ਉਪ ਰਾਜਪਾਲ ਐੱਮਸੀਡੀ ਵਿੱਚ ‘ਐਲਡਰਮੈਨ’ ਨਾਮਜ਼ਦ ਕਰਨ ਲਈ ਸਰਕਾਰ ਦੀ ਸਲਾਹ ਮੰਨਣ ਲਈ ਪਾਬੰਦ ਨਹੀਂ: ਸੁਪਰੀਮ ਕੋਰਟ
ਨਵੀਂ ਦਿੱਲੀ, 5 ਅਗਸਤ
ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਅੱਜ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਕੋਲ ਐੱਮਸੀਡੀ ਵਿੱਚ ‘ਐਲਡਰਮੈਨ’ ਨਾਮਜ਼ਦ ਕਰਨ ਦਾ ਅਧਿਕਾਰ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਪੀਐੱਸ ਨਰਸਿਮਹਾ ਅਤੇ ਜਸਟਿਸ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਦਿੱਲੀ ਸਰਕਾਰ ਦੀ ਇਹ ਦਲੀਲ ਖਾਰਜ ਕਰ ਦਿੱਤੀ ਕਿ ਉਪ ਰਾਜਪਾਲ ਦਿੱਲੀ ਨਗਰ ਨਿਗਮ ਵਿੱਚ ‘ਐਲਡਰਮੈਨ’ ਨਾਮਜ਼ਦ ਕਰਨ ਸਬੰਧੀ ਮੰਤਰੀ ਮੰਡਲ ਦਾ ਮਸ਼ਵਰਾ ਮੰਨਣ ਲਈ ਪਾਬੰਦ ਹੈ। ਸੁਪਰੀਮ ਕੋਰਟ ਨੇ ਇਸ ਮੁੱਦੇ ’ਤੇ ਕਰੀਬ 15 ਮਹੀਨੇ ਫੈਸਲਾ ਰਾਖਵਾਂ ਰੱਖਿਆ।
ਉੱਧਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦਿੱਲੀ ਨਗਰ ਨਿਗਮ ਵਿੱਚ ‘ਐਲਡਰਮੈਨ’ ਨਾਮਜ਼ਦਗ ਕਰਨ ਦੇ ਉਪ ਰਾਜਪਾਲ ਦੇ ਅਧਿਕਾਰੀ ਨੂੰ ਬਰਕਰਾਰ ਰੱਖਣ ਦੇ ਸੁਪਰੀਮ ਕੋਰਟ ਦੇ ਫੈਸਲੇ ਨਾਲ ‘ਸਨਮਾਨਪੂਰਵਕ ਅਸਹਿਮਤੀ’ ਜ਼ਾਹਿਰ ਕਰਦੀ ਹੈ। ਉਨ੍ਹਾਂ ਇਸ ਫੈਸਲੇ ਨੂੰ ਭਾਰਤ ਦੇ ਲੋਕਤੰਤਰ ਲਈ ‘ਵੱਡਾ ਝਟਕਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਉਪ ਰਾਜਪਾਲ ਨੂੰ ਚੁਣੀ ਹੋਈ ਸਰਕਾਰ ਨੂੰ ਅਣਗੌਲਿਆਂ ਕਰਨ ਦਾ ਅਧਿਕਾਰ ਦਿੰਦਾ ਹੈ। -ਪੀਟੀਆਈ