LS-RS Adjourned: ਅਡਾਨੀ ਤੇ ਸੰਭਲ ਮੁੱਦਿਆਂ ਕਾਰਨ ਸੰਸਦ ਦੇ ਦੋਵੇਂ ਸਦਨ ਦਿਨ ਭਰ ਲਈ ਉਠਾਏ
ਨਵੀਂ ਦਿੱਲੀ, 28 ਨਵੰਬਰ
ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧੀ ਧਿਰ ਵੱਲੋਂ ਅਡਾਨੀ ਮੁੱਦੇ ਅਤੇ ਯੂਪੀ ਦੇ ਸੰਭਲ ਵਿੱਚ ਹੋਈ ਹਿੰਸਾ ਬਾਰੇ ਬਹਿਸ ਦੀ ਮੰਗ ਉਤੇ ਅੜੇ ਰਹਿਣ ਅਤੇ ਦੂਜੇ ਪਾਸੇ ਸਰਕਾਰ ਵੱਲੋਂ ਬਹਿਸ ਦੀ ਇਜਾਜ਼ਤ ਨਾ ਦੇਣ ਦੀ ਜ਼ਿੱਦ ਕਾਰਨ ਵੀਰਵਾਰ ਨੂੰ ਵੀ ਲਗਾਤਾਰ ਤੀਜੇ ਦਿਨ ਦੋਵੇਂ ਸਦਨਾਂ ਵਿਚ ਕੋਈ ਕਾਰਵਾਈ ਨਹੀਂ ਹੋ ਸਕੀ ਅਤੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰ ਯੂਪੀ ਦੇ ਸੰਭਲ ਵਿਚ ਇੱਕ ਮਸਜਿਦ ਵਿੱਚ ਕੀਤੇ ਜਾ ਰਹੇ ਸਰਵੇਖਣ ਦੌਰਾਨ ਹੋਈ ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਨਾਅਰੇਬਾਜ਼ੀ ਕਰਦੇ ਰਹੇ। ਰਾਜ ਸਭਾ ਵਿਚ ਵੀ ਅਡਾਨੀ ਮੁੱਦੇ ਅਤੇ ਸੰਭਲ ਤੇ ਮਨੀਪੁਰ ਹਿੰਸਾ ਵਰਗੇ ਮੁੱਦਿਆਂ ਨੂੰ ਲੈ ਕੇ ਇਹੋ ਸਥਿਤੀ ਬਣੀ ਰਹੀ।
ਲੋਕ ਸਭਾ ਵਿਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ (Parliamentary Affairs Minister Kiren Rijiju) ਨੇ ਵਿਰੋਧ ਪ੍ਰਗਟਾਵੇ ਦੀ ਨਿਖੇਧੀ ਕਰਦਿਆਂ ਕਿਹਾ, "ਮੈਂ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀਆਂ ਕਾਂਗਰਸ ਅਤੇ ਇਸ ਦੀਆਂ ਸਹਿਯੋਗੀਆਂ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਹਾਂ।" ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਕਫ਼ ਸੋਧ ਬਿੱਲ 'ਤੇ ਸਾਂਝੀ ਕਮੇਟੀ ਦਾ ਕਾਰਜਕਾਲ ਵਧਾਉਣ ਅਤੇ ਕੁਝ ਮੁੱਦਿਆਂ 'ਤੇ ਸਦਨ 'ਚ ਬਹਿਸ ਲਈ ਹਾਮੀ ਭਰੇ ਜਾਣ ਦੇ ਬਾਵਜੂਦ ਵਿਰੋਧੀ ਮੈਂਬਰ ਵਿਰੋਧ ਕਰ ਰਹੇ ਹਨ।
ਇਸ ਦੌਰਾਨ ਵਿਰੋਧੀ ਧਿਰ ਦਾ ਵਿਰੋਧ ਜਾਰੀ ਰਹਿਣ ਕਾਰਨ ਸਦਨ ਦੀ ਕਾਰਵਾਈ ਚਲਾ ਰਹੇ ਤੇਲਗੂ ਦੇਸਮ ਪਾਰਟੀ (TDP) ਮੈਂਬਰ ਕ੍ਰਿਸ਼ਨ ਪ੍ਰਸਾਦ ਟੇਨੇਟੀ (Krishna Prasad Tenneti) ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। ਇਸ ਤੋਂ ਪਹਿਲਾਂ ਲੋਕ ਸਭਾ ਨੇ ਵਕਫ਼ ਸੋਧ ਬਿੱਲ 'ਤੇ ਸਾਂਝੀ ਕਮੇਟੀ ਦੀ ਮਿਆਦ ਅਗਲੇ ਸਾਲ ਹੋਣ ਵਾਲੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਤੱਕ ਵਧਾਉਣ ਦਾ ਮਤਾ ਪਾਸ ਕੀਤਾ ਕਰ ਦਿੱਤਾ। ਇਸ ਨਾਲ ਹੀ ਨਵੇਂ ਚੁਣੇ ਗਏ ਦੋ ਕਾਂਗਰਸੀ ਮੈਂਬਰਾਂ - ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਵਿੰਦਰ ਚਵਾਨ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ ਅਤੇ ਉਨ੍ਹਾਂ ਦੇ ਚੁੱਕਣ ਤੋਂ ਫ਼ੌਰੀ ਬਾਅਦ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਵੀ ਵਿਘਨ ਦੇਖਣ ਨੂੰ ਮਿਲਿਆ।
ਵਿਰੋਧੀ ਧਿਰ ਅਡਾਨੀ ਗਰੁੱਪ ਅਤੇ ਸੰਭਲ ਹਿੰਸਾ 'ਤੇ ਬੇਨਿਯਮੀਆਂ ਦੇ ਦੋਸ਼ਾਂ 'ਤੇ ਚਰਚਾ ਲਈ ਦਬਾਅ ਬਣਾ ਰਹੀ ਹੈ। ਦੂਜੇ ਪਾਸੇ ਅਡਾਨੀ ਸਮੂਹ ਨੇ ਬੁੱਧਵਾਰ ਨੂੰ ਕਿਹਾ ਕਿ ਨਿਊਯਾਰਕ ਦੀ ਅਦਾਲਤ 'ਚ ਅਧਿਕਾਰੀਆਂ ਵੱਲੋਂ ਕਥਿਤ ਰਿਸ਼ਵਤ ਦੇ ਮਾਮਲੇ 'ਚ ਦਾਇਰ ਕੀਤੇ ਦੋਸ਼ ਪੱਤਰ ਵਿਚ ਗੌਤਮ ਅਡਾਨੀ ਤੇ ਉਨ੍ਹਾਂ ਦੇ ਭਤੀਜੇ ਸਾਗਰ 'ਤੇ ਅਮਰੀਕੀ ਵਿਦੇਸ਼ੀ ਭ੍ਰਿਸ਼ਟਾਚਾਰ ਪ੍ਰੈਕਟਿਸ ਐਕਟ (US Foreign Corrupt Practices Act - FCPA) ਦੀ ਉਲੰਘਣਾ ਦਾ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ।
ਉਪਰਲੇ ਸਦਨ ਰਾਜ ਸਭਾ ਵਿਚ ਵੀ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਇਨ੍ਹਾਂ ਮੁੱਦਿਆਂ ਉਤੇ ਸ਼ੋਰ-ਸ਼ਰਾਬਾ ਦੇਖਣ ਨੂੰ ਮਿਲਿਆ। ਚੇਅਰਮੈਨ ਜਗਦੀਪ ਧਨਖੜ ਵੱਲੋਂ ਮਰਿਆਦਾ ਨੂੰ ਬਰਕਰਾਰ ਰੱਖਣ ਅਤੇ ਪ੍ਰਸ਼ਨ ਕਾਲ ਚੱਲਣ ਦੇਣ ਦੀਆਂ ਕੀਤੀਆਂ ਗਈਆਂ ਅਪੀਲਾਂ 'ਤੇ ਕੋਈ ਧਿਆਨ ਨਹੀਂ ਦਿੱਤਾ ਅਤੇ ਚੇਅਰਮੈਨ ਨੇ ਕਾਰਵਾਈ ਦੁਪਹਿਰ 12 ਵਜੇ ਤੱਕ ਮੁਤਲਵੀ ਕਰ ਦਿੱਤੀ ਅਤੇ ਦੁਬਾਰਾ ਸਦਨ ਜੁੜਨ ਉਤੇ ਰੌਲਾ-ਰੱਪਾ ਜਾਰੀ ਰਹਿਣ ਕਾਰਨ ਸਦਨ ਦਿਨ ਭਰ ਲਈ ਉਠਾ ਦਿੱਤਾ ਗਿ ਆ।
ਇਸ ਤੋਂ ਪਹਿਲਾਂ ਚੇਅਰਮੈਨ ਧਨਖੜ ਨੇ ਕਿਹਾ ਕਿ ਬੁੱਧਵਾਰ ਨੂੰ ਇੱਕ ਇਤਿਹਾਸਕ ਮੀਲ ਪੱਥਰ ਕਾਇਮ ਹੋਇਆ ਹੈ ਕਿ ਇਸ ਦਿਨ ਤੋਂ ਸਾਡੇ ਸੰਵਿਧਾਨ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਆਖਰੀ ਚੌਥਾਈ-ਸਦੀ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਸਦਨ ਦੇ ਮੈਂਬਰਾਂ ਨੇ ਉਸਾਰੂ ਵਿਚਾਰ-ਵਟਾਂਦਰੇ ਦਾ ਇਕ ਵਧੀਆ ਮੌਕਾ ਗੁਆ ਲਿਆ ਦਿੱਤਾ ਹੈ।
ਉਨ੍ਹਾਂ ਕਿਹਾ, "ਇਹ ਸਾਡੇ ਇਸ ਸਿਆਣਿਆਂ ਦੇ ਸਦਨ ਲਈ ਰਾਸ਼ਟਰਵਾਦ ਦੀ ਭਾਵਨਾ ਤੋਂ ਸੇਧਿਤ ਹੋ ਕੇ 1.4 ਅਰਬ ਭਾਰਤੀਆਂ ਨੂੰ ਉਮੀਦ ਦਾ ਇੱਕ ਮਜ਼ਬੂਤ ਸੰਦੇਸ਼ ਭੇਜਣ, ਉਨ੍ਹਾਂ ਦੇ ਸੁਪਨਿਆਂ ਪ੍ਰਤੀ ਆਪਣੀ ਵਚਨਬੱਧਤਾ ਅਤੇ 2247 ਵਿੱਚ 'ਵਿਕਸਿਤ ਭਾਰਤ' ਵੱਲ ਪੈਂਡੇ ਦੀ ਪੁਸ਼ਟੀ ਕਰਨ ਦਾ ਅਹਿਮ ਪਲ ਸੀ।... ਡੂੰਘੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਇਸ ਇਤਿਹਾਸਕ ਮੌਕੇ ਨੂੰ ਗੁਆ ਲਿਆ ਹੈ।’’
ਧਨਖੜ ਨੇ ਕਿਹਾ ਕਿ ਇਹ ਮਹਿਜ਼ ਬਹਿਸ ਦਾ ਸਦਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਉਹ ਥਾਂ ਹੈ ਜਿੱਥੇ ਸਾਡੀ ਕੌਮੀ ਭਾਵਨਾ ਨੂੰ ਆਵਾਜ਼ ਮਿਲਦੀ ਹੈ ਅਤੇ ਜਿੱਥੇ ਸਾਡੇ ਮਹਾਨ ਰਾਸ਼ਟਰ ਦੀ ਕਿਸਮਤ ਬਣਦੀ ਹੈ। ਉਨ੍ਹਾਂ ਕਿਹਾ, "ਸੰਸਦੀ ਵਿਘਨ ਇੱਕ ਉਪਾਅ ਨਹੀਂ ਹੈ, ਸਗੋਂ ਇੱਕ ਬਿਮਾਰੀ ਹੈ ਜੋ ਸਾਡੇ ਲੋਕਤੰਤਰ ਦੀ ਬੁਨਿਆਦ ਨੂੰ ਕਮਜ਼ੋਰ ਕਰਦੀ ਹੈ। ਇਸ ਸਦਨ ਦੀ ਪਵਿੱਤਰਤਾ ਬਹਿਸ ਦੀ ਮੰਗ ਕਰਦੀ ਹੈ, ਨਾ ਕਿ ਮਤਭੇਦ; ਇਹ ਗੱਲਬਾਤ ਦੀ ਹਾਮੀ ਹੈ, ਨਾ ਕਿ ਵਿਘਨ ਦੀ।"
ਵਿਰੋਧ ਜਾਰੀ ਰਹਿਣ ਕਾਰਨ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਅਗਲੀ ਬੈਠਕ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਹੋਵੇਗੀ। -ਪੀਟੀਆਈ