ਲੁਧਿਆਣਾ ਦੀਆਂ ਖਿਡਾਰਨਾਂ ਨੇ ਬੇਸਬਾਲ ਚੈਂਪੀਅਨਸ਼ਿਪ ਜਿੱਤੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਗਸਤ
ਪੰਜਾਬ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ 10ਵੀਂ ਸਬ-ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਵਿੱਚ ਲੁਧਿਆਣਾ ਦੀਆਂ ਲੜਕੀਆਂ ਨੇ ਸੰਗਰੂਰ ਦੀ ਟੀਮ ਨੂੰ 9-2 ਅੰਕਾਂ ਦੇ ਫਰਕ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਹੈ। ਇਹ ਚੈਂਪੀਅਨਸ਼ਿਪ ਸਥਾਨਕ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ ਅੱਜ ਸਮਾਪਤ ਹੋ ਗਈ ਹੈ। ਅੱਜ ਲੜਕੀਆਂ ਦੀਆਂ ਟੀਮਾਂ ਦੇ ਹੋਏ ਪਹਿਲੇ ਸੈਮੀ ਫਾਈਨਲ ਮੈਚ ਵਿੱਚ ਸੰਗਰੂਰ ਨੇ ਮਾਲੇਰਕੋਟਲਾ ਨੂੰ 18-6 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਦੂਜੇ ਸੈਮੀ ਫਾਈਨਲ ’ਚ ਲੁਧਿਆਣਾ ਨੇ ਮੋਗਾ ਨੂੰ 10-2 ਅੰਕਾਂ ਦੇ ਫਰਕ ਨਾਲ ਹਰਾਇਆ। ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਸੰਗਰੂਰ ਦੀਆਂ ਲੜਕੀਆਂ ਦੀ ਟੀਮ ਨੂੰ 9-2 ਫਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੈਚ ’ਚ ਜਸਪ੍ਰੀਤ ਅਤੇ ਮਨਪ੍ਰੀਤ ਨੇ ਦੋ-ਦੋ ਅੰਕ ਬਣਾਏ। ਲੜਕਿਆਂ ਦੀਆਂ ਟੀਮਾਂ ਦੇ ਫਾਈਨਲ ਮੈਚ ਵਿੱਚ ਲੁਧਿਆਣਾ ਦੇ ਲੜਕਿਆਂ ਨੇ ਅੰਮ੍ਰਿਤਸਰ ਨੂੰ 9-1 ਦੇ ਵੱਡੇ ਫਰਕ ਨਾਲ ਹਰਾ ਕਿ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ। ਤੀਜਾ ਸਥਾਨ ਫਾਜ਼ਿਲਕਾ ਨੂੰ 15-2 ਨਾਲ ਪਛਾੜਦਿਆਂ ਪਟਿਆਲਾ ਨੇ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੌਕੇ ਸੁਖਦੇਵ ਸਿੰਘ ਔਲਖ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੀਰ ਸਿੰਘ ਗਿੱਲ,ਰਣਜੀਤ ਸਿੰਘ, ਨੀਰੂ ਅਤੇ ਹਰਜਿੰਦਰ ਕੌਰ ਆਦਿ ਹਾਜ਼ਰ ਸਨ।