For the best experience, open
https://m.punjabitribuneonline.com
on your mobile browser.
Advertisement

ਘੱਟ ਵੋਟਿੰਗ: ਲੋਕਾਂ ਨੇ ਨਹੀਂ ਦਿਖਾਈ ਚੋਣਾਂ ’ਚ ਦਿਲਚਸਪੀ

10:25 AM Jun 03, 2024 IST
ਘੱਟ ਵੋਟਿੰਗ  ਲੋਕਾਂ ਨੇ ਨਹੀਂ ਦਿਖਾਈ ਚੋਣਾਂ ’ਚ ਦਿਲਚਸਪੀ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜੂਨ
ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਵੋਟਾਂ ਦੌਰਾਨ ਵੋਟਰਾਂ ਨੇ ਕੁਝ ਵਿਸ਼ੇਸ਼ ਉਤਸ਼ਾਹ ਨਹੀਂ ਦਿਖਾਇਆ। ਇਸ ਤੋਂ ਜਾਪਦਾ ਹੈ ਕਿ ਲੋਕ ਸਿਆਸੀ ਧਿਰਾਂ ਦੇ ਖੋਖਲੇ ਵਾਅਦਿਆਂ ਅਤੇ ਭਰੋਸਿਆਂ ਤੋਂ ਖੁਸ਼ ਨਹੀਂ ਹਨ। ਅੰਮ੍ਰਿਤਸਰ ਹਲਕੇ ਵਿੱਚ ਸਿਰਫ਼ 56.06 ਫ਼ੀਸਦੀ ਵੋਟਾਂ ਪਈਆਂ ਹਨ।
ਅੰਮ੍ਰਿਤਸਰ ਹਲਕੇ ਵਿੱਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ, ਭਾਜਪਾ ਦੇ ਤਰਨਜੀਤ ਸੰਧੂ, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਵਿਚਾਲੇ ਚੌਤਰਫ਼ਾ ਮੁਕਾਬਲਾ ਸੀ। ਚੋਣ ਪ੍ਰਚਾਰ ਦੌਰਾਨ ਚਾਰੋਂ ਸਿਆਸੀ ਉਮੀਦਵਾਰਾਂ ਨੇ ਅੰਮ੍ਰਿਤਸਰ ਦਾ ਵਿਕਾਸ ਕਰਾਉਣ ਦਾ ਮੁੱਦਾ ਤਰਜੀਹੀ ਮੁੱਦਾ ਬਣਾਇਆ ਸੀ। ਇਸ ਤੋਂ ਇਲਾਵਾ ਨਸ਼ੇ ਦੀ ਸਮੱਸਿਆ ਖਤਮ ਕਰਨ, ਉਦਯੋਗ ਦੀ ਪੁਨਰ-ਸੁਰਜੀਤੀ, ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁੜ ਦੁਵੱਲਾ ਵਪਾਰ ਸ਼ੁਰੂ ਕਰਨ ਅਤੇ ਹੋਰ ਅਜਿਹੇ ਮੁੱਦਿਆਂ ’ਤੇ ਪ੍ਰਚਾਰ ਕੀਤਾ ਸੀ। ਦਰਅਸਲ, ਲੋਕ ਸਿਆਸੀ ਧਿਰਾਂ ਦੇ ਅਜਿਹੇ ਵਾਅਦਿਆਂ ਤੋਂ ਹੁਣ ਤੰਗ ਆ ਚੁੱਕੇ ਹਨ।
ਭਾਵੇਂ ਸਖ਼ਤ ਗਰਮੀ ਅਤੇ ਤੇਜ਼ ਧੁੱਪ ਵੀ ਘੱਟ ਮਤਦਾਨ ਦਾ ਇੱਕ ਕਾਰਨ ਹੈ, ਪਰ ਸਰਕਾਰਾਂ ਦੀ ਕਾਰਗੁਜ਼ਾਰੀ ਨਾਲ ਨਾਖ਼ੁਸ਼ੀ ਵੱਡਾ ਕਾਰਨ ਹੈ। ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਘੱਟ 48.10 ਫ਼ੀਸਦੀ ਮਤਦਾਨ ਹੋਇਆ ਹੈ। ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਵਿੱਚ 49.73 ਫ਼ੀਸਦੀ ਮਤਦਾਨ ਰਿਹਾ । ਸ਼ਹਿਰ ਤੇ ਮੁਕਾਬਲੇ ਦਿਹਾਤੀ ਖੇਤਰ ਵਿੱਚ ਮਤਦਾਨ ਦੀ ਫ਼ੀਸਦੀ ਵੱਧ ਰਹੀ ਹੈ। ਅਜਨਾਲਾ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ 66.03 ਫ਼ੀਸਦ , ਰਾਜਾਸਾਂਸੀ ਵਿਧਾਨ ਸਭਾ ਹਲਕੇ ਵਿੱਚ 63.54 ਅਤੇ ਮਜੀਠਾ ਵਿੱਚ 61. 31 ਫ਼ੀਸਦੀ ਮਤਦਾਨ ਹੋਇਆ।
ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਦੇ ਕਰਤਾਰ ਨਗਰ ਇਲਾਕੇ ਦੇ ਕੰਵਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਮੰਦਾ ਹਾਲ ਹੈ। ਪਾਣੀ ਵਿੱਚੋਂ ਸੀਵਰੇਜ ਦੀ ਬਦਬੂ ਆ ਰਹੀ ਹੈ। ਇਸ ਸਬੰਧੀ ਕਈ ਵਾਰ ਸਰਕਾਰੇ ਦਰਬਾਰੇ ਸ਼ਿਕਾਇਤ ਕੀਤੀ ਪਰ ਪਰਨਾਲਾ ਉਥੇ ਦਾ ਉਥੇ ਹੈ। ਇਹ ਇਲਾਕਾ ਕਦੇ ਟੈਕਸਟਾਈਲ ਸਨਅਤ ਦਾ ਗੜ੍ਹ ਸੀ, ਪਰ ਹੁਣ ਇੱਥੇ ਨਸ਼ਿਆਂ ਨੇ ਘਰ-ਘਰ ਪੈਰ ਪਸਾਰ ਲਏ ਹਨ। ਹੁਣ ਆਗੂ ਵੀ ਇਸ ਇਲਾਕੇ ਵਿੱਚ ਲੋਕਾਂ ਦੇ ਸਵਾਲਾਂ ਤੋਂ ਬਚਣ ਦਾ ਯਤਨ ਕਰਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਸਿਆਸੀ ਵਿਸ਼ਲੇਸ਼ਕ ਡਾ. ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਵੋਟਰਾਂ ਨੇ ਚੋਣਾਂ ਵਿੱਚ ਦਿਲਚਸਪੀ ਲੈਣੀ ਬੰਦ ਕਰ ਦਿੱਤੀ ਹੈ। ਕੋਈ ਵੀ ਸਿਆਸੀ ਆਗੂ ਲੋਕਾਂ ਦੇ ਅਸਲ ਮੁੱਦਿਆਂ ਨੂੰ ਨਹੀਂ ਉਭਾਰ ਰਿਹਾ। ਵਿਕਾਸ ਦਾ ਅਸਲ ਮਤਲਬ ਮਨੁੱਖਤਾ ਦਾ ਵਿਕਾਸ ਹੈ ,ਜਿੱਥੇ ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਹੋਵੇ , ਕਾਨੂੰਨ ਵਿਵਸਥਾ ਚੰਗੀ ਹੋਵੇ, ਸਿੱਖਿਆ ਅਤੇ ਸਿਹਤ ਸਹੂਲਤਾਂ ਚੰਗੀਆਂ ਹੋਣ। ਅਜਿਹਾ ਏਜੰਡਾ ਸਿਰਫ ਗੱਲਾਂ ਬਣ ਕੇ ਰਹਿ ਗਿਆ। ਪਹਿਲੀ ਵਾਰ ਵੋਟ ਪਾਉਣ ਵਾਲੀ ਗੁਰਲੀਨ ਕੌਰ ਨੇ ਆਖਿਆ ਕਿ ਉਸ ਨੇ ਇਕ ਵਧੀਆ ਸਮਾਜ, ਜਿੱਥੇ ਔਰਤਾਂ ਦਾ ਸਨਮਾਨ ਹੋਵੇ, ਔਰਤਾਂ ਦਾ ਸਸ਼ਕਤੀਕਰਨ ਕੀਤਾ ਜਾਵੇ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਵਧੀਆ ਮਿਲਣ ਦੇ ਮੁੱਦੇ ਨੂੰ ਲੈ ਕੇ ਵੋਟ ਪਾਈ । ਅਗਮਪ੍ਰੀਤ ਸਿੰਘ ਨੇ ਕਿਹਾ ਕਿ ਲੋਕ ਸਿਆਸੀ ਲੀਡਰਾਂ ਦੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ। ਸਿਆਸੀ ਪਾਰਟੀਆਂ ਦੇ ਉਮੀਦਵਾਰ ਅਤੇ ਆਗੂ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਨਹੀਂ ਦੇ ਰਹੇ।

Advertisement

Advertisement
Author Image

sukhwinder singh

View all posts

Advertisement
Advertisement
×