ਲੁਧਿਆਣਾ: 22 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਮਈ
ਲੋਕ ਸਭਾ ਚੋਣਾਂ ਦੇ ਲਈ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਪੜਤਾਲ ਦੌਰਾਨ 22 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਦੀ ਅਦਾਲਤ ਵਿੱਚ ਹੋਈ ਪੜਤਾਲ ਦੌਰਾਨ ਲੁਧਿਆਣਾ ਸੰਸਦੀ ਹਲਕੇ ਲਈ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਵੀ ਮੌਜੂਦ ਸਨ। ਇਸ ਤੋਂ ਇਲਾਵਾ ਉਮੀਦਵਾਰਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਪੜਤਾਲ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੇ ਜਨਰਲ ਚੋਣ ਅਬਜ਼ਰਵਰ ਦੀ ਹਾਜ਼ਰੀ ਵਿੱਚ ਉਮੀਦਵਾਰਾਂ ਵੱਲੋਂ ਜਮ੍ਹਾਂ ਕਰਵਾਏ ਕਾਗਜ਼ਾਂ ਦੀ ਜਾਂਚ ਕੀਤੀ। ਹੁਣ 44 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 17 ਮਈ ਹੈ।
ਜ਼ਿਲ੍ਹੇ ’ਚ ਵੋਟਰਾਂ ਦੀ ਕੁੱਲ ਗਿਣਤੀ 26,94,622 ਤੱਕ ਪੁੱਜੀ
ਲੋਕ ਸਭਾ ਚੋਣਾਂ ਦੌਰਾਨ ਹਰੇਕ ਯੋਗ ਵੋਟਰ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ 22 ਜਨਵਰੀ ਤੋਂ 4 ਮਈ ਤੱਕ 37,126 ਨਵੇਂ ਵੋਟਰ ਸ਼ਾਮਲ ਹੋਏ ਹਨ। ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਅੰਤਿਮ ਵੋਟਰ ਸੂਚੀ ਅਨੁਸਾਰ ਹੁਣ ਲੁਧਿਆਣਾ ਜ਼ਿਲ੍ਹੇ ਵਿੱਚ 26,94,622 ਵੋਟਰ ਹਨ, ਜਦੋਂਕਿ 22 ਜਨਵਰੀ ਨੂੰ ਇਹ ਗਿਣਤੀ 26,57,496 ਸੀ। ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕੁੱਲ 37,126 ਵੋਟਰਾਂ ਦਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 22 ਜਨਵਰੀ ਨੂੰ ਜ਼ਿਲ੍ਹੇ ਵਿੱਚ ਕੁੱਲ 1417816 ਪੁਰਸ਼, 1239534 ਔਰਤਾਂ ਅਤੇ 146 ਟਰਾਂਸਜੈਂਡਰ ਸਨ ਅਤੇ ਹੁਣ (14 ਮਈ) ਤੱਕ ਇਸ ਵਿੱਚ 1435624 ਪੁਰਸ਼, 1258847 ਔਰਤਾਂ ਅਤੇ 151 ਟਰਾਂਸਜੈਂਡਰ ਹਨ। ਉਨ੍ਹਾਂ ਕਿਹਾ ਕਿ ਇਹ ਵਾਧਾ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਇੱਕ ਕਦਮ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਪਿੱਛੇ ਨਾ ਰਹੇ।