Lucknow court summons Rahul Gandhi ਸਾਵਰਕਰ ਖ਼ਿਲਾਫ਼ ਟਿੱਪਣੀ: ਲਖਨਊ ਦੀ ਅਦਾਤਲ ਵੱਲੋਂ ਰਾਹੁਲ ਗਾਂਧੀ ਨੂੰ ਸੰਮਨ ਜਾਰੀ
ਲਖਨਊ, 13 ਦਸੰਬਰ
ਲਖਨਊ ਦੀ ਇਕ ਸਥਾਨਕ ਅਦਾਲਤ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਆਜ਼ਾਦੀ ਘੁਲਾਟੀਏ ਦਾਮੋਦਰ ਸਾਵਰਕਰ ਦਾ ਕਥਿਤ ਤੌਰ ’ਤੇ ਅਪਮਾਨ ਕਰਨ ਦੇ ਮਾਮਲੇ ਵਿੱਚ 10 ਜਨਵਰੀ 2025 ਨੂੰ ਹਾਜ਼ਰ ਹੋਣ ਲਈ ਸੰਮਨ ਜਾਰੀ ਕੀਤਾ ਹੈ।
ਕਾਂਗਰਸ ਦੇ ਸੰਸਦ ਮੈਂਬਰ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਦਾਮੋਦਰ ਸਾਵਰਕਰ ਬਾਰੇ ਸ਼ਰਾਰਤੀ ਬਿਆਨ ਦੇ ਕੇ ਲੋਕਾਂ ਵਿਚਾਲੇ ਦੁਸ਼ਮਣੀ ਨੂੰ ਬੜ੍ਹਾਵਾ ਦੇਣ ਅਤੇ ਸਦਭਾਵਨਾ ਵਿਗਾੜਨ ਦਾ ਕੰਮ ਕੀਤਾ ਹੈ ਅਤੇ ਇਸ ਵਾਸਤੇ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਜਾਵੇਗਾ। ਵਧੀਕ ਮੁੱਖ ਨਿਆਂਇਕ ਮੈਜਿਸਟਰੇਟ (ਏਸੀਜੇਐੱਮ) ਆਲੋਕ ਵਰਮਾ ਨੇ ਸਥਾਨਕ ਵਕੀਲ ਨ੍ਰਿਪੇਂਦਰ ਪਾਂਡੇ ਵੱਲੋਂ ਦਾਇਰ ਅਪਰਾਧਿਕ ਸ਼ਿਕਾਇਤ ’ਤੇ ਇਹ ਆਦੇਸ਼ ਜਾਰੀ ਕੀਤਾ ਹੈ।
ਏਸੀਜੇਐੱਮ ਆਲੋਕ ਵਰਮਾ ਦੀ ਅਦਾਲਤ ਨੇ ਵੀਰਵਾਰ ਨੂੰ ਆਦੇਸ਼ ਜਾਰੀ ਕਰਦੇ ਹੋਏ ਰਾਹੁਲ ਗਾਂਧੀ ਨੂੰ ਬਤੌਰ ਮੁਲਜ਼ਮ ਤਲਬ ਕਰਦੇ ਹੋਏ 10 ਜਨਵਰੀ 2025 ਨੂੰ ਪੇਸ਼ ਹੋਣ ਦਾ ਆਦੇਸ਼ ਜਾਰੀ ਕੀਤਾ ਹੈ।
ਪਾਂਡੇ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਰਾਹੁਲ ਗਾਂਧੀ 17 ਦਸੰਬਰ 2022 ਨੂੰ ਆਪਣੀ ‘ਭਾਰਤ ਜੋੜੋ ਯਾਤਰਾ’ ਦੌਰਾਨ ਮਹਾਰਾਸ਼ਟਰ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਮਾਜ ਵਿੱਚ ਅਸ਼ਾਂਤੀ ਤੇ ਨਫ਼ਰਤ ਫੈਲਾਉਣ ਦੇ ਇਰਾਦੇ ਨਾਲ ਰਾਸ਼ਟਰਵਾਦੀ ਵਿਚਾਰਧਾਰਾ ਦੇ ਮਹਾਨਾਇਕ ਆਜ਼ਾਦੀ ਘੁਲਾਟੀਏ ਦਾਮੋਦਰ ਸਾਵਰਕਰ ਨੂੰ ਅੰਗਰੇਜ਼ਾਂ ਤੋਂ ਪੈਨਸ਼ਨ ਲੈਣ ਵਾਲਾ ‘ਨੌਕਰ’ ਕਿਹਾ ਸੀ।
ਸ਼ਿਕਾਇਤ ਵਿੱਚ ਇਹ ਦੋਸ਼ ਵੀ ਲਗਾਇਆ ਗਿਆ ਹੈ ਸਾਵਰਕਰ ਦਾ ਅਪਮਾਨ ਕਰਨ ਦੇ ਮਕਸਦ ਨਾਲ ਪ੍ਰੈੱਸ ਕਾਨਫਰੰਸ ਵਿੱਚ ਪਹਿਲਾਂ ਤੋਂ ਹੀ ਛਪੇ ਪਰਚੇ ਸਾਰੇ ਪੱਤਰਕਾਰਾਂ ਨੂੰ ਵੰਡੇ ਗਏ ਜੋ ਇਸ ਗੱਲ ਦਾ ਪ੍ਰਮਾਣ ਹਨ ਕਿ ਸਾਵਰਕਰ ਖ਼ਿਲਾਫ਼ ਯੋਜਨਾਬੱਧ ਢੰਗ ਨਾਲ ਪਹਿਲਾਂ ਤੋਂ ਹੀ ਪਰਚੇ ਛਪਵਾਏ ਗਏ। ਰਾਹੁਲ ’ਤੇ ਸਾਵਰਕਰ ਖ਼ਿਲਾਫ਼ ਨਿਰਆਧਾਰ ਦੋਸ਼ ਲਗਾਉਣ ਦਾ ਦੋਸ਼ ਹੈ। -ਪੀਟੀਆਈ