ਮਾਂ-ਪੁੱਤ ਦੀ ਮੌਤ ਦੇ ਮਾਮਲੇ ’ਚ ਉਪ ਰਾਜਪਾਲ ਦਾ ਝੂਠ ਬੇਨਕਾਬ: ਕੱਕੜ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਸਤੰਬਰ
ਮਯੂਰ ਵਿਹਾਰ ਫੇਜ਼-3 ਦੀ ਡਰੇਨ ਵਿੱਚ ਡੁੱਬਣ ਕਾਰਨ ਮਾਂ-ਪੁੱਤ ਦੀ ਮੌਤ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਐਲਜੀ ਤੋਂ ਮੁਆਫੀ ਮੰਗਣ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ‘ਆਪ’ ਦੇ ਮੁੱਖ ਬੁਲਾਰੇ ਪ੍ਰਿਅੰਕਾ ਕੱਕੜ ਨੇ ਕਿਹਾ ਕਿ ਭਾਜਪਾ ਦਾਅਵਾ ਕਰ ਰਹੀ ਸੀ ਕਿ ਜਿਸ ਡਰੇਨ ’ਤੇ 31 ਅਗਸਤ ਨੂੰ ਘਟਨਾ ਵਾਪਰੀ ਸੀ, ਉਹ ਲੋਕ ਨਿਰਮਾਣ ਵਿਭਾਗ ਦੀ ਹੈ ਪਰ ਹੁਣ ਹਾਈ ਕੋਰਟ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਇਹ ਡਰੇਨ ਡੀਡੀਏ ਦੀ ਹੈ। ਇਸ ਤੋਂ ਬਾਅਦ ਵੀ ਐੱਲਜੀ ਨੇ ਸਬੰਧਤ ਅਫਸਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਅਦਾਲਤ ਨੇ ਡੀਡੀਏ ਨੂੰ ਵੀ ਫਟਕਾਰ ਲਗਾਈ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਜਦੋਂ ‘ਆਪ’ ਨੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਕਰਨ ਲਈ ਰੋਸ ਪ੍ਰਦਰਸ਼ਨ ਅਤੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਪ ਰਾਜਪਾਲ ਨੇ ਪੱਤਰ ਲਿਖ ਕੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਇਹ ਡਰੇਨ ਡੀਡੀਏ ਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਪ ਰਾਜਪਾਲ ਆਪਣੇ ਕੰਮ ਦੇ ਖੇਤਰ ਵਿੱਚ ਅਸਫ਼ਲ ਹੋ ਜਾਂਦੇ ਹਨ ਤਾਂ ਉਹ ‘ਆਪ’ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੱਕੜ ਨੇ ਕਿਹਾ ਕਿ 31 ਅਗਸਤ ਨੂੰ ਮਯੂਰ ਵਿਹਾਰ ਫੇਜ਼-3 ਵਿੱਚ ਡੀਡੀਏ ਦੇ 15 ਫੁੱਟ ਡੂੰਘੇ ਨਾਲੇ ਵਿੱਚ ਡਿੱਗਣ ਨਾਲ ਢਾਈ ਸਾਲ ਦੇ ਬੱਚੇ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਇਸ ਮਾਮਲੇ ਸਬੰਧੀ ਡੀਡੀਏ ਨੂੰ ਕਾਫ਼ੀ ਫਟਕਾਰ ਲਗਾਈ ਅਤੇ ਪੁੱਛਿਆ ਕਿ ਉਸ ਨੇ ਉਸਾਰੀ ਵਾਲੀ ਥਾਂ ’ਤੇ ਕੋਈ ਬੋਰਡ ਜਾਂ ਬੈਰੀਕੇਡ ਕਿਉਂ ਨਹੀਂ ਲਗਾਇਆ। ਪ੍ਰਿਅੰਕਾ ਕੱਕੜ ਨੇ ਅੱਗੇ ਕਿਹਾ ਕਿ ਜਦੋਂ 31 ਅਗਸਤ ਨੂੰ ਦਿੱਲੀ ਵਿੱਚ ਬਾਰਿਸ਼ ਲਈ ਰੈੱਡ ਅਲਰਟ ਕੀਤਾ ਗਿਆ ਸੀ, ਉਦੋਂ ਵੀ ਡੀਡੀਏ ਅਧਿਕਾਰੀਆਂ ਨੇ ਡਰੇਨ ਨੂੰ ਢਕਿਆ ਨਹੀਂ ਸੀ ਅਤੇ ਨਾ ਹੀ ਉਸਾਰੀ ਵਾਲੀ ਥਾਂ ’ਤੇ ਕੋਈ ਬੋਰਡ ਜਾਂ ਬੈਰੀਕੇਡ ਲਗਾਇਆ ਸੀ। ਅਜਿਹਾ ਕਰਨ ਨਾਲ ਹਾਦਸੇ ਤੋਂ ਬਚਿਆ ਜਾ ਸਕਦਾ ਸੀ। ਇਹ ਮੌਤਾਂ ਡੀਡੀਏ ਦੀ ਅਣਗਹਿਲੀ ਕਾਰਨ ਹੋਈਆਂ ਹਨ।