Lucknow horror: ਪਿਓ ਨਾਲ ਮਿਲ ਕੇ ਕੀਤਾ ਮਾਂ ਤੇ ਚਾਰ ਭੈਣਾਂ ਦਾ ਕਤਲ
ਲਖਨਊ, 1 ਜਨਵਰੀ
ਨਵੇਂ ਸਾਲ ਦੀ ਇੱਕ ਭਿਆਨਕ ਸ਼ੁਰੂਆਤ ਦੌਰਾਨ ਯੂਪੀ ਦੀ ਰਾਜਧਾਨੀ ਲਖਨਊ ਪੁਲੀਸ ਨੇ ਬੁੱਧਵਾਰ ਨੂੰ ਇੱਕ 24 ਸਾਲਾ ਵਿਅਕਤੀ ਅਰਸ਼ਦ ਨੂੰ ਸ਼ਹਿਰ ਦੇ ਇੱਕ ਹੋਟਲ ਵਿੱਚ ਆਪਣੀ ਮਾਂ ਅਤੇ ਚਾਰ ਭੈਣਾਂ ਦੇ ਗਲ਼ ਵੱਢ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਸ ਵੱਲੋਂ ਕਥਿਤ ਤੌਰ 'ਤੇ ਆਪਣੇ ਪਿਤਾ ਦੀ ਮਦਦ ਨਾਲ ਕੀਤੇ ਗਏ ਇਨ੍ਹਾਂ ਕਤਲਾਂ ਨੇ ਪੂਰੇ ਖੇਤਰ ਵਿੱਚ ਸਹਿਮ ਦੀ ਲਹਿਰ ਫੈਲਾ ਦਿੱਤੀ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲੀਸ (Deputy Commissioner of Police - DCP) ਸੈਂਟਰਲ ਰਵੀਨਾ ਤਿਆਗੀ (Raveena Tyagi) ਨੇ ਇਹ ਜਾਣਕਾਰੀ ਦਿੰਦਿਆਂ ਕਿਹਾ, "ਸਾਨੂੰ ਥਾਣਾ ਨਾਕਾ ਖੇਤਰ ਤੋਂ ਸੂਚਨਾ ਮਿਲੀ ਸੀ ਕਿ ਹੋਟਲ ਸ਼ਰਨਜੀਤ (Hotel Sharanjeet) ਦੇ ਇੱਕ ਕਮਰੇ ਵਿੱਚੋਂ ਪੰਜ ਲਾਸ਼ਾਂ ਮਿਲੀਆਂ ਹਨ। ਮੁਲਜ਼ਮ ਅਰਸ਼ਦ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਨੇ ਆਪਣੀ ਮਾਂ ਅਤੇ ਚਾਰ ਭੈਣਾਂ ਦੀ ਹੱਤਿਆ ਕਰਨ ਦਾ ਜੁਰਮ ਕਬੂਲਿਆ ਹੈ। ਇਨ੍ਹਾਂ ਵਿਚੋਂ ਕੁਝ ਦੀ ਜਾਨ ਗਲ਼ਾ ਵੱਢ ਕੇ ਅਤੇ ਕੁਝ ਦੀਆਂ ਵੀਣੀਆਂ ਦੀਆਂ ਨਸਾਂ ਵੱਢ ਕੇ ਲਈ ਗਈ।"
ਮੁਲਜ਼ਮ ਨੇ ਦੱਸਿਆ ਕਿ ਉਸਨੇ ਪਹਿਲਾਂ ਆਪਣੀ ਮਾਂ ਨੂੰ ਮਾਰਿਆ ਅਤੇ ਫਿਰ ਆਪਣੀਆਂ ਭੈਣਾਂ ਦੀ ਜਾਨ ਲਈ, ਜਦੋਂ ਉਹ ਹੋਟਲ ਦੇ ਕਮਰੇ ਵਿੱਚ ਸੁੱਤੀਆਂ ਹੋਈਆਂ ਸਨ। ਇੱਕ ਵੀਡੀਓ ਕਲਿੱਪ ਵਿੱਚ ਅਰਸ਼ਦ ਨੂੰ ਅਪਰਾਧ ਦਾ ਵਰਣਨ ਕਰਦੇ ਹੋਏ ਅਤੇ ਇਹ ਖੁਲਾਸਾ ਕਰਦੇ ਹੋਏ ਦਿਖਾਇਆ ਗਿਆ ਹੈ ਕਿ ਉਸ ਨੇ ਇਹ ਕਾਰਾ ਪਰਿਵਾਰਕ ਝਗੜਿਆਂ ਕਾਰਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਨਿਰਾਸ਼ਾ ਦੇ ਸਿੱਟੇ ਵਜੋਂ ਕੀਤਾ ਹੈ। -ਆਈਏਐਨਐਸ