ਲੁਧਿਆਣਾ: ਸਿਹਤ ਵਿਭਾਗ ਦੀ ਟੀਮ ਵੱਲੋਂ 600 ਕਿਲੋ ਖੋਆ ਜ਼ਬਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਕਤੂਬਰ
ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਇੱਕ ਥਾਂ ਛਾਪੇ ਮਾਰ ਕੇ 600 ਕਿਲੋ ਦੇ ਕਰੀਬ ਮਿਲਾਵਟੀ ਖੋਆ ਬਰਾਮਦ ਕੀਤਾ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਜੀਤ ਕੌਰ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਿਮਲਾਪੁਰੀ ਵਿੱਚ ਰੰਜੀਤ ਨਗਰ ’ਚ ਇਹ ਛਾਪਾ ਮਾਰਿਆ ਸੀ। ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਇਸ ਖੋਏ ਦਾ ਇੱਕ ਸੈਂਪਲ ਫੂਡ ਸੇਫਟੀ ਐਕਟ ਤਹਿਤ ਲਿਆ ਗਿਆ ਹੈ ਅਤ ਖੋਆ ਸੀਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਾਈਟ ’ਤੇ ਸੁਧਾਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਇਹ ਖੋਆ ਬੀਕਾਨੇਰ, ਰਾਜਸਥਾਨ ਤੋਂ ਕੱਲ੍ਹ ਲੁਧਿਆਣਾ ਪਹੁੰਚਿਆ ਸੀ ਤੇ ਵਪਾਰੀ ਵੱਲੋਂ 240 ਰੁਪਏ ਕਿਲੋ ਖਰੀਦਿਆ ਗਿਆ ਸੀ। ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਨੇ ਕਿਹਾ ਕਿ ਸੈਂਪਲਾਂ ਦੀ ਲੈਬ ਟੈਸਟ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਮੁਹਿੰਮ ਚਲਾ ਰਿਹਾ ਹੈ ਤਾਂ ਜੋ ਤਿਉਹਾਰਾਂ ਦੇ ਮੌਸਮ ਵਿੱਚ ਮਿਲਾਵਟੀ ਭੋਜਨ ਦੀ ਵਿਕਰੀ ਰੋਕੀ ਜਾ ਸਕੇ। ਇਹ ਛਾਪੇ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਸੁਰੱਖਿਅਤ ਅਤੇ ਸ਼ੁੱਧ ਭੋਜਨ ਉਤਪਾਦ ਯਕੀਨੀ ਬਣਾਉਣ ਲਈ ਕੀਤੀ ਗਈ ਮੁਹਿੰਮ ਦਾ ਹਿੱਸਾ ਸੀ। ਇਸ ਤੋਂ ਇਲਾਵਾ ਫੂਡ ਟੀਮ ਵੱਲੋਂ ਸ਼ਿਮਲਾਪੁਰੀ ਚਿਮਨੀ ਰੋਡ ’ਤੇ ਖੋਆ ਅਤੇ ਚਮਚਮ ਦਾ 1-1 ਸੈਂਪਲ ਲਿਆ ਗਿਆ ਹੈ। ਇਸ ਮੌਕੇ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ, ਦਿਵਿਆ ਜੋਤ ਕੌਰ ਅਤੇ ਹਰਸਿਮਰਨ ਕੌਰ ਹਾਜ਼ਰ ਸਨ।
ਡੀਸੀ ਵੱਲੋਂ ਮਿਲਾਵਟਖੋਰੀ ਵਿਰੁੱਧ ਮੁਹਿੰਮ ਤੇਜ਼ ਕਰਨ ਦੇ ਹੁਕਮ
ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਰੋਕਣ ਅਤੇ ਲੋਕਾਂ ਲਈ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਵਿੱਚ ਵਿਕਰੀ ਲਈ ਲਿਆਂਦੇ ਜਾ ਰਹੇ ਦੁੱਧ ਅਤੇ ਹੋਰ ਖਾਣ ਵਾਲੇ ਪਦਾਰਥਾਂ ਦੀ ਗੁਣਵੱਤਾ ਦੀ ਬਾਰੀਕੀ ਨਾਲ ਨਿਗਰਾਨੀ ਕਰਨ। ਮੁਹਿੰਮ ਦਾ ਫੋਕਸ ਮਠਿਆਈਆਂ, ਦੁੱਧ, ਪਨੀਰ, ਖੋਆ, ਬੇਕਰੀ ਆਦਿ ਉਤਪਾਦਾਂ ਅਤੇ ਹੋਰ ਕਿਸਮਾਂ ਦੀ ਗੁਣਵੱਤਾ ’ਤੇ ਹੈ, ਜੋ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਡੀ ਮਾਤਰਾ ਵਿੱਚ ਵੇਚੇ ਜਾਂਦੇ ਹਨ। ਡੀਸੀ ਜਤਿੰਦਰ ਜੋਰਵਾਲ ਨੇ ਵਿਸ਼ੇਸ਼ ਤੌਰ ’ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ ਵਿੱਚ ਲਿਆਂਦੇ ਜਾਂ ਬਾਹਰ ਭੇਜੇ ਜਾਣ ਵਾਲੇ ਮਾਵਾ ਅਤੇ ਪਨੀਰ ਆਦਿ ਵਰਗੇ ਸਮਾਨ ਦੀ ਗੁਣਵੱਤਾ ’ਤੇ ਚੌਕਸੀ ਰੱਖਣ ’ਤੇ ਜ਼ੋਰ ਦਿੱਤਾ।