ਲੰਬੀ ਛਾਲ ਮੁਕਾਬਲੇ ਵਿੱਚ ਲਵਜੀਤ ਦੁੱਗਾਂ ਅੱਵਲ
ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 4 ਅਪਰੈਲ
ਪੁਲੀਸ ਦੀ ਚੌਥੀ ਐਂਟੀ ਡਰੱਗ ਅਵੇਅਰਨੈੱਸ ਕੰਪੇਨ ਤਹਿਤ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ਨੇ ਅਥਲੈਟਿਕ ਮੀਟ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਕਾਲਜ ਦੇ ਫਿਜੀਕਲ ਵਿਭਾਗ ਮੁਖੀ ਡਾਕਟਰ ਸੁਖਜੀਤ ਸਿੰਘ ਘੁਮਾਣ ਦੀ ਸੁਚੱਜੀ ਅਗਵਾਈ ਅਧੀਨ ਕਾਲਜ ਦੇ ਪੰਜ ਵਿਦਿਆਰਥੀਆਂ ਨੇ ਪੰਜਾਬ ਪੁਲੀਸ ਵੱਲੋਂ ਕਰਵਾਈ ਗਈ ਅਥਲੈਟਿਕਸ ਮੀਟ ਦੌਰਾਨ ਹੋਏ ਮੁਕਾਬਲਿਆਂ ਵਿੱਚ ਲਵਜੀਤ ਸਿੰਘ ਦੁੱਗਾਂ ਨੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ 5100 ਰੁਪਏ ਦਾ ਨਕਦ ਇਨਾਮ ਜਿੱਤਿਆ। ਹਰਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ 3100 ਰੁਪਏ ਦਾ ਇਨਾਮ ਹਾਸਲ ਕੀਤਾ। ਰਿਲੇਅ ਰੇਸ ਵਿੱਚ ਦੀਪ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕਰਕੇ 500 ਰੁਪਏ, ਹਰਮਨ ਸਿੰਘ ਨੇ ਸ਼ਾਟ ਪੁੱਟ ਵਿਚ ਛੇਵਾਂ ਸਥਾਨ ਪ੍ਰਾਪਤ ਕਰ ਕੇ 500 ਰੁਪਏ ਨਗਦ ਇਨਾਮ ਜਿੱਤਿਆ। ਇਨ੍ਹਾਂ ਖਿਡਾਰੀਆਂ ਨੂੰ ਇਹ ਇਨਾਮ ਰਾਸ਼ੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਨੇ ਪ੍ਰਦਾਨ ਕੀਤੀ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਅਕਾਲ ਡਿਗਰੀ ਕਾਲਜ ਦੇ ਸਮੂਹ ਸਟਾਫ ਨੇ ਪ੍ਰਿੰਸੀਪਲ ਤੇ ਫ਼ਿਜੀਕਲ ਵਿਭਾਗ ਦੇ ਮੁਖੀ ਡਾਕਟਰ ਸੁਖਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ।