ਐੱਲਪੀਜੀ ਟੈਂਕਰ ਦੀ ਟਰੱਕ ਨਾਲ ਟੱਕਰ; 11 ਹਲਾਕ
ਜੈਪੁਰ:
ਜੈਪੁਰ-ਅਜਮੇਰ ਕੌਮੀ ਮਾਰਗ ’ਤੇ ਅੱਜ ਐੱਲਪੀਜੀ ਨਾਲ ਭਰੇ ਟੈਂਕਰ ਦੀ ਟਰੱਕ ਨਾਲ ਟੱਕਰ ਮਗਰੋਂ ਲੱਗੀ ਅੱਗ ਦੀ ਲਪੇਟ ’ਚ ਤਕਰੀਬਨ 37 ਵਾਹਨ ਆ ਗਏ ਅਤੇ ਇਸ ਹਾਦਸੇ ’ਚ 11 ਜਣਿਆਂ ਦੀ ਮੌਤ ਹੋ ਗਈ। ਰਾਜਸਥਾਨ ਦੇ ਸਿਹਤ ਮੰਤਰੀ ਗਜੇਂਦਰ ਸਿੰਘ ਖਿਮਸਰ ਨੇ ਦੱਸਿਆ ਕਿ ਹਾਦਸੇ ’ਚ 35 ਤੋਂ ਵੱਧ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਅਤਿ ਗੰਭੀਰ ਹੈ। ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਪੰਜ-ਪੰਜ ਲੱਖ ਤੇ ਜ਼ਖ਼ਮੀਆਂ ਲਈ 1-1 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਜੈਪੁਰ ਪੁਲੀਸ ਦੇ ਕਮਿਸ਼ਨਰ ਬੀਜੂ ਜੌਰਜ ਜੌਸਫ ਨੇ ਦੱਸਿਆ ਕਿ ਹਾਦਸੇ ਕਾਰਨ ਐੱਲਪੀਜੀ ਟੈਂਕਰ ਦੀ ਨਾਲੀ ਟੁੁੱਟ ਗਈ ਤੇ ਗੈਸ ਰਿਸਣ ਕਾਰਨ ਅੱਗ ਲੱਗ ਗਈ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਸਕੂਲ ਦੇ ਸਾਹਮਣੇ ਵਾਪਰਿਆ। ਜ਼ਖ਼ਮੀਆਂ ਨੂੰ 25 ਐਂਬੂਲੈਂਸਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਐੱਸਐੱਮਐੱਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਦੀਪਕ ਮਹੇਸ਼ਵਰੀ ਨੇ ਦੱਸਿਆ ਕਿ ਇਸ ਹਾਦਸੇ ’ਚ 11 ਜਣਿਆਂ ਦੀ ਮੌਤ ਹੋ ਚੁੱਕੀ ਹੈ। ਜ਼ਖ਼ਮੀਆਂ ’ਚੋਂ ਕੁਝ ਜਣੇ ਵੈਂਟੀਲੇਟਰ ’ਤੇ ਹਨ। ਅਧਿਕਾਰੀਆਂ ਨੂੰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ। ਇਸੇ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਸਥਾਨ ਦੇ ਰਾਜਪਾਲ ਹਰੀਭਾਊ ਬਾਗੜੇ, ਮੁੱਖ ਮੰਤਰੀ ਭਜਨ ਲਾਲ ਸ਼ਰਮਾ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। -ਪੀਟੀਆਈ