Love Life: ‘ਪਿਆਰ’ ਪੱਖੋਂ ਬਹੁਤ ਘੱਟ ਸੰਤੁਸ਼ਟ ਨੇ ਭਾਰਤੀ, Valentine's Day ਤੋਂ ਪਹਿਲਾਂ ਜਾਰੀ ਸਰਵੇਖਣ ’ਚ ਦਾਅਵਾ
ਕੋਲੰਬੀਆ, ਥਾਈਲੈਂਡ, ਮੈਕਸਿਕੋ, ਇੰਡੋਨੇਸ਼ੀਆ ਦੇ ਲੋਕਾਂ ਦੀ ਆਪਣੀ ਜ਼ਿੰਦਗੀ ’ਚ ਪਿਆਰ ਪੱਖੋਂ ਸਭ ਤੋਂ ਵੱਧ ਸੰਤੁਸ਼ਟੀ; ਭਾਰਤ, ਦੱਖਣੀ ਕੋਰੀਆ ਤੇ ਜਪਾਨ ਇਸ ਪੱਖੋਂ ਸਭ ਤੋਂ ਫਾਡੀ ਮੁਲਕਾਂ ’ਚ ਸ਼ੁਮਾਰ
ਨਵੀਂ ਦਿੱਲੀ, 13 ਫਰਵਰੀ
'Love Life Satisfaction 2025' survey: ਵੈਲੇਨਟਾਈਨ ਡੇਅ (Valentine's Day) ਤੋਂ ਪਹਿਲਾਂ 30 ਮੁਲਕਾਂ ਵਿੱਚ ਕਰਨ ਪਿੱਛੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਆਲਮੀ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਾਸੀ ਆਪਣੇ ਪਿਆਰ ਜੀਵਨ ਤੋਂ ਸਭ ਤੋਂ ਘੱਟ ਸੰਤੁਸ਼ਟ ਮੁਲਕਾਂ ’ਚ ਸ਼ੁਮਾਰ ਹਨ।
‘ਲਵ ਲਾਈਫ ਸੰਤੁਸ਼ਟੀ 2025’ ('Love Life Satisfaction 2025') ਸਰਵੇਖਣ ਦੇ ਨਤੀਜੇ ਦਾਅਵਾ ਕਰਦੇ ਹਨ ਕਿ ਇਸ ਮਾਮਲੇ ਵਿਚ ਕੋਲੰਬੀਆ (82 ਫ਼ੀਸਦੀ), ਥਾਈਲੈਂਡ (81 ਫ਼ੀਸਦੀ), ਮੈਕਸਿਕੋ (81 ਫ਼ੀਸਦੀ), ਇੰਡੋਨੇਸ਼ੀਆ (81 ਫ਼ੀਸਦੀ) ਅਤੇ ਮਲੇਸ਼ੀਆ (79 ਫ਼ੀਸਦੀ) ਆਦਿ ਮੋਹਰੀ ਹਨ। ਦੂਜੇ ਪਾਸੇ ਭਾਰਤ 63 ਫ਼ੀਸਦੀ, ਦੱਖਣੀ ਕੋਰੀਆ 59 ਫ਼ੀਸਦੀ ਅਤੇ ਜਪਾਨ 56 ਫ਼ੀਸਦੀ ਨਾਲ ਇਸ ਪੱਖੋਂ ਸਭ ਤੋਂ ਫਾਡੀ ਸਨ ।
ਇਹ ਸਰਵੇ ਪ੍ਰਮੁੱਖ ਮਾਰਕੀਟ ਖੋਜ ਅਤੇ ਪੋਲਿੰਗ ਕੰਪਨੀ ਇਪਸੋਸ (Ipsos) ਵੱਲੋਂ 30 ਦੇਸ਼ਾਂ ਵਿੱਚ 23,765 ਬਾਲਗ਼ਾਂ ਉਤੇ ਕੀਤਾ ਗਿਆ। ਭਾਰਤ ਵਿੱਚ ਇਸ ਸਰਵੇਖਣ ਵਿਚ 2,000 ਤੋਂ ਵੱਧ ਬਾਲਗ਼ਾਂ ਨੂੰ ਸ਼ਾਮਲ ਕੀਤਾ ਗਿਆ।
ਇਸ ਸਬੰਧੀ ਇਕ ਬਿਆਨ ਵਿਚ ਇਪਸੋਸ ਯੂਯੂ ਅਤੇ ਸਿੰਥੇਸੀਓ, ਇੰਡੀਆ ਦੇ ਗਰੁੱਪ ਸਰਵਿਸ ਲਾਈਨ ਲੀਡਰ ਅਸ਼ਵਨੀ ਸਿਰਸੀਕਰ (Ashwini Sirsikar, group service line leader, Ipsos UU & Synthesio, Indi) ਨੇ ਕਿਹਾ, "ਭਾਰਤੀ ਜ਼ਿਆਦਾਤਰ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹਨ ਅਤੇ ਦੂਜੇ ਪਾਸੇ ਜਿਹੜੇ ਲੋਕ ਨਿਊਕਲੀਅਰ ਪਰਿਵਾਰਾਂ ਵਿੱਚ ਰਹਿੰਦੇ ਹਨ, ਉਨ੍ਹਾਂ ਕੋਲ ਪਰਿਵਾਰਕ ਜ਼ਿੰਮੇਵਾਰੀਆਂ ਦੀ ਭਰਮਾਰ ਹੁਦੀ ਹੈ ਅਤੇ ਨਾਲ ਹੀ ਕੰਮ ਦਾ ਦਬਾਅ, ਕਰੀਅਰ ਅਤੇ ਸਮਾਜਿਕ ਦਬਾਅ ਹੁੰਦਾ ਆਦਿ ਹੈ, ਜਿਸ ਕਾਰਨ ਰੋਮਾਂਸ, ਆਪਸੀ ਮੇਲਜੋਲ ਅਤੇ ਪਿਆਰ ਲਈ ਘੱਟ ਸਮਾਂ ਬਚਦਾ ਹੈ।"
ਸਰਵੇਖਣ ਮੁਤਾਬਕ 64 ਫ਼ੀਸਦੀ ਭਾਰਤੀਆਂ ਨੇ ਕਿਹਾ ਕਿ ਉਹ ਪਿਆਰ ਮਹਿਸੂਸ ਕਰਦੇ ਹਨ, ਪਰ ਸਿਰਫ 57 ਫ਼ੀਸਦੀ ਭਾਰਤੀਆਂ ਨੇ ਆਪਣੀ ਰੋਮਾਂਟਿਕ ਜ਼ਿੰਦਗੀ ’ਚ ਜਿਨਸੀ ਪੱਖੋਂ ਸੰਤੁਸ਼ਟ ਹੋਣ ਦੀ ਗੱਲ ਆਖੀ ਹੈੇ। ਹਾਲਾਂਕਿ ਲੱਭਤਾਂ ਦੇ ਅਨੁਸਾਰ ਵਧੇਰੇ ਭਾਰਤੀ (67 ਫ਼ੀਸਦੀ) ਆਪਣੇ ਜੀਵਨ ਸਾਥੀ ਨਾਲ ਆਪਸੀ ਰਿਸ਼ਤੇ ਤੋਂ ਸੰਤੁਸ਼ਟ ਪਾਏ ਗਏ ਹਨ।
"ਦਿਲਚਸਪ ਗੱਲ ਇਹ ਹੈ ਕਿ ਜਿਨਸੀ ਰਿਸ਼ਤਿਆਂ ਅਤੇ ਸਾਥੀ ਨਾਲ ਖੁਸ਼ੀ ਆਪਸ ਵਿਚ ਸਬੰਧਤ ਦੇਖੀ ਗਈ। ਜਿਹੜੇ ਦੇਸ਼ਾਂ ਵਿੱਚ ਲੋਕ ਆਪਣੇ ਸਾਥੀ ਨਾਲ ਸਬੰਧਾਂ ਤੋਂ ਵਧੇਰੇ ਸੰਤੁਸ਼ਟ ਹਨ, ਉਨ੍ਹਾਂ ਦੇ ਰੋਮਾਂਟਿਕ ਤੇ ਜਿਨਸੀ ਪੱਖ ਤੋਂ ਸੰਤੁਸ਼ਟ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।... ਪਰ ਕੁਝ ਮੁਲਕਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਸੀ, ਜਿਵੇਂ ਕਿ ਬਰਾਜ਼ੀਲ, ਦੱਖਣੀ ਕੋਰੀਆ ਅਤੇ ਭਾਰਤ ਵਿਚ ਲੋਕ ਆਪਣੇ ਰੋਮਾਂਟਿਕ ਤੇ ਜਿਨਸੀ ਪੱਖ ਤੋਂ ਸੰਤੁਸ਼ਟੀ ਦੇ ਪੱਧਰ ਦੇ ਮੁਕਾਬਲੇ ਆਪਣੇ ਸਾਥੀ ਤੋਂ ਘੱਟ ਸੰਤੁਸ਼ਟ ਹਨ।"
ਲੱਭਤਾਂ ਇਹ ਵੀ ਕਹਿੰਦੀਆਂ ਹਨ ਕਿ ਉੱਚ ਆਮਦਨ ਵਾਲੇ ਲੋਕਾਂ ਦੇ ਪਿਆਰ ਮਹਿਸੂਸ ਕਰਨ ਅਤੇ ਆਪਣੀ ਰੋਮਾਂਟਿਕ/ਜਿਨਸੀ ਜ਼ਿੰਦਗੀ ਤੋਂ ਖੁਸ਼ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਮਿਸਾਲ ਵਜੋਂ ਸਰਵੇਖਣ ਆਖਦਾ ਹੈ ਕਿ "30 ਦੇਸ਼ਾਂ ਵਿੱਚ ਉੱਚ ਆਮਦਨ ਵਾਲੇ 83 ਫ਼ੀਸਦੀ ਲੋਕ ਕਹਿੰਦੇ ਹਨ ਕਿ ਉਹ ਆਪਣੀ ਜ਼ਿੰਦਗੀ ਵਿੱਚ ਪਿਆਰ ਪੱਖੋਂ ਸੰਤੁਸ਼ਟ ਹਨ, ਜਦੋਂ ਕਿ ਦਰਮਿਆਨੀ ਆਮਦਨ ਵਾਲੇ ਲੋਕਾਂ ਵਿੱਚੋਂ 76 ਫ਼ੀਸਦੀ ਅਤੇ ਘੱਟ ਆਮਦਨ ਵਾਲੇ ਲੋਕਾਂ ਵਿੱਚੋਂ 69 ਫ਼ੀਸਦੀ ਹੀ ਅਜਿਹਾ ਮਹਿਸੂਸ ਕਰਦੇ ਹਨ"। ਪੀਟੀਆਈ