ਲੈਫਟੀਨੈਂਟ ਜਨਰਲ ਦਲਜੀਤ ਸਿੰਘ ਵੱਲੋਂ ਮਰੀਜ਼ਾਂ ਦੀ ਸੇਵਾ ਪੂਰੀ ਲਗਨ ਨਾਲ ਕਰਨ ’ਤੇ ਜ਼ੋਰ
ਕੁਲਦੀਪ ਸਿੰਘ
ਚੰਡੀਗੜ੍ਹ, 8 ਜੁਲਾਈ
ਪੀਜੀਆਈਐੱਮਈਆਰ ਦੇ ਅੱਜ 61ਵੇਂ ਸਥਾਪਨਾ ਦਿਵਸ ਮੌਕੇ ਇੱਥੋਂ ਦੇ ਭਾਰਗਵਾ ਆਡੀਟੋਰੀਅਮ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇੱਥੋਂ ਦੇ ਸਾਬਕਾ ਵਿਦਿਆਰਥੀ ਰਹੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ (ਡੀਜੀ) ਲੈਫਟੀਨੈਂਟ ਜਨਰਲ ਦਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋਫੈਸਰ ਡਾ. ਓਐੱਨ ਭਾਕੂ, ਪ੍ਰੋ. ਜਗਤ ਰਾਮ, ਪ੍ਰੋ. ਡੀਬਹੇੜਾ, ਪ੍ਰੋ. ਜੀਡੀ ਪੁਰੀ ਸਮੇਤ ਮੁੱਖ ਕਾਰਜਕਾਰੀਆਂ ਵਿੱਚ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਕਜ ਰਾਏ, ਹਸਪਤਾਲ ਪ੍ਰਬੰਧਨ ਵਿਭਾਗ ਦੇ ਮੁਖੀ-ਕਮ-ਮੈਡੀਕਲ ਸੁਪਰਡੈਂਟ ਪ੍ਰੋ. ਵਿਪਨ ਕੌਸ਼ਲ, ਵਿੱਤੀ ਸਲਾਹਕਾਰ ਵਰੁਣ ਆਹਲੂਵਾਲੀਆ ਆਦਿ ਮੌਜੂਦ ਸਨ।
ਲੈਫਟੀਨੈਂਟ ਜਨਰਲ ਦਲਜੀਤ ਸਿੰਘ ਨੇ ਕਿਹਾ ਕਿ ਡਾਕਟਰਾਂ ਨੂੰ ਆਪਣੇ ਮਰੀਜ਼ਾਂ ਦੀ ਸੇਵਾ ਵਿੱਚ ਸਮਰਪਣ ਅਤੇ ਨਿਰਸਵਾਰਥ ਦੀ ਡੂੰਘੀ ਭਾਵਨਾ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪੀਜੀਆਈ ਦੇ ਮੋਢੀਆਂ ਦੀ ਵਿਰਾਸਤ ਦਾ ਸਨਮਾਨ ਕਰਦਿਆਂ ਇਸ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ ਐੱਫ ਐੱਮ ਐੱਸ) ਅਤੇ ਪੀਜੀਆਈ ਦਰਮਿਆਨ ਸਮਾਨਤਾਵਾਂ ਦਰਸਾਉਂਦਿਆਂ ਸਿਹਤ ਪੇਸ਼ੇਵਰਾਂ ਨੂੰ ਸਹੀ ਸੇਧ ਦੇਣ ਵਿੱਚ ਸੰਸਥਾ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੀਜੀਆਈ ਵਿੱਚ ਲਗਪਗ ਫੌਜ ਵਰਗਾ ਅਨੁਸ਼ਾਸਨ ਸਥਾਪਤ ਕੀਤਾ ਗਿਆ ਹੈ। ਸਮਾਗਮ ਦੇ ਸ਼ੁਰੂ ਵਿੱਚ ਪੀਜੀਆਈਐੱਮਈਆਰ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਸਿਹਤ ਸੰਸਥਾ ਦੇ 61ਵੇਂ ਸਥਾਪਨਾ ਦਿਵਸ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਸੰਸਥਾ ਅੱਜ ਗਿਆਨ ਦੇ ਚਾਨਣ-ਮੁਨਾਰੇ ਵਜੋਂ ਸਥਾਪਤ ਹੋ ਚੁੱਕੀ ਹੈ। ਇਸ ਦੀਆਂ ਖ਼ੂਬੀਆਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਇਸ ਸੰਸਥਾ ਦਾ ਰਸਮੀ ਅਧਿਆਪਨ ਭਾਰਤ ਵਿੱਚ ਕਿਸੇ ਵੀ ਮੈਡੀਕਲ ਸੰਸਥਾ ਤੋਂ ਮੋਹਰੀ ਰਿਹਾ ਹੈ। ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪੀਜੀਆਈਐੱਮਈਆਰ ਟੀਮ ਦੀ ਲਗਨ ਅਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਪ੍ਰੋ. ਲਾਲ ਨੇ ਕਿਹਾ ਕਿ ਪੀਜੀਆਈ ਦਾ ਹਰੇਕ ਕਰਮਚਾਰੀ ਇੱਕ ਕਰਮਯੋਗੀ ਹੁੰਦਾ ਹੈ। ਉਨ੍ਹਾਂ ਦਾ ਸਮਰਪਣ ਇਸ ਮਹਾਨ ਸੰਸਥਾ ਨੂੰ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਸੁਚਾਰੂ ਢੰਗ ਨਾਲ ਚੱਲਦਾ ਰੱਖਦਾ ਹੈ। ਇਹ ਸਾਡੀ ਕਰਮ ਭੂਮੀ ਹੈ, ਜਿੱਥੇ ਕੰਮ ਹੀ ਪੂਜਾ ਹੈ।