For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ: ਨਿਗਮ ਟੀਮਾਂ ਨੇ ਨਾਜਾਇਜ਼ ਉਸਾਰੀਆਂ ਢਾਹੀਆਂ

11:21 AM Mar 23, 2024 IST
ਲੁਧਿਆਣਾ  ਨਿਗਮ ਟੀਮਾਂ ਨੇ ਨਾਜਾਇਜ਼ ਉਸਾਰੀਆਂ ਢਾਹੀਆਂ
ਲੁਧਿਆਣਾ ਵਿੱਚ ਨਾਜਾਇਜ਼ ਉਸਾਰੀਆਂ ਢਾਹੁੰਦੇ ਹੋਏ ਨਿਗਮ ਮੁਲਾਜ਼ਮ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਮਾਰਚ
ਨਗਰ ਨਿਗਮ ਲੁਧਿਆਣਾ ਦੀਆਂ ਟੀਮਾਂ ਨੇ ਅੱਜ ਸਨਅਤੀ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਹਿ-ਢੇਰੀ ਕੀਤਾ। ਬਿਲਡਿੰਗ ਬਰਾਂਚ ਦੀਆਂ ਟੀਮਾਂ ਨੇ ਅੱਜ 11 ਨਾਜਾਇਜ਼ ਇਮਾਰਤਾਂ ਨੂੰ ਢਾਹਿਆ ਅਤੇ 5 ਵਪਾਰਕ ਇਮਾਰਤਾਂ ਨੂੰ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਨ ’ਤੇ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਟੀਮਾਂ ਨੇ ਤਾਜਪੁਰ ਰੋਡ ’ਤੇ ਨਿਗਮ ਦੀ ਮੁੱਖ ਡੰਪ ਸਾਈਟ ਦੇ ਨੇੜੇ ਉਸਾਰੀ ਅਧੀਨ ਦੋ ਨਾਜਾਇਜ਼ ਕਲੋਨੀਆਂ ਨੂੰ ਵੀ ਢਾਹ ਦਿੱਤਾ। ਜਾਣਕਾਰੀ ਅਨੁਸਾਰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਜ਼ੋਨ ਬੀ, ਸੀ ਅਤੇ ਡੀ ਦੀਆਂ ਨਗਰ ਨਿਗਮ ਟੀਮਾਂ ਨੇ ਨਾਜਾਇਜ਼ ਉਸਾਰੀਆਂ ਵਿਰੁੱਧ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਨਗਰ ਨਿਗਮ ਜ਼ੋਨ ਡੀ ਦੀ ਟੀਮ ਨੇ ਸੂਆ ਰੋਡ (ਬਲਾਕ-18), ਮਲਹਾਰ ਰੋਡ, ਮਾਡਲ ਟਾਊਨ ਐਕਸਟੈਂਸ਼ਨ ਵਿੱਚ ਕ੍ਰਿਸ਼ਨਾ ਮੰਦਿਰ ਦੇ ਸਾਹਮਣੇ ਅਤੇ ਮਾਡਲ ਟਾਊਨ ਵਿੱਚ ਗੋਲ ਮਾਰਕੀਟ ਦੇ ਕੋਲ ਸਥਿਤ ਚਾਰ ਨਾਜਾਇਜ਼ ਵਪਾਰਕ ਇਮਾਰਤਾਂ ਨੂੰ ਸੀਲ ਕਰ ਦਿੱਤਾ। ਇਸ ਤੋਂ ਇਲਾਵਾ ਟੀਮ ਨੇ ਪੱਖੋਵਾਲ ਰੋਡ ’ਤੇ ਕੰਚਨ ਕਲੋਨੀ ਦੇ ਰਿਹਾਇਸ਼ੀ ਇਲਾਕੇ ’ਚ ਉਸਾਰੀ ਜਾ ਰਹੀ ਨਾਜਾਇਜ਼ ਕਮਰਸ਼ੀਅਲ ਇਮਾਰਤ ਨੂੰ ਵੀ ਢਾਹ ਦਿੱਤਾ। ਜ਼ੋਨ ਬੀ ਟੀਮ ਵੱਲੋਂ ਚਲਾਈ ਗਈ ਮੁਹਿੰਮ ਬਾਰੇ ਬੋਲਦਿਆਂ ਸਹਾਇਕ ਟਾਊਨ ਪਲਾਨਰ (ਏ.ਟੀ.ਪੀ.-ਜ਼ੋਨ ਬੀ) ਹਰਵਿੰਦਰ ਸਿੰਘ ਹਨੀ ਨੇ ਦੱਸਿਆ ਕਿ ਟੀਮਾਂ ਨੇ ਨਗਰ ਨਿਗਮ ਦੀ ਡੰਪ ਸਾਈਟ ਨੇੜੇ ਨਾਜਾਇਜ਼ ਤੌਰ ’ਤੇ ਬਣਾਈਆਂ ਜਾ ਰਹੀਆਂ ਦੋ ਨਾਜਾਇਜ਼ ਕਲੋਨੀਆਂ ਨੂੰ ਢਾਹ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 10 ਹੋਰ ਉਸਾਰੀ ਅਧੀਨ ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹਿਆ ਗਿਆ, ਜਿਸ ਵਿੱਚ ਨਗਰ ਨਿਗਮ ਮੇਨ ਡੰਪ ਸਾਈਟ ਨੇੜੇ ਤਿੰਨ ਨਾਜਾਇਜ਼ ਦੁਕਾਨਾਂ ਅਤੇ ਚਾਰ ਨਾਜਾਇਜ਼ ਰਿਹਾਇਸ਼ੀ ਇਮਾਰਤਾਂ, ਸ਼ੰਕਰ ਕਲੋਨੀ ਵਿੱਚ ਇੱਕ ਫੈਕਟਰੀ ਅਤੇ ਮੋਤੀ ਨਗਰ ਜਮਾਲਪੁਰ ਵਿੱਚ ਦੋ ਨਾਜਾਇਜ਼ ਦੁਕਾਨਾਂ ਸ਼ਾਮਲ ਹਨ। ਇਸੇ ਤਰ੍ਹਾਂ ਨਗਰ ਨਿਗਮ ਜ਼ੋਨ ਸੀ ਦੀ ਟੀਮ ਨੇ ਸ਼ਿਮਲਾਪੁਰੀ (ਨੇੜੇ ਜੈਨ ਦਾ ਠੇਕਾ) ਵਿੱਚ ਇੱਕ ਨਾਜਾਇਜ਼ ’ਧਰਮ ਕੰਡੇ ਨੂੰ ਸੀਲ ਕੀਤਾ। ਇਸ ਸਬੰਧੀ ਗੱਲ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਕਰਨ ਦੀ ਸ਼ਿਕਾਇਤ ਮਿਲੀ ਸੀ। ਇੱਕ ਵਸਨੀਕ ਨੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਇਸ ‘ਗੈਰ-ਕਾਨੂੰਨੀ ਉਸਾਰੀ ਵਿਰੁੱਧ ਸ਼ਿਕਾਇਤ ਵੀ ਦਰਜ ਕਰਵਾਈ ਸੀ, ਜਿਸ ’ਤੇ ਟੀਮ ਵੱਲੋਂ ਕਾਰਵਾਈ ਕੀਤੀ ਗਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×