ਧੂੰਏ ਦੇ ਗੁਬਾਰ ਹੇਠ ਲੁਕਿਆ ਲੁਧਿਆਣਾ ਸ਼ਹਿਰ
ਗਗਨਦੀਪ ਅਰੋੜਾ/ਸਤਵਿੰਦਰ ਬਸਰਾ
ਲੁਧਿਆਣਾ, 13 ਨਵੰਬਰ
ਸਨਅਤੀ ਸ਼ਹਿਰ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਧੁੰਏ ਦੀ ਚਾਦਰ ਵਿਛੀ ਹੋਣ ਕਾਰਨ ਅਸਮਾਨ ਲੁਕਿਆ ਜਿਹਾ ਰਿਹਾ ਹੈ ਜਿਸ ਕਾਰਨ ਸ਼ਾਮ ਹੁੰਦੇ ਹੀ ਦਿਸਣਯੋਗਤਾ ਘੱਟ ਕੇ ਅੱਧੀ ਰਹਿ ਜਾਂਦੀ ਹੈ ਤੇ ਸ਼ਹਿਰ ਵਾਸੀ ਨੂੰ ਦਿੱਕਤਾਂ ਦਾ ਸਾਮਹਣਾ ਕਰਨਾ ਪੈਂਦਾ ਹੈ। ਧੁੰਦ ਵਾਂਗ ਦਿਖਣ ਵਾਲੇ ਇਸ ਧੂੰਏ ਕਾਰਨ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ। ਉਧਰ, ਇਸ ਧੁੰਏ ਤੇ ਪ੍ਰਦੂਸ਼ਣ ਦਾ ਅਸਰ ਹੁਣ ਲੋਕਾਂ ਦੀ ਸਿਹਤ ’ਤੇ ਵੀ ਪੈਣ ਲੱਗ ਪਿਆ ਹੈ। ਇਸ ਵਾਤਾਵਰਨ ਕਰਕੇ ਲੋਕਾਂ ਨੂੰ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਦਿੱਕਤ ਵਰਗੀਆਂ ਪ੍ਰੇਸ਼ਾਨੀਆਂ ਆਉਣ ਲੱਗ ਪਈਆਂ ਹਨ। ਇਸ ਧੂੰਏ ਕਾਰਨ ਵਾਹਨ ਚਾਲਕਾਂ, ਸਕੂਲਾਂ ਵਿੱਚ ਜਾਣ ਵਾਲੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਦੇ ਨਾਲ ਨਾਲ ਸ਼ਹਿਰ ਅਤੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਪ੍ਰਦੂਸ਼ਣ ਵੱਧਣਾ ਸ਼ੁਰੂ ਹੋ ਗਿਆ ਹੈ। ਪਰਾਲੀ ਸਾੜਨ ਕਾਰਨ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਦੀ ਜਾ ਰਹੀ ਹੈ। ਬੀਤੀ ਰਾਤ ਤਾਂ ਸ਼ਹਿਰ ਵਿੱਚ ਦਿਸਣਯੋਗਤਾ ਘੱਟ ਕੇ ਸਿਰਫ਼ 50 ਮੀਟਰ ਹੀ ਰਹਿ ਗਈ ਸੀ। ਕਈ ਵਾਹਨ ਚਾਲਕ ਤਾਂ ਦਿਨ ਸਮੇਂ ਵੀ ਆਪਣੈ ਵਾਹਨਾਂ ਦੀ ਬੱਤੀਆਂ ਜਗਾ ਕੇ ਆਪੋ ਆਪਣੈ ਸਫਰ ਵੱਲ ਵਧਦੇ ਦੇਖੇ ਜਾ ਸਕਦੇ ਹਨ। ਬੁੱਧਵਾਰ ਵੀ ਲੁਧਿਆਣਾ ਵਿੱਚ ਸਾਰਾ ਦਿਨ ਧੁੰਦ ਨੁਮਾ ਧੂੰਏ ਦੀ ਸੰਘਣੀ ਪਰਤ ਬਣੀ ਰਹੀ। ਇਸ ਨਾਲ ਸਾਰਾ ਦਿਨ ਸੂਰਜ ਧੁੰਦਲਾ ਜਿਹਾ ਦਿਖਾਈ ਦਿੱਤਾ ਅਤੇ ਠੰਢ ਵਿੱਚ ਵੀ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਰਾਤ ਨੂੰ ਹਵਾ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਏਕਿਊਆਈ 320 ਤੱਕ ਪੁੱਜ ਗਿਆ। ਰਾਤ 10 ਵਜੇ ਤੋਂ ਬਾਅਦ ਤਾਂ ਸ਼ਹਿਰ ਵਿੱਚ ਲੋਕਾਂ ਨੂੰ ਸੜਕਾਂ ਹੀ ਨਜ਼ਰ ਨਹੀਂ ਆ ਰਹੀਆਂ ਸਨ। ਸੜਕ 20 ਫੁੱਟ ਦੂਰ ਤੱਕ ਕੁੱਝ ਨਜ਼ਰ ਨਹੀਂ ਆ ਰਿਹਾ ਸੀ। ਪੀਏਯੂ ਦੇ ਮੌਸਮ ਵਿਭਾਗ ਦੀ ਸੀਨੀਅਰ ਅਧਿਕਾਰੀ ਪਵਨੀਤ ਕੌਰ ਕਿੰਗਰਾ ਦਾ ਕਹਿਣਾ ਹੈ ਕਿ ਅਕਤੂਬਰ ਮਹੀਨੇ ਵਿੱਚ ਔਸਤਨ ਮੀਂਹ 10.4 ਐੱਮਐੱਮ ਦਰਜ ਕੀਤਾ ਜਾਂਦਾ ਹੈ ਪਰ ਇਸ ਵਾਰ ਅਕਤੂਬਰ ਮਹੀਨੇ ਵੀ ਸਿਰਫ 0.4 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਨਵੰਬਰ ਮਹੀਨੇ ਔਸਤਨ ਮੀਂਹ 6.8 ਦਰਜ ਹੁੰਦਾ ਹੈ ਪਰ ਹੁਣ ਤੱਕ ਨਵੰਬਰ ਮਹੀਨਾ ਵੀ ਪੂਰੀ ਤਰ੍ਹਾਂ ਸੁੱਕਾ ਰਿਹਾ ਹੈ।
15 ਨਵੰਬਰ ਤੱਕ ਬਣੀ ਰਹੇਗੀ ਇਹੀ ਸਥਿਤੀ: ਮੌਸਮ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪਵਨੀਤ ਕਿੰਗਰਾ ਨੇ ਇਸ ਬਾਰੇ ਪੁੱਛੇ ਜਾਣ ’ਤੇ ਦੱਸਿਆ ਕਿ 15 ਨਵੰਬਰ ਤੱਕ ਧੂੰਏ ਦੀ ਸਥਿਤੀ ਇਸੇ ਤਰ੍ਹਾਂ ਬਣੀ ਰਹੇਗੀ। ਹਾਲੇ ਲੁਧਿਆਣਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਔਸਤ ਨਾਲੋਂ ਵੀ ਘੱਟ ਮੀਂਹ ਪਿਆ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰਾਂ ਤੋਂ ਬਾਹਰ ਨਿਕਲਣ। ਲੋਕ ਸਵੇਰੇ ਪਾਰਕ ਵਿੱਚ ਧੁੰਆਂ ਘੱਟ ਹੋਣ ਤੋਂ ਬਾਅਦ ਹੀ ਸੈਰ ਕਰਨ ਲਈ ਜਾਣ। ਜੇ ਕਿਸੇ ਨੂੰ ਘਰ ਤੋਂ ਬਾਹਰ ਜਾਣਾ ਵੀ ਪਵੇ ਤਾਂ ਇਸ ਮੌਸਮ ਵਿੱਚ ਮਾਸਕ ਜ਼ਰੂਰ ਪਾ ਕੇ ਜਾਣ।