ਲੱਕ ਹਿੱਲੇ ਮਜਾਜਣ ਜਾਂਦੀ ਦਾ...
ਅਸ਼ੋਕ ਬਾਂਸਲ ਮਾਨਸਾ
ਇੰਦਰਜੀਤ ਹਸਨਪੁਰੀ
ਇੱਕ ਵਕਤ ਅਜਿਹਾ ਸੀ ਜਦੋਂ ਪੰਜਾਬੀ ਗੀਤਾਂ ਦਾ ਦਾਇਰਾ ਅੰਬਾਲੇ ਦੀ ਹੱਦ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦਾ ਸੀ। ਅਜਿਹੇ ਸਮੇਂ ਵਿੱਚ ਪੰਜਾਬ ਦੇ ਜਿਸ ਗੀਤਕਾਰ ਨੇ ਪੰਜਾਬੀ ਗੀਤਾਂ ਨੂੰ ਬੰਬਈ ਦੀ ਫਿਲਮ ਨਗਰੀ ਤੱਕ ਦਾ ਸਫ਼ਰ ਕਰਾਇਆ ਤੇ ਹਿੰਦੀ ਬੋਲਦੇ ਲੋਕਾਂ ਨੂੰ ਪੰਜਾਬੀ ਗੀਤਾਂ ਨਾਲ ਜੋੜਿਆ, ਉਹਦਾ ਨਾਂ ਹੈ ਇੰਦਰਜੀਤ ਹਸਨਪੁਰੀ। ਮੰਜੇ ਜੋੜ ਕੇ ਸਪੀਕਰ ਲੱਗਿਆ ਹੋਵੇ ਤੇ ਉੱਚੀ ’ਵਾਜ਼ ’ਚ ਹਸਨਪੁਰੀ ਦਾ ਗੀਤ ਚੱਲਦਾ ਹੋਵੇ :
ਜੇ ਮੁੰਡਿਆ ਵੇ ਸਾਡੀ ਤੋਰ ਤੂੰ ਦੇਖਣੀ
ਗੜਬਾ ਲੈ ਦੇ ਚਾਂਦੀ ਦਾ ਵੇ
ਲੱਕ ਹਿੱਲੇ ਮਜਾਜਣ ਜਾਂਦੀ ਦਾ
ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਗਾਇਆ ਇਹ ਗੀਤ ਰੂਹ ਨੂੰ ਸਕੂਨ ਦਿੰਦਾ ਹੈ। ਭਾਵੇਂ ਇੰਦਰਜੀਤ ਦਾ ਜਨਮ ਪੰਜਾਬ ਵਿੱਚ ਆਪਣੇ ਨਾਨਕੇ ਪਿੰਡ ਗੁਰੂਸਰ ਦੇ ਲਾਗੇ ਅਕਾਲਗੜ੍ਹ ’ਚ ਹੋਇਆ, ਪਰ ਉਸ ਦਾ ਬਚਪਨ ਦਿੱਲੀ ਦੀਆਂ ਗਲੀਆਂ ’ਚ ਖੇਡਦਿਆਂ ਬੀਤਿਆ। ਉਸ ਨੇ ਅੱਠਵੀਂ ਤੱਕ ਦੀ ਪੜ੍ਹਾਈ ਦਿੱਲੀ ’ਚ ਹੀ ਕੀਤੀ। ਉਸ ਦਾ ਜਨਮ 20 ਅਗਸਤ 1932 ਨੂੰ ਮਾਤਾ ਭਗਵਾਨ ਕੌਰ ਦੀ ਕੁੱਖੋਂ ਹੋਇਆ। ਉਸ ਦੇ ਪਿਤਾ ਜਸਵੰਤ ਸਿੰਘ ਦਿੱਲੀ ਠੇਕੇਦਾਰੀ ਕਰਦੇ ਸਨ। ਠੇਕੇਦਾਰੀ ਜਾਂ ਦਸਤਕਾਰੀ ਤਾਂ ਉਨ੍ਹਾਂ ਲਈ ਉਪਜੀਵਕਾ ਦਾ ਸਾਧਨ ਸੀ, ਪਰ ਜਸਵੰਤ ਸਿੰਘ ਸਮਕਾਲੀ ਗੀਤਕਾਰਾਂ ਦੇ ਮੁਦੱਈ ਤੇ ਸਾਹਿਤ ਰਸੀਏ ਸਨ। ਇੰਦਰਜੀਤ ਹਾਲੇ ਚੌਦਾਂ ਕੁ ਵਰ੍ਹਿਆਂ ਦਾ ਹੀ ਸੀ ਤੇ ਅੱਠਵੀਂ ’ਚ ਪੜ੍ਹਦਾ ਸੀ ਤਾਂ ਉਸ ਦੇ ਪਿਤਾ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ। ਬਾਲ ਇੰਦਰਜੀਤ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। 1947 ਵਿੱਚ ਪਰਿਵਾਰ ਨੂੰ ਵਾਪਸ ਪਿੰਡ ਪਰਤਣਾ ਪਿਆ। ਤਿੰਨ ਛੋਟੀਆਂ ਭੈਣਾਂ ਤੇ ਮਾਂ, ਪੰਦਰਾਂ ਵਰ੍ਹਿਆਂ ਦੀ ਉਮਰ ’ਚ ਇੰਦਰਜੀਤ ’ਤੇ ਜ਼ਿੰਮੇਵਾਰੀਆਂ ਦਾ ਬੋਝ ਪੈ ਗਿਆ ।
ਦਿੱਲੀ ਰਹਿੰਦੇ ਸਮੇਂ ਇੰਦਰਜੀਤ ਦੇ ਜਿਗਰੀ ਦੋਸਤ ਹਰੀ ਦੇਵ ਸ਼ਰਮਾ ਦਾ ਮਾਮਾ ਚੂਨਾ ਮੰਡੀ ਪਹਾੜਗੰਜ ’ਚ ਪੇਂਟਿੰਗ ਦੀ ਦੁਕਾਨ ਕਰਦਾ ਸੀ। ਜਿੱਥੇ ਹਰੀ ਦੇਵ ਤੇ ਇੰਦਰਜੀਤ ਜਾਂਦੇ ਰਹਿੰਦੇ ਸਨ। ਉੱਥੋਂ ਇੰਦਰਜੀਤ ਨੂੰ ਬੁਰਸ਼ ਨਾਲ ਮੋਹ ਪੈ ਗਿਆ। ਪਿੰਡ ਆ ਕੇ ਉਸ ਨੂੰ ਨੌਕਰੀ ਕਰਨੀ ਪਈ। ਲੁਧਿਆਣੇ ਇੱਕ ਪੇਂਟਰ ਕੋਲ ਪੰਜਤਾਲੀ ਰੁਪਏ ਮਹੀਨੇ ’ਤੇ ਨੌਕਰੀ ਕੀਤੀ। ਬਾਅਦ ਵਿੱਚ ਨੌਂ ਲੱਖੇ ਸਿਨਮੇ ਕੋਲ ਪੇਂਟਿੰਗ ਕਰਨ ਲੱਗਾ ਅਤੇ ਦਿਲ ਅੰਦਰ ਬਾਪੂ ਵਾਲਾ ਸ਼ੌਕ ਵੀ ਮੌਲਦਾ ਰਿਹਾ। ਲੋਕਾਂ ਦੀਆਂ ਦੁਕਾਨਾਂ ਦੇ ਬੋਰਡ ਵੀ ਲਿਖਿਆ ਕਰੇ ਤੇ ਕਾਗਜ਼ ’ਤੇ ਗੀਤ ਵੀ। 1957 ਵਿੱਚ ਉਸ ਨੇ ਗੀਤਕਾਰ ਨੰਦ ਲਾਲ ਨੂਰਪੁਰੀ ਨੂੰ ਆਪਣਾ ਉਸਤਾਦ ਧਾਰ ਲਿਆ। ਨਾਲੋ-ਨਾਲ ਆਪਣੀ ਆਰਥਿਕ ਮੰਦਹਾਲੀ ਦੂਰ ਕਰਨ ਲਈ ਸਿਰਤੋੜ ਯਤਨ ਵੀ ਕਰਨ ਲੱਗਾ। ਪਿੰਡਾਂ ਵਿੱਚ ਲੱਗਦੇ ਮੇਲਿਆਂ ’ਚ ਚਾਹ ਦਾ ਅੱਡਾ ਲਾ ਲਿਆ ਕਰੇ। ਇੱਕ ਦਿਨ ਰਾਏਕੋਟ ਦੇ ਮੇਲੇ ’ਤੇ ਇੰਦਰਜੀਤ ਨੇ ਚਾਹ ਦਾ ਅੱਡਾ ਲਾਇਆ ਹੋਇਆ ਸੀ ਤੇ ਇਸੇ ਦੌਰਾਨ ਉਸ ਵੇਲੇ ਦੇ ਮਸ਼ਹੂਰ ਗਾਇਕ ਸ਼ਾਦੀ ਬਖਸ਼ੀ ਉਹਦੇ ਅੱਡੇ ’ਤੇ ਚਾਹ ਪੀਣ ਆ ਗਿਆ। ਇੰਦਰਜੀਤ ਨੇ ਉਸ ਨੂੰ ਆਪਣੇ ਗੀਤ ਦਿਖਾਏ ਜੋ ਉਸ ਨੂੰ ਪਸੰਦ ਆ ਗਏ। ਥੋੜ੍ਹੇ ਸਮੇਂ ਵਿੱਚ ਹੀ ਇੰਦਰਜੀਤ ਦਾ ਪੇਂਟਿੰਗ ਦਾ ਕੰਮ ਵੀ ਸੋਹਣਾ ਚੱਲ ਪਿਆ। ਜਦੋਂ ਕੰਮ ਰਿੜ੍ਹ ਪਿਆ ਤਾਂ ਇੰਦਰਜੀਤ ਨੇ ਆਪਣੇ ਬੇਲੀ ਇਸ਼ਰਪਾਲ ਨੱਤ ਨਾਲ ਰਲ ਕੇ ਇੱਕ ‘ਜਗਦੀ ਜੋਤ’ ਨਾਂ ਦਾ ਮਹੀਨਾਵਾਰ ਰਸਾਲਾ ਸ਼ੁਰੂ ਕਰ ਲਿਆ। ਇਸ ਦੀ ਬਦੌਲਤ ਇੰਦਰਜੀਤ ਦੀ ਦੁਕਾਨ ਸਾਹਿਤਕਾਰਾਂ ਦੀ ਸੱਥ ਬਣ ਗਈ। 1959 ਵਿੱਚ ਸ਼ਾਦੀ ਬਖਸ਼ੀ ਦੀ ਆਵਾਜ਼ ਵਿੱਚ ਇੰਦਰਜੀਤ ਦੇ ਲਿਖੇ ਗੀਤਾਂ ਦਾ ਤਵਾ ਆ ਗਿਆ। ਇਨ੍ਹਾਂ ਗੀਤਾਂ ਨਾਲ ਉਹ ਰਾਤੋ ਰਾਤ ਇੰਦਰਜੀਤ ਤੋਂ ਇੰਦਰਜੀਤ ਹਸਨਪੁਰੀ ਬਣ ਗਿਆ। ਇਹ ਰਿਕਾਰਡ ਬਹੁਤ ਚੱਲਿਆ। ਇਸ ਨੂੰ ‘ਦਿ ਟਵਿਨ’ ਕੰਪਨੀ ਨੇ ਬਣਾਇਆ ਸੀ। ਇਸ ਵਿੱਚ ਦੋ ਗੀਤ ਸਨ ਤੇ ਦੋਵੇਂ ਹੀ ਇੰਦਰਜੀਤ ਹਸਨਪੁਰੀ ਦੇ ਇੱਕ ਪਾਸੇ ਹੀਰ ਤੇ ਦੂਜੇ ਪਾਸੇ ਸੋਹਣੀ:
* ਸਾਧੂ ਹੁੰਦੇ ਰੱਬ ਵਰਗੇ
ਘੁੰਡ ਕੱਢ ਕੇ ਖੈਰ ਨਾ ਪਾਈਏ
ਤੋੜ ਕੇ ਜੁਆਬ ਦੇ ਦੀਏ
ਝੂਠਾ ਲਾਰਾ ਨਾ ਕਦੇ ਵੀ ਲਾਈਏ (ਹੀਰ)
* ਚੱਲ ਮਾਹੀ ਦੇ ਦਵਾਰ ਘੜਿਆ
ਸੋਹਣੀ ਨੂੰ ਲਾ ਦੇ ਪਾਰ ਘੜਿਆ (ਸੋਹਣੀ)
ਇਸ ਤਵੇ ਨਾਲ ਗੀਤਕਾਰ ਵੱਜੋਂ ਇੰਦਰਜੀਤ ਹਸਨਪੁਰੀ ਦਾ ਆਗਾਜ਼ ਹੋਇਆ। ਇਸ ਤੋਂ ਬਾਅਦ ਚੱਲ ਸੋ ਚੱਲ। ਪੰਜਾਬ ਦੇ ਹਰ ਕਲਾਕਾਰ ਨੇ ਉਸ ਦੇ ਗੀਤ ਗਾਏ। 1961 ਵਿੱਚ ਐੱਚ. ਐੱਮ. ਵੀ. ਨੇ ਹਸਨਪੁਰੀ ਦੇ ਦੋਗਾਣਿਆਂ ਦਾ ਇੱਕ ਰਿਕਾਰਡ ਬਣਾਇਆ ਜੋ ਚਾਂਦੀ ਰਾਮ ਤੇ ਸ਼ਾਂਤੀ ਦੇਵੀ ਦੀਆਂ ਆਵਾਜ਼ਾਂ ਵਿੱਚ ਸੀ। ਇਸ ਦੇ ਦੋਵੇਂ ਗੀਤ ਇਸ ਤਰ੍ਹਾਂ ਸਨ:
* ਨਾ ਤੂੰ ਰੁੱਸ ਰੁੱਸ ਬਹਿ
* ਲੈਜਾ ਛੱਲੀਆਂ ਭੁੰਨਾ ਲਈਂ ਦਾਣੇ
ਵੇ ਮਿੱਤਰਾ ਦੂਰ ਦਿਆ
ਇਸ ਰਿਕਾਰਡ ਨੇ ਤਾਂ ਉਸ ਦੀ ਗੁੱਡੀ ਅੰਬਰੀ ਚਾੜ੍ਹ ਦਿੱਤੀ। ਇਸ ਦੀ ਰਿਕਾਰਡਤੋੜ ਵਿਕਰੀ ਨੇ ਹਸਨਪੁਰੀ ਨੂੰ ਗੀਤਕਾਰਾਂ ਦੀ ਪਹਿਲੀ ਸ਼੍ਰੇਣੀ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ। ਉਸ ਦੇ ਗੀਤ ਹਰਚਰਨ ਗਰੇਵਾਲ, ਸੀਮਾ, ਸੁਰਿੰਦਰ ਕੌਰ ਤੇ ਨਰਿੰਦਰ ਬੀਬਾ ਨੇ ਗਾਏ। 1963 ਵਿੱਚ ਐੱਚ. ਐਮ. ਵੀ. ਕੰਪਨੀ ਨੇ ਹਸਨਪੁਰੀ ਦੇ ਲਿਖੇ ਗੀਤਾਂ ਦਾ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਬਣਾਇਆ ਜਿਸ ਵਿੱਚ ਦੋ ਗੀਤ ਸਨ:
* ਬਾਹਰੋਂ ਆਉਨੈਂ ਦੁੱਧ ਪੀ ਜਾਨੈਂ ਨਾਲ ਮੁੰਡਿਆਂ ਦੀ ਟੋਲੀ
ਤਾਹੀਓਂ ਸਿਰ ਚੜਿ੍ਹਆ ਮੈਂ ਨਾ ਬਰਾਬਰ ਬੋਲੀ।
* ਹੋਇਆ ਕੀ ਜੇ ਕੁੜੀ ਏਂ ਤੂ ਦਿੱਲੀ ਸ਼ਹਿਰ ਦੀ
ਮੈਂ ਵੀ ਜੱਟ ਲੁਧਿਆਣੇ ਦਾ।
ਇਸ ਰਿਕਾਰਡ ਨਾਲ ਤਾਂ ਹਸਨਪੁਰੀ ਦਾ ਦਾਇਰਾ ਬਹੁਤ ਵੱਡਾ ਹੋ ਗਿਆ। ਉਹ ਕਾਲਜੀਏਟ ਮੁੰਡੇ ਕੁੜੀਆਂ ਦਾ ਵੀ ਚਹੇਤਾ ਗੀਤਕਾਰ ਬਣ ਗਿਆ। ਇਸ ਗੀਤ ਦੀ ਧਮਕ ਦਿੱਲੀ ਤੱਕ ਪਹੁੰਚ ਗਈ। 1965 ਵਿੱਚ ਉਸ ਦੀ ਗੀਤਕਾਰੀ ’ਚ ਇੱਕ ਹੋਰ ਮੋੜ ਆਇਆ। ਗੁਰਦੇਵ ਸਿੰਘ ਮਾਨ ਨੇ ਨਰਿੰਦਰ ਬੀਬਾ ਨੂੰ ਇੱਕ ਗੀਤ ਦਾ ਮੁੱਖੜਾ ਸੁਣਾਇਆ ਜੋ ਇਸ ਤਰ੍ਹਾਂ ਸੀ;
* ਜੇ ਮੁੰਡਿਆ ਵੇ ਸਾਥੋਂ ਰੋਟੀਆਂ ਢੁਆਉਣੀਆਂ
ਗੜਬਾ ਲੈ ਦੇ ਚਾਂਦੀ ਦਾ
ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ
ਇਤਫਾਕਨ ਕੁਝ ਦਿਨ ਬਾਅਦ ਇਸੇ ਗੀਤ ਦੀ ਗੱਲ ਗਰੇਵਾਲ ਕੋਲ ਚੱਲ ਪਈ। ਗਰੇਵਾਲ ਨੇ ਗੁਰਦੇਵ ਮਾਨ ਨੂੰ ਕਿਹਾ, ‘‘ਇਹ ਗੀਤ ਚੱਲਣ ਵਾਲੇ ਨੇ ਮੈਨੂੰ ਦੇ ਦਿਓ।’’
ਮਾਨ ਸਾਹਿਬ ਕਹਿੰਦੇ, ‘‘ਮੈਂ ਇਸ ਗੀਤ ਲਈ ਬੀਬਾ ਨੂੰ ਹਾਂ ਕਰ ਚੁੱਕਿਆ ਹਾਂ।’’ ਉਸ ਨੇ ਬੀਬਾ ਨੂੰ ਵੀ ਦੱਸ ਦਿੱਤਾ ਕਿ ਇਹ ਗੀਤ ਗਰੇਵਾਲ ਮੰਗਦਾ ਸੀ, ਤੂੰ ਜਲਦੀ ਰਿਕਾਰਡ ਕਰਵਾ ਲੈ। ਅੱਗੋਂ ਬੀਬਾ ਕਹਿੰਦੀ, ‘‘ਮੈਂ ਐੱਚ. ਐੱਮ. ਵੀ. ਦੇ ਮੈਨੇਜਰ ਸੰਤ ਰਾਮ ਨੂੰ ਕਹਿ ਦਿੰਨੀ ਆਂ। ਉਹ ਇਸ ਗੀਤ ਨੂੰ ਗਰੇਵਾਲ ਦੀ ਆਵਾਜ਼ ਵਿੱਚ ਰਿਕਾਰਡ ਨਹੀਂ ਕਰਨਗੇ।’’
ਪਰ ਗਰੇਵਾਲ ਨੂੰ ਇਸ ਗੱਲ ਦੀ ਕਨਸੋਅ ਲੱਗ ਗਈ। ਜਦੋਂ ਉਸ ਨੂੰ ਹੱਥੋਂ ਬਾਜ਼ੀ ਜਾਂਦੀ ਲੱਗੀ ਤਾਂ ਉਸ ਨੇ ਦਾਅ ਖੇਡਿਆ ਅਤੇ ਉਹ ਆਥਣੇ ਆ ਕੇ ਹਸਨਪੁਰੀ ਕੋਲ ਬਹਿ ਗਿਆ ਅਤੇ ਇਸ ਗੀਤ ਦੀ ਸਤਰ ਸੁਣਾ ਕੇ ਕਹਿਣ ਲੱਗਾ, ‘‘ਹਸਨਪੁਰੀ ਸਾਹਿਬ! ਮੈਨੂੰ ਇਸ ਸਤਰ ’ਤੇ ਗੀਤ ਲਿਖ ਕੇ ਦਿਓ।’’
ਹਸਨਪੁਰੀ ਨੇ ਉਸ ਗੀਤ ਨੂੰ ਆਪਣੇ ਢੰਗ ਨਾਲ ਲਿਖਿਆ ਤੇ ਜਸਵੰਤ ਭੰਵਰਾ ਨੇ ਤਰਜ਼ ਬਣਾਈ। ਨਰਿੰਦਰ ਬੀਬਾ ਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਰਿਕਾਰਡ ਸਪੀਕਰਾਂ ’ਚ ਗੂੰਜਣ ਲੱਗ ਪਿਆ। ਇਹ ਗੀਤ ਪੰਜਾਬੀ ਦੋ-ਗਾਣਾ ਗੀਤਕਾਰੀ ਤੇ ਗਾਇਕੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਗੀਤ ਬਣ ਗਿਆ। ਇਸ ਰਿਕਾਰਡ ਵਿੱਚ ਵੀ ਦੋਵੇਂ ਹੀ ਗੀਤ ਹਸਨਪੁਰੀ ਦੇ ਸਨ ਤੇ ਆਵਾਜ਼ਾਂ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੀਆਂ ਸਨ:
* ਜੇ ਮੁੰਡਿਆ ਵੇ ਸਾਡੀ ਤੋਰ ਤੂੰ ਦੇਖਣੀ
ਗੜਬਾ ਲੈ ਦੇ ਚਾਂਦੀ ਦਾ ਵੇ
ਲੱਕ ਹਿੱਲੇ ਮਜਾਜਣ ਜਾਂਦੀ ਦਾ
* ਬੋਤਾ ਹੌਲੀ ਤੋਰ ਮਿੱਤਰਾ
ਵੇ ਮੇਰਾ ਨਰਮ ਕਾਲਜਾ ਧੜਕੇ
ਇਹ ਦੋਵੇਂ ਹੀ ਗੀਤ ਲੋਕਾਂ ਦੇ ਮੂੰਹ ਚੜ੍ਹ ਗਏ। ਅੱਜ ਲੋਕ ਗਾਇਕੀ ਦੇ ਥੰਮ੍ਹ ਵੱਜੋਂ ਜਾਣੇ ਜਾਂਦੇ ਮੁਹੰਮਦ ਸਦੀਕ ਨੇ ਵੀ 1961 ਵਿੱਚ ਪਹਿਲੀ ਵਾਰੀ ਹਸਨਪੁਰੀ ਦੇ ਗੀਤਾਂ ਨਾਲ ਹੀ ਰਿਕਾਰਡਿੰਗ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ, ਜਿਸ ਦੇ ਬੋਲ ਸਨ :
ਜਾਂਦਾ ਹੋਇਆ ਦੱਸ ਨਾ ਗਿਆ
ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ
ਹਸਨਪੁਰੀ ਦਾ ਗੀਤ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਆਵਾਜ਼ ਵਿੱਚ ਸਭ ਨੇ ਸੁਣਿਆ ਹੈ;
ਢਾਈ ਦਿਨ ਨਾ ਜਵਾਨੀ ਨਾਲ
ਚੱਲਦੀ ਕੁੜਤੀ ਮਲਮਲ ਦੀ।
ਚਿਤਰਾ ਸਿੰਘ ਦੀ ਆਵਾਜ਼ ਵਿੱਚ ਗੀਤ ਹੈ;
ਚਰਖਾ ਮੇਰਾ ਰੰਗਲਾ
ਵਿੱਚ ਸੋਨੇ ਦੀਆਂ ਮੇਖਾਂ
ਵੇ ਮੈਂ ਤੈਨੂੰ ਯਾਦ ਕਰਾਂ
ਜਦ ਚਰਖੇ ਵੱਲ ਵੇਖਾਂ
ਇੰਦਰਜੀਤ ਹਸਨਪੁਰੀ ਨੇ ਸ਼ਾਦੀ ਬਖਸ਼ੀ ਤੋਂ ਸ਼ੁਰੂ ਹੋ ਕੇ ਚਾਂਦੀ ਰਾਮ, ਨਰਿੰਦਰ ਬੀਬਾ, ਹਰਚਰਨ ਗਰੇਵਾਲ, ਸੁਰਿੰਦਰ ਕੌਰ, ਮੁਹੰਮਦ ਸਦੀਕ, ਜਗਮੌਹਨ ਕੌਰ, ਕੇ.ਦੀਪ, ਜਗਜੀਤ ਸਿੰਘ, ਚਿਤਰਾ ਸਿੰਘ ਤੋਂ ਲੈ ਕੇ ਹੰਸ ਰਾਜ ਹੰਸ ਤੇ ਗੋਲਡਨ ਸਟਾਰ ਮਲਕੀਤ ਸਿੰਘ ਤੱਕ ਪੰਜਾਬੀ ਗੀਤਕਾਰੀ ਦਾ ਪੈਂਡਾ ਤੈਅ ਕੀਤਾ ਹੈ। ਮਲਕੀਤ ਸਿੰਘ ਦੀ ਆਵਾਜ਼ ਵਿੱਚ ਹਸਨਪੁਰੀ ਦਾ ਗੀਤ ਸੀ;
ਮਿੰਨ੍ਹਾ-ਮਿੰਨ੍ਹਾ ਬੁੱਲ੍ਹੀਆਂ ’ਚ ਹੱਸ ਗਈ ਓਏ
ਕੁੜੀ ਪਟੋਲੇ ਵਰਗੀ
ਇਹ ਤਾਂ ਹੈ ਹਸਨਪੁਰੀ ਦੀ ਗੀਤਕਾਰੀ ਦਾ ਪੈਂਡਾ। ਹਸਨਪੁਰੀ ਦੇ ਫਿਲਮੀ ਜੀਵਨ ’ਤੇ ਵੀ ਝਾਤ ਮਾਰਨੀ ਜ਼ਰੂਰੀ ਹੈ। ਉਸ ਦੇ ਫਿਲਮੀ ਸਫ਼ਰ ਦੇ ਤਿੰਨ ਭਾਗ ਹਨ- ਫਿਲਮਾਂ ਲਈ ਗੀਤ ਲਿਖਣੇ, ਫਿਲਮ ਦਾ ਨਿਰਮਾਣ ਅਤੇ ਨਵੇਂ ਚਿਹਰਿਆਂ ਨੂੰ ਫਿਲਮੀ ਪਰਦੇ ’ਤੇ ਲਿਆਉਣਾ। ਉਸ ਦਾ ਨਾਮ ਪੰਜਾਬੀ ਗੀਤਕਾਰੀ ਵਿੱਚ ਤਾਂ ਅੰਬਰਾਂ ਨੂੰ ਛੂਹ ਗਿਆ ਸੀ। ਇਸ ਮਸ਼ਹੂਰੀ ਦਾ ਫਿਲਮ ਨਿਰਮਾਤਾਵਾਂ ਨੇ ਵੀ ਲਾਹਾ ਲੈਣਾ ਚਾਹਿਆ ਤੇ ਉਸ ਨੂੰ ਫਿਲਮਾਂ ਲਈ ਗੀਤ ਲਿਖਣ ਦੀ ਪੇਸ਼ਕਸ਼ ਹੋਈ। ਇਸ ਤਰ੍ਹਾਂ ਹਸਨਪੁਰੀ ਨੇ 1972 ਵਿੱਚ ਬੇਦੀ ਤੇ ਬਖਸ਼ੀ ਪ੍ਰੋਡਕਸ਼ਨ ਦੀ ਫਿਲਮ ‘ਦੁੱਖ ਭਜਨ ਤੇਰਾ ਨਾਮ’ ਲਈ ਗੀਤ ਲਿਖੇ। 1976 ਵਿੱਚ ਨੀਲਮ ਪ੍ਰੋਡਕਸ਼ਨ ਦੀ ਫਿਲਮ ‘ਯਮਲਾ ਜੱਟ’ ਲਈ ਗੀਤ ਲਿਖੇੇ। 1976 ਵਿੱਚ ਹੀ ਬੇਦੀ ਤੇ ਬਖਸ਼ੀ ਪ੍ਰੋਡਕਸ਼ਨ ਦੀ ਇੱਕ ਹੋਰ ਫਿਲਮ ਦੇ ਗੀਤ ਲਿਖੇ। ਇਨ੍ਹਾਂ ਤੋਂ ਇਲਾਵਾ ‘ਧਰਮਜੀਤ’, ‘ਫ਼ੌਜੀ ਚਾਚਾ’, ‘ਮਨਜੀਤੇ ਜਗਜੀਤ’, ‘ਮਾਂ ਦਾ ਲਾਡਲਾ’ ਅਤੇ ‘ਲੌਂਗ ਦਾ ਲਿਸ਼ਕਾਰਾ’ ਪੰਜਾਬੀ ਫਿਲਮਾਂ ਲਈ ਗੀਤ ਲਿਖੇ।
ਹਸਨਪੁਰੀ ਨੂੰ ਗੀਤ ਲਿਖਦੇ ਨੂੰ ਇਹ ਭਰੋਸਾ ਹੋ ਗਿਆ ਸੀ ਕਿ ਜ਼ਿਆਦਾਤਰ ਫਿਲਮਾਂ ਗੀਤਾਂ ਤੇ ਸੰਗੀਤ ਦੇ ਆਸਰੇ ਹੀ ਹਿੱਟ ਹੁੰਦੀਆਂ ਹਨ। ਇਸ ਲਈ ਉਸ ਨੇ ਆਪਣੇ ਮਨ ਵਿੱਚ ਖ਼ੁਦ ਫਿਲਮਾਂ ਬਣਾਉਣ ਦਾ ਪੱਕਾ ਇਰਾਦਾ ਬਣਾ ਲਿਆ ਸੀ। ਉਸ ਨੇ ‘ਤੇਰੀ ਮੇਰੀ ਇੱਕ ਜਿੰਦੜੀ’, ‘ਦਾਜ’ ਅਤੇ ‘ਸੁਖੀ ਪਰਿਵਾਰ’ ਵਰਗੀਆਂ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਮਾਣ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਅਦਾਕਾਰਾ ਦਲਜੀਤ ਕੌਰ ਹਸਨਪੁਰੀ ਦੀ ਹੀ ਖੋਜ ਸੀ। ਉਸ ਨੇ ਆਪਣੀ ਫਿਲਮ ‘ਦਾਜ’ ਰਾਹੀਂ ਪਹਿਲੀ ਵਾਰ ਦਲਜੀਤ ਕੌਰ ਨੂੰ ਫਿਲਮੀ ਪਰਦੇ ’ਤੇ ਪੇਸ਼ ਕਰਕੇ ਪੰਜਾਬ ਨੂੰ ਇੱਕ ਖੂਬਸੂਰਤ ਅਦਾਕਾਰਾ ਦਿੱਤੀ। ਇਸੇ ਤਰ੍ਹਾਂ ਪੰਜਾਬੀਆਂ ਦੇ ਹਰਮਨ ਪਿਆਰੇ ਅਦਾਕਾਰ ਬਣੇ ‘ਵਰਿੰਦਰ’ ਨੂੰ ਵੀ ਹਸਨਪੁਰੀ ਆਪਣੀ ਫਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਰਾਹੀਂ ਲੋਕਾਂ ਦੇ ਸਨਮੁੱਖ ਲੈ ਕੇ ਆਇਆ। ਬੇਸ਼ੱਕ ਮਿਹਰ ਮਿੱਤਲ ਪਹਿਲਾਂ ਵੀ ਦੋ ਤਿੰਨ ਫਿਲਮਾਂ ਕਰ ਚੁੱਕਾ ਸੀ, ਪਰ ਉਹ ਵੀ ਹਸਨਪੁਰੀ ਦੀ ਫਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਰਾਹੀਂ ਪੱਕੇ ਪੈਰੀਂ ਹੋਇਆ।
ਸਾਲ 1959 ਵਿੱਚ ਹਸਨਪੁਰੀ ਦੀ ਪਹਿਲੀ ਕਿਤਾਬ ‘ਔਸੀਆਂ’ ਛਪ ਗਈ ਸੀ। ਉਸ ਤੋਂ ਬਾਅਦ ‘ਜ਼ਿੰਦਗੀ ਦੇ ਗੀਤ’, ‘ਸਮੇਂ ਦੀ ਆਵਾਜ਼’, ‘ਜੋਬਨ ਨਵਾਂ ਨਕੋਰ’, ‘ਰੂਪ ਤੇਰਾ ਰੱਬ ਵਰਗਾ’, ‘ਮੇਰੇ ਜਿਹੀ ਕੋਈ ਜੱਟੀ ਵੀ ਨਾ’ ਅਤੇ ‘ਗੀਤ ਮੇਰੇ ਮੀਤ’ ਛਪ ਚੁੱਕੀਆਂ ਹਨ। ਹਸਨਪੁਰੀ ਦੀ ਆਖ਼ਰੀ ਕਿਤਾਬ ‘ਕਿੱਥੇ ਗਏ ਓਹ ਦਿਨ ਓ ਅਸਲਮ’ ਲੰਬੀ ਕਵਿਤਾ ਦੇ ਰੂਪ ਵਿੱਚ 1947 ਦੀ ਵੰਡ ਦੀ ਦਰਦ ਕਹਾਣੀ ਹੈ। 8 ਅਕਤੂਬਰ 2009 ਨੂੰ ਇਸ ਬਹੁਪੱਖੀ ਪ੍ਰਤਿਭਾ ਦਾ ਦੇਹਾਂਤ ਹੋ ਗਿਆ, ਪਰ ਉਸ ਦੇ ਗੀਤ ਸਾਡੇ ਦਿਲਾਂ ਨੂੰ ਸਕੂਨ ਦਿੰਦੇ ਰਹਿਣਗੇ।
ਸੰਪਰਕ: 98151-30226