੇ ਥਾਣੇਦਾਰ ਮੋਹਨ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਐਲਆਈਜੀ ਫਲੈਟਾਂ ਵੱਲ ਜਾ ਰਹੀ ਸੀ ਕਿ ਗਲੀ ਦੇ ਮੋੜ ’ਤੇ ਇੱਕ ਐਕਟਿਵਾ ਸਕੂਟਰੀ ਪਾਸ ਦੋ ਨੌਜਵਾਨ ਖੜ੍ਹੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲੈਣ ’ਤੇ ਸਾਹਿਲ ਕੁਮਾਰ ਅਤੇ ਅਭਿਨਵ ਉਰਫ਼ ਅਭੀ ਵਾਸੀ ਐੱਲਆਈਜੀ ਫਲੈਟ ਨੇੜੇ ਗੁਰੂ ਅਰਜਨ ਦੇਵ ਨਗਰ ਪਾਸੋਂ 190 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਵੱਲੋਂ ਉਨ੍ਹਾਂ ਦਾ ਐਕਟਿਵਾ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਰਜਿੰਦਰ ਕੌਰ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਅਰੋੜਾ ਕੱਟ ਲਾਈਟਾਂ ਤੋਂ ਧੂਰੀ ਰੇਲਵੇ ਲਾਈਨ ਫਾਟਕ ਵੱਲ ਜਾ ਰਹੀ ਸੀ ਤਾਂ ਦਾਣਾ ਮੰਡੀ ਪਾਸ ਸੜਕ ਦੇ ਖੱਬੇ ਪਾਸੇ ਦਾਣਾ ਮੰਡੀ ਵਿੱਚ ਇੱਕ ਲੜਕਾ ਖੜ੍ਹਾ ਸੀ ਜਿਸਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲੈਣ ’ਤੇ ਮਨਵੀਰ ਸਿੰਘ ਉਰਫ਼ ਮਾਨਾ ਵਾਸੀ ਗੁਰਪਾਲ ਨਗਰ ਪਾਸੋਂ 17 ਗ੍ਰਾਮ ਹੈਰੋਇਨ ਬਰਾਮਦ ਹੋਈ। -ਨਿੱਜੀ ਪੱਤਰ ਪ੍ਰੇਰਕ