ਲਖਨਊ: ਚਾਰ ਭੈਣਾਂ ਤੇ ਮਾਂ ਦਾ ਕਾਤਲ ਗ੍ਰਿਫ਼ਤਾਰ
ਲਖਨਊ, 1 ਜਨਵਰੀ
ਲਖਨਊ ਵਿੱਚ ਅੱਜ ਸਵੇਰੇ ਹੋਟਲ ’ਚ 24 ਸਾਲਾ ਨੌਜਵਾਨ ਨੇ ਆਪਣੀਆਂ ਚਾਰ ਭੈਣਾਂ ਤੇ ਮਾਂ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੇ ਆਪਣੀਆਂ ਭੈਣਾਂ ਤੇ ਮਾਂ ਦੇ ਬਾਹਾਂ ਦੀਆਂ ਨਾੜਾਂ ਤੇ ਗਲਾ ਕੱਟਣ ਦੀ ਗੱਲ ਕਬੂਲੀ ਹੈ। ਡੀਸੀਪੀ (ਸੈਂਟਰਲ ਲਖਨਊ) ਰਵੀਨਾ ਤਿਆਗੀ ਨੇ ਕਿਹਾ ਕਿ ਘਟਨਾ ਨਾਕਾ ਖੇਤਰ ਵਿੱਚ ਸਥਿਤ ਹੋਟਲ ਸ਼ਰਨਜੀਤ ’ਚ ਵਾਪਰੀ। ਮੁਲਜ਼ਮ ਦੀ ਪਛਾਣ ਮੁਹੰਮਦ ਅਰਸ਼ਦ (24) ਦੇ ਰੂਪ ਵਿੱਚ ਹੋਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲੀਸ ਨੇ ਉਸ ਨੂੰ ਘਟਨਾ ਸਥਾਨ ਤੋਂ ਹੀ ਕਾਬੂ ਕਰ ਲਿਆ।
ਪੁਲੀਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਮੁਲਜ਼ਮ ਦੀਆਂ ਭੈਣਾਂ ਆਲੀਆ (9), ਅਲਸ਼ੀਆ (19), ਅਕਸਾ (16) ਤੇ ਰਹਿਮੀਨ (18) ਤੇ ਮਾਂ ਅਸਮਾ ਵਜੋਂ ਹੋਈ ਹੈ। ਅਰਸ਼ਦ ਆਗਰਾ ਦਾ ਰਹਿਣ ਵਾਲਾ ਹੈ ਅਤੇ ਸ਼ੁਰੂਆਤੀ ਪੁੱਛ ਪੜਤਾਲ ਤੋਂ ਪਤਾ ਲੱਗਾ ਹੈ ਕਿ ਉਸ ਨੇ ਘਰੇਲੂ ਵਿਵਾਦਾਂ ਕਾਰਨ ਵਾਰਦਾਤ ਕੀਤੀ। ਪੁਲੀਸ ਵੱਲੋਂ ਹੋਟਲ ਦੇ ਕਰਮਚਾਰੀਆਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਪੁੱਜੇ ਸੰਯੁਕਤ ਪੁਲੀਸ ਕਮਿਸ਼ਨਰ (ਅਪਰਾਧ ਤੇ ਹੈੱਡਕੁਆਰਟਰ) ਬਬਲੂ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਫੋਰੈਂਸਿਕ ਟੀਮ ਸਬੂਤ ਇਕੱਠੇ ਕਰਨ ਲਈ ਚੌਕਸੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਹੋਟਲ ਦੇ ਕਰਮਚਾਰੀਆਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।’’ ਕੁਮਾਰ ਨੇ ਕਿਹਾ, ‘‘ਬਰਾਮਦ ਕੀਤੀਆਂ ਲਾਸ਼ਾਂ ਵਿੱਚ ਕਿਸੇ ਦੇ ਗੁੱਟ ’ਤੇ ਸੱਟ ਹੈ ਤਾਂ ਕਿਸੇ ਦੇ ਗਲੇ ’ਤੇ ਸੱਟ ਹੈ। ਸੱਟਾਂ ਦੇ ਇਨ੍ਹਾਂ ਨਿਸ਼ਾਨਾਂ, ਗਵਾਹਾਂ ਦੇ ਬਿਆਨਾਂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅਸੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਂਗੇ।’ ’-ਪੀਟੀਆਈ
ਮੁਲਜ਼ਮ ਨੇ ਮੁਹੱਲਾ ਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ
ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ, ਜਿਸ ਵਿੱਚ ਅਰਸ਼ਦ ਇਹ ਕਬੂਲ ਕਰ ਰਿਹਾ ਹੈ ਕਿ ਉਸ ਨੇ ਆਪਣੀਆਂ ਭੈਣਾਂ ਤੇ ਮਾਂ ਦਾ ਕਤਲ ਕੀਤਾ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਇਹ ਕਦਮ ਸਥਾਨਕ ਲੋਕਾਂ ਵੱਲੋਂ ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਕਰਕੇ ਚੁੱਕਿਆ ਹੈ। ਅਰਸ਼ਦ ਨੇ ਦੋਸ਼ ਲਗਾਇਆ ਕਿ ਮੁਹੱਲੇ ਦੇ ਲੋਕਾਂ ਨੇ ਉਨ੍ਹਾਂ ਦਾ ਘਰ ਹਥਿਆਉਣ ਲਈ ਉਸ ਦੇ ਪਰਿਵਾਰ ’ਤੇ ਅਜਿਹੇ ਜ਼ੁਲਮ ਕੀਤੇ ਜਿਸ ਬਾਰੇ ਸੋਚਿਆ ਨਹੀਂ ਜਾ ਸਕਦਾ। ਇਸ ਵਿਰੁੱਧ ਆਵਾਜ਼ ਉਠਾਉਣ ਦੇ ਬਾਵਜੂਦ ਕਿਸੇ ਨੇ ਕਦੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਸ ਨੇ ਕਿਹਾ, ਸਾਡੇ ਕੋਲ ਸੰਪਤੀ ਦੇ ਸਾਰੇ ਕਾਨੂੰਨ ਦਸਤਾਵੇਜ਼ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਾਡਾ ਘਰ ਖੋਹ ਲਿਆ। ਅਸੀਂ ਇਸ ਨੂੰ ਮੰਦਰ ਲਈ ਦੇਣਾ ਚਾਹੁੰਦੇ ਸੀ ਤੇ ਆਪਣਾ ਧਰਮ ਬਦਲਣਾ ਚਾਹੁੰਦੇ ਸੀ।’’ ਅਰਸ਼ਦ ਨੇ ਪੁਲੀਸ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਪੀਲ ਕੀਤੀ ਕਿ ਅਜਿਹੇ ਮੁਸਲਮਾਨਾਂ ਨੂੰ ਬਖ਼ਸ਼ਿਆ ਨਾ ਜਾਵੇ। ਉਸ ਨੇ ਵੀਡੀਓ ਵਿੱਚ ਜ਼ੁਲਮ ਢਾਹੁਣ ਵਾਲੇ ਕਈ ਲੋਕਾਂ ਦੇ ਨਾਮ ਵੀ ਲਏ ਹਨ।