ਲੁਧਿਆਣਾ: ਪੰਜਾਬ ਦੇ ਸਾਬਕਾ ਮੰਤਰੀ ਤੇ ਪਰਿਵਾਰ ਦੇ ਮੈਂਬਰ ਘਰ ’ਚ ਬੇਹੋਸ਼ ਮਿਲੇ
ਲੁਧਿਆਣਾ, 18 ਸਤੰਬਰ
ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਮੰਤਰੀ ਰਹੇ ਜਗਦੀਸ਼ ਸਿੰਘ ਗਰਚਾ, ਉਨ੍ਹਾਂ ਦੀ ਪਤਨੀ, ਭੈਣ ਅਤੇ ਘਰੇਲੂ ਨੌਕਰ ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਨਗਰ ਸਥਿਤ ਆਪਣੇ ਘਰ ਵਿਚ ਬੇਹੋਸ਼ ਮਿਲੇ ਹਨ। ਇਸ ਨੂੰ ਲੁੱਟ-ਖੋਹ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਪੁਲੀਸ ਅਨੁਸਾਰ ਘਰ ਵਿੱਚ ਲੁੱਟ-ਖੋਹ ਕੀਤੀ ਗਈ ਅਤੇ ਕੁਝ ਕੀਮਤੀ ਸਾਮਾਨ ਵੀ ਗਾਇਬ ਸੀ। ਪੁਲੀਸ ਨੂੰ ਤਿੰਨ ਮਹੀਨੇ ਪਹਿਲਾਂ ਨੌਕਰੀ 'ਤੇ ਰੱਖੇ ਘਰੇਲੂ ਨੌਕਰ ਦੀ ਭੂਮਿਕਾ 'ਤੇ ਸ਼ੱਕ ਹੈ, ਕਿਉਂਕਿ ਉਹ ਘਟਨਾ ਤੋਂ ਬਾਅਦ ਤੋਂ ਲਾਪਤਾ ਹੈ। ਦੋਸ਼ ਹੈ ਕਿ ਉਸ ਨੇ ਐਤਵਾਰ ਰਾਤ ਨੂੰ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਖਾ ਲਿਆ ਅਤੇ ਉਹ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਿਆ। ਗਰਚਾ, ਉਸ ਦੀ ਪਤਨੀ, ਭੈਣ ਅਤੇ ਘਰੇਲੂ ਨੌਕਰ ਸੋਮਵਾਰ ਸਵੇਰੇ ਆਪਣੇ ਘਰ ਵਿੱਚ ਬੇਹੋਸ਼ ਮਿਲੇ। ਪਰਿਵਾਰ ਦੇ ਦੋਸਤ ਨੇ ਦੱਸਿਆ ਕਿ ਜਦੋਂ ਸਵੇਰੇ ਘਰ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਪਰਿਵਾਰ ਵੱਲੋਂ ਕਿਸੇ ਨੇ ਜਵਾਬ ਨਹੀਂ ਦਿੱਤਾ, ਜਿਸ ਕਾਰਨ ਸ਼ੱਕ ਪੈਦਾ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲੀਸ ਨੇ ਪਰਿਵਾਰਕ ਮੈਂਬਰਾਂ ਨੂੰ ਬੇਹੋਸ਼ ਪਾਇਆ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ।